ਮਾਂ ਦੀ ਮੌਤ ਮਗਰੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਨੌਜਵਾਨ ਨੇ ਲਿਆ ਫ਼ਾਹਾ

Monday, Aug 05, 2024 - 11:27 AM (IST)

ਮਾਂ ਦੀ ਮੌਤ ਮਗਰੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਨੌਜਵਾਨ ਨੇ ਲਿਆ ਫ਼ਾਹਾ

ਪਠਾਨਕੋਟ (ਸ਼ਾਰਦਾ) : ਵਿਸ਼ਵਕਰਮਾ ਨਗਰ ਸਥਿਤ ਇਕ ਨੌਜਵਾਨ ਵੱਲੋਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਜਾਣਕਾਰੀ ਅਨੁਸਾਰ 29 ਸਾਲਾ ਸਾਹਿਲ ਸੱਭਰਵਾਲ ਦੇ ਭਰਾ ਕ੍ਰਿਸ਼ਣਾ ਸੱਭਰਵਾਲ ਨੇ ਦੱਸਿਆ ਕਿ ਉਸ ਦੀ ਮਾਂ ਆਸ਼ਾ ਰਾਣੀ ਦੀ 8 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਭਰਾ ਆਪਣੇ ਪਿਤਾ ਦੇ ਨਾਲ ਲਮੀਨੀ ਵਿੱਚ ਰਹਿੰਦਾ ਸੀ, ਜਦੋਂਕਿ ਉਹ ਖ਼ੁਦ ਵੱਖਰੇ ਮਕਾਨ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਹੈ।

ਕ੍ਰਿਸ਼ਨਾ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਪਿਤਾ ਯਸ਼ਪਾਲ ਉਸ ਦੇ ਘਰ ਆਏ ਹੋਏ ਸਨ ਅਤੇ ਉਨ੍ਹਾਂ ਨੇ ਆਪਣੇ ਛੋਟੇ ਭਰਾ ਨੂੰ ਵੀ ਫੋਨ ਕੀਤਾ ਕਿ ਉਹ ਕਿਉਂ ਨਹੀਂ ਆਇਆ ਪਰ ਉਸ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮਾਂ ਦੀ ਮੌਤ ਦੇ ਬਾਅਦ ਸਾਹਿਲ ਮਾਨਸਿਕ ਤੌਰ ’ਤੇ ਕਾਫ਼ੀ ਪਰੇਸ਼ਾਨ ਰਹਿ ਰਿਹਾ ਸੀ ਕਿਉਂਕਿ ਉਸ ਦਾ ਆਪਣੀ ਮਾਂ ਨਾਲ ਬਹੁਤ ਲਗਾਅ ਸੀ। ਸਵੇਰੇ 6 ਵਜੇ ਦੇ ਕਰੀਬ ਉਨ੍ਹਾਂ ਦੇ ਗੁਆਂਢੀ ਦਾ ਫੋਨ ਆਇਆ ਕਿ ਉਸ ਦਾ ਭਰਾ ਸਾਹਿਲ ਸੱਭਰਵਾਲ ਲਟਕਿਆ ਪਿਆ ਹੈ।

 ਜਦੋਂ ਉਹ ਆਪਣੇ ਘਰ ਵਾਪਸ ਆਇਆ ਤਾਂ ਦੇਖਿਆ ਕਿ ਮੁੱਖ ਦਰਵਾਜ਼ਾ ਬੰਦ ਸੀ ਅਤੇ ਉਨ੍ਹਾਂ ਨੇ ਦਰਵਾਜ਼ਾ ਤੋੜ ਕੇ ਮੁਹੱਲਾ ਵਾਸੀਆਂ ਦੀ ਮਦਦ ਨਾਲ ਸਾਹਿਲ ਨੂੰ ਹੇਠਾਂ ਲਾਹਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਸਾਹਿਲ ਨੇ 2 ਦਿਨ ਪਹਿਲਾਂ ਹੀ ਆਪਣੀ ਮਾਂ ਦਾ ਟੈਟੂ ਆਪਣੀ ਬਾਂਹ ’ਤੇ ਬਣਵਾਇਆ ਸੀ। ਉੱਥੇ ਹੀ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ।
 


author

Babita

Content Editor

Related News