ਯੂਥ ਕਾਂਗਰਸੀਆਂ ਵਲੋਂ ਬਜਟ ਦਾ ਵਿਰੋਧ, ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
Monday, Feb 05, 2018 - 05:54 AM (IST)

ਮੱਲ੍ਹੀਆਂ ਕਲਾਂ, (ਟੁੱਟ)- ਮੱਲ੍ਹੀਆਂ ਕਲਾਂ 'ਚ ਦੁਪਹਿਰ ਬਾਅਦ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਨਕੋਦਰ ਦੇ ਪ੍ਰਧਾਨ ਭਵਨੇਸ਼ ਕੰਡਾ ਦੀ ਯੋਗ ਅਗਵਾਈ ਵਿਚ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦਾ ਵਿਰੋਧ ਕੀਤਾ ਗਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਰੁਣ ਜੇਤਲੀ ਖਿਲਾਫ ਸਖਤ ਕਾਰਵਾਈ ਕਰਦਿਆਂ ਸੈਂਕੜੇ ਨੌਜਵਾਨਾਂ ਨੇ ਨਾਅਰੇਬਾਜ਼ੀ ਕਰ ਕੇ ਰੋਸ ਜ਼ਾਹਿਰ ਕੀਤਾ। ਕਾਂਗਰਸੀਆਂ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ। ਇਸ ਸਮੇਂ ਭਵਨੇਸ਼ ਕੰਡਾ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਤਕੀਂ ਪੇਸ਼ ਕੀਤਾ ਗਿਆ ਬਜਟ ਲੋਕ ਮਾਰੂ ਹੈ। ਇਸ ਵਾਰ ਬਜਟ ਨੂੰ ਨਾਂਹ-ਪੱਖੀ ਹੀ ਹੁੰਗਾਰਾ ਮਿਲ ਰਿਹਾ ਹੈ। ਕੰਡਾ ਨੇ ਦੇਸ਼ 'ਚ ਤੇਜ਼ੀ ਨਾਲ ਵਧ ਰਹੀਆਂ ਡੀਜ਼ਲ, ਪੈਟਰੋਲ ਤੇ ਹੋਰ ਕੀਮਤਾਂ 'ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ। ਪ੍ਰਧਾਨ ਮੰਤਰੀ ਦੇ ਕਾਲੇ ਧਨ ਨੂੰ ਵਾਪਸ ਲਿਆਉਣ ਦੇ ਵਾਅਦੇ ਨੂੰ ਝੂਠਾ ਦੱਸਿਆ। ਇਸ ਮੌਕੇ ਬਲਾਕ ਯੂਥ ਕਾਂਗਰਸ ਨਕੋਦਰ ਦੇ ਪ੍ਰਧਾਨ ਪ੍ਰਭਜੋਤ ਸਿੰਘ ਸੰਘਾ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਜ਼ਿਲਾ ਦਿਹਾਤੀ ਮੀਤ ਪ੍ਰਧਾਨ ਅਮਰਜੀਤ ਸਿੰਘ ਮਠਾੜੂ, ਦੀਨਾ ਨਾਥ, ਬਲਰਾਜ ਕੰਡਾ, ਅਵਤਾਰ ਸਿੰਘ ਮੱਲ੍ਹੀ, ਗਗਨ ਔਜਲਾ, ਰਜਨੀਸ਼ ਗੌਤਮ, ਮਨਿੰਦਰ ਸਿੰਘ ਤੇ ਰੇਸ਼ਮ ਸਿੰਘ ਆਦਿ ਆਗੂ ਹਾਜ਼ਰ ਸਨ।