ਅਕਾਲੀਆਂ ਦਾ ਅਨੋਖਾ ਪ੍ਰਦਰਸ਼ਨ, ਕਾਂਗਰਸੀ ਵਿਧਾਇਕ ਨੂੰ ਪਾਇਆ ਵਖਤ
Friday, Aug 23, 2019 - 12:28 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿਚ ਬੀਤੇ ਇਕ ਹਫਤੇ ਤੋਂ ਗੰਦੇ ਨਾਲੇ ਦਾ ਪਾਣੀ ਇਕੱਠਾ ਹੋਇਆ ਸੀ, ਜਿਸ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਕਾਲੀ ਆਗੂਆਂ ਨੇ ਬਾਲਟੀਆਂ ਰਾਹੀਂ ਗੰਦਾ ਪਾਣੀ ਇਕੱਠਾ ਕਰਕੇ ਇਲਾਕੇ ਦੇ ਵਿਧਾਇਕ ਰਾਕੇਸ਼ ਪਾਂਡੇ ਦੇ ਦਫ਼ਤਰ ਦੇ ਬਾਹਰ ਸੁੱਟ ਦਿੱਤਾ। ਇਸ ਦੌਰਾਨ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਇਹ ਇਕ ਵੱਡੀ ਸਮੱਸਿਆ ਹੈ ਅਤੇ ਇਸ ਦਾ ਹੱਲ ਕਰਨਾ ਚਾਹੀਦਾ ਹੈ ਨਾ ਕਿ ਸਿਆਸਤ।
ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਇਲਾਕੇ ਦੇ ਵਿਧਾਇਕ ਇਸ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਲੋਕਾਂ ਨੂੰ ਗਾਲਾਂ ਕੱਢ ਕੇ ਭਜਾ ਰਹੇ ਹਨ ਜੋ ਕਿ ਮੰਦਭਾਗਾ ਹੈ। ਉਧਰ ਰਾਕੇਸ਼ ਪਾਂਡੇ ਨੇ ਕਿਹਾ ਕਿ ਇਹ ਵੱਡੀ ਸਮੱਸਿਆ ਹੈ ਇਸ ਦੇ ਹੱਲ ਲਈ ਨਗਰ ਨਿਗਮ ਅਤੇ ਸਰਕਾਰ ਜੁਟੀ ਹੋਈ ਹੈ ਪਰ ਮੁਜ਼ਾਹਰੇ ਕਰਨ ਅਤੇ ਧਰਨੇ ਲਾਉਣ ਨਾਲ ਇਸਦਾ ਹੱਲ ਨਹੀਂ ਹੋਵੇਗਾ, ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ 'ਤੇ ਜਾਣਬੁੱਝ ਕੇ ਸਿਆਸਤ ਕਰ ਰਿਹਾ ਹੈ।