ਕੈਂਬਵਾਲਾ ਤੋਂ ਬੱਚੀ ਨੂੰ ਅਗਵਾ ਕਰਨ ਵਾਲਾ ਟੈਕਸੀ ਡਰਾਈਵਰ ਕਾਬੂ

06/27/2024 12:13:56 PM

ਚੰਡੀਗੜ੍ਹ (ਸੁਸ਼ੀਲ) : ਕੈਂਬਵਾਲਾ ਦੇ ਗੁੱਗਾ ਮਾੜੀ ਨੇੜੇ ਖੇਡ ਰਹੀ 6 ਸਾਲਾ ਬੱਚੀ ਨੂੰ ਅਗਵਾ ਕਰਨ ਵਾਲਾ ਟੈਕਸੀ ਡਰਾਈਵਰ ਪੁਲਸ ਨੇ ਕਾਬੂ ਕਰ ਲਿਆ ਹੈ। ਮੰਗਲਵਾਰ ਨੂੰ ਮੋਟਰਸਾਈਕਲ ਸਵਾਰ ਨੌਜਵਾਨ ਬੱਚੀ ਨੂੰ ਅਗਵਾ ਕਰ ਕੇ ਜੰਗਲ ਵੱਲ ਲਿਜਾ ਰਿਹਾ ਸੀ। ਜਦੋਂ ਉਹ ਖੁੱਡਾ ਅਲੀਸ਼ੇਰ ਤੋਂ ਪੀ. ਜੀ. ਆਈ. ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ਲੋਹੇ ਦੀ ਤਾਰ ’ਚ ਫਸ ਗਿਆ ਅਤੇ ਬੱਚੀ ਨੂੰ ਸੱਟ ਲੱਗ ਗਈ। ਉਹ ਬੱਚੀ ਨੂੰ ਛੱਡ ਕੇ ਫ਼ਰਾਰ ਹੋ ਗਿਆ। ਬੱਚੀ ਨੂੰ ਲੋਕਾਂ ਨੇ ਘਰ ਛੱਡਿਆ ਤਾਂ ਪਿਤਾ ਨੂੰ ਸਾਰੀ ਜਾਣਕਾਰੀ ਦਿੱਤੀ।

ਪਿਤਾ ਵਿਨੋਦ ਕੁਮਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਅਗਵਾ ਕਰਨ ਵਾਲੇ ਮੁਲਜ਼ਮ ਡੱਡੂਮਾਜਰਾ ਵਾਸੀ ਰੋਹਿਤ ਨੂੰ ਕਾਬੂ ਕਰ ਲਿਆ। ਉਹ ਸੈਕਟਰ-10 ਸਥਿਤ ਟੈਕਸੀ ਸਟੈਂਡ ’ਤੇ ਡਰਾਈਵਰ ਦੀ ਨੌਕਰੀ ਕਰਦਾ ਹੈ। ਥਾਣਾ ਪੁਲਸ ਨੇ ਉਸ ਦਾ ਮੋਟਰਸਾਈਕਲ ਜ਼ਬਤ ਕਰ ਕੇ ਅਗਵਾ ਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਉਸ ਨੂੰ ਵੀਰਵਾਰ ਜ਼ਿਲਾ ਅਦਾਲਤ ’ਚ ਪੇਸ਼ ਕਰੇਗੀ।

ਬੱਚੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਥਾਣਾ ਪੁਲਸ ਨੇ ਮੁਲਜ਼ਮ ਖ਼ਿਲਾਫ਼ ਅਗਵਾ ਕਰਨ ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਫੜ੍ਹਨ ਲਈ ਵਿਸ਼ੇਸ਼ ਟੀਮ ਬਣਾਈ। ਥਾਣਾ ਇੰਚਾਰਜ ਨਰਿੰਦਰ ਪਟਿਆਲ ਨੇ ਮੁਲਜ਼ਮ ਨੂੰ ਫੜ੍ਹਨ ਲਈ ਡੱਡੂਮਾਜਰਾ ’ਚ ਤਲਾਸ਼ੀ ਮੁਹਿੰਮ ਚਲਾਈ। ਬੁੱਧਵਾਰ ਤੜਕੇ ਪੁਲਸ ਟੀਮ ਨੇ ਮੁਲਜ਼ਮ ਨੂੰ ਘਰ ਦੀ ਛੱਤ ’ਤੇ ਸੁੱਤੇ ਪਏ ਨੂੰ ਫੜ੍ਹ ਲਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਸ ਖ਼ਿਲਾਫ਼ ਪਹਿਲਾਂ ਵੀ ਬੱਚੀਆਂ ਨਾਲ ਛੇੜਛਾੜ ਦੇ ਮਾਮਲੇ ਦਰਜ ਹਨ।


Babita

Content Editor

Related News