ਯੂਥ ਅਕਾਲੀ ਦਲ ਦੀ ਜ਼ਿਲਾ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਦਲ ''ਚ ਘਮਾਸਾਨ
Wednesday, Jan 16, 2019 - 10:35 AM (IST)
ਜਲੰਧਰ (ਬੁਲੰਦ)— ਯੂਥ ਅਕਾਲੀ ਦਲ ਦੀ ਜਲੰਧਰ ਦੀ ਪ੍ਰਧਾਨਗੀ ਨੂੰ ਲੈ ਕੇ ਸ਼ਹਿਰ ਦੀ ਅਕਾਲੀ ਰਾਜਨੀਤੀ ਵਿਚ ਘਮਾਸਾਨ ਮਚਿਆ ਹੋਇਆ ਹੈ। ਇਸ ਪ੍ਰਧਾਨਗੀ ਦੀ ਦੌੜ ਵਿਚ ਅੱਧੀ ਦਰਜਨ ਦੇ ਕਰੀਬ ਨੌਜਵਾਨ ਅਕਾਲੀ ਆਗੂ ਮੈਦਾਨ ਵਿਚ ਉਤਰੇ ਹੋਏ ਹਨ। ਪਾਰਟੀ ਹਾਈਕਮਾਨ ਲਈ ਸ਼ੁਰੂ ਤੋਂ ਹੀ ਜਲੰਧਰ ਸ਼ਹਿਰ ਸਿਰਦਰਦੀ ਬਣਿਆ ਰਿਹਾ ਹੈ ਤੇ ਯੂਥ ਪ੍ਰਧਾਨਗੀ ਨੂੰ ਲੈ ਕੇ ਇਕ ਵਾਰ ਫਿਰ ਪਾਰਟੀ ਹਾਈਕਮਾਨ ਦੀ ਪ੍ਰੇਸ਼ਾਨੀ ਜਲੰਧਰ ਦੀ ਧੜੇਬਾਜ਼ੀ ਨੇ ਵਧਾ ਦਿੱਤੀ ਹੈ। ਪਿਛਲੀ ਵਾਰ ਜਲੰਧਰ ਵਿਚ ਯੂਥ ਅਕਾਲੀ ਦਲ ਵਲੋਂ 2 ਯੂਥ ਪ੍ਰਧਾਨ ਬਣਾਏ ਗਏ ਸਨ, ਜਿਨ੍ਹਾਂ ਵਿਚ ਸਰਬਜੀਤ ਮੱਕੜ ਗੁੱਟ ਦੇ ਸੁਖਮਿੰਦਰ ਸਿੰਘ ਰਾਜਪਾਲ ਅਤੇ ਬਲਜੀਤ ਸਿੰਘ ਨੀਲਾਮਹਿਲ ਗੁੱਟ ਦੇ ਚਰਨਜੀਤ ਸਿੰਘ ਮਿੰਟਾ ਸ਼ਾਮਲ ਸਨ ਪਰ ਤਾਜ਼ੀ ਜਾਣਕਾਰੀ ਅਨੁਸਾਰ ਇਸ ਵਾਰ ਪਾਰਟੀ ਜਲੰਧਰ ਲਈ ਇਕ ਹੀ ਪਾਰਟੀ ਪ੍ਰਧਾਨ ਬਣਾਉਣ ਦਾ ਮੂਡ ਬਣਾ ਰਹੀ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਵਿਚ ਇਸ ਵਾਰ ਯੂਥ ਅਕਾਲੀ ਦਲ ਵਿਚ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਦੀ ਮੰਗ ਜ਼ੋਰ ਫੜ ਚੁੱਕੀ ਹੈ। ਰਾਜਪਾਲ ਤੇ ਮਿੰਟਾ ਤੋਂ ਇਲਾਵਾ ਇਸ ਵਾਰ ਜਿਨ੍ਹਾਂ ਨੌਜਵਾਨਾਂ ਦਾ ਨਾਂ ਪ੍ਰਧਾਨਗੀ ਦੀ ਦੌੜ ਵਿਚ ਅੱਗੇ ਚੱਲ ਰਿਹਾ ਹੈ। ਉਨ੍ਹਾਂ ਵਿਚ ਗੋਲਡੀ ਭਾਟੀਆ, ਗਗਨਦੀਪ ਸਿੰਘ ਨਾਗੀ ਤੇ ਰਾਜਦੀਪ ਸਿੰਘ ਸ਼ੰਟੀ ਦੇ ਨਾਂ ਸ਼ਾਮਲ ਹਨ।
ਇਸ ਵਾਰ ਪਾਰਟੀ ਵਲੋਂ ਜਲੰਧਰ ਸ਼ਹਿਰ ਯੂਥ ਪ੍ਰਧਾਨ ਲਈ ਗੈਰ-ਸਿੱਖ ਨੂੰ ਮੌਕਾ ਦੇਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਹਿੰਦੂ ਵਰਕਰਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਇਸ ਦੌੜ ਵਿਚ ਸਭ ਤੋਂ ਅੱਗੇ ਅਮਿਤ ਮੈਣੀ ਦਾ ਨਾਂ ਚੱਲ ਰਿਹਾ ਹੈ।