ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
Saturday, May 16, 2020 - 12:48 AM (IST)
ਲੁਧਿਆਣਾ, (ਜ.ਬ)— ਪਿੰਡ ਭੱਟੀਆਂ ਦੀ ਗਗਨਦੀਪ ਕਲੋਨੀ ਦੇ 28 ਸਾਲਾ ਨੌਜਵਾਨ ਦੀ ਸ਼ੁੱਕਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਉਹ ਨਸ਼ਾ ਕਿੱਥੋਂ ਲਿਆਉਂਦਾ ਸੀ ਇਸ ਦੀ ਜਾਣਕਾਰੀ ਪੂਰੇ ਇਲਾਕੇ ਨੂੰ ਹੈ ਤੇ ਪੁਲਸ ਨੂੰ ਨਹੀਂ।
ਇਸ ਤਰ੍ਹਾਂ ਨਹੀਂ ਕਿ ਪੁਲਸ ਨੂੰ ਕੁਝ ਪਤਾ ਨਹੀਂ। ਗ੍ਰਾਮ ਪੰਚਾਇਤ ਨੇ ਪੁਲਸ ਨੂੰ ਲਿਖਤੀ ਰੂਪ 'ਚ ਨਸ਼ਾ ਸਮੱਗਲਰਾਂ ਦੀ ਜਾਣਕਾਰੀ ਦਿੱਤੀ ਪਰ ਕੁਝ ਨਹੀਂ ਹੋਇਆ। ਇਸ ਮਾਮਲੇ 'ਚ ਦਾਲ 'ਚ ਕੁਝ ਕਾਲਾ ਹੈ ਜਾਂ ਪੂਰੀ ਦਾਲ ਕਾਲੀ ਉੱਚ ਅਧਿਕਾਰੀਆਂ ਨੇ ਸਪੱਸ਼ਟ ਨਹੀਂ ਕੀਤਾ। ਨਸ਼ਾ ਗਿਰੋਹ ਦੇ ਪਿਛੇ ਕੌਣ ਕਿਸ ਨੂੰ ਮਾਲਾ ਮਾਲ ਕਰ ਰਿਹਾ ਹੈ। ਇਹ ਗੱਲ ਵੀ ਹੁਣ ਤਕ ਦੱਬੀ ਹੋਈ ਹੈ। ਥਾਣਾ ਪੁਲਸ ਦੀ ਇਕ ਰੱਟ ਲਾਈ ਹੋਈ ਹੈ ਕਿ ਜਦ ਉਹ ਜਾਂਦੀ ਹੈ ਤਾਂ ਸਮੱਗਲਰ ਨਹੀਂ ਹੁੰਦੇ। ਇਲਾਕੇ 'ਚ ਰਹਿਣ ਵਾਲੇ ਕੁਝ ਪਰਿਵਾਰਾਂ ਨੇ ਖੁੱਲ੍ਹ ਕੇ ਕਿਹਾ ਪੁਲਸ ਵਲੋਂ ਨਸ਼ਾ ਸਮੱਗਲਰਾਂ ਨੂੰ ਫੜਨਾ ਤਾਂ ਦੂਰ ਜਦ ਉਹ ਲੋਕ ਦੋਸ਼ੀਆਂ ਨੂੰ ਫੜਾਉਂਦੇ ਹਨ ਤਾਂ ਪੁਲਸ ਬਿਨਾਂ ਕਾਰਵਾਈ ਕੀਤੇ ਛੱਡ ਦਿੰਦੀ ਹੈ, ਜਿਸ ਘਰ 'ਚ ਨੌਜਵਾਨ ਦੀ ਮੌਤ ਹੋਈ ਹੈ। ਉਸ ਤੋਂ ਕੁਝ ਦੂਰੀ 'ਤੇ ਇਕ ਜੋੜਾ ਖੁਲ੍ਹੇਆਮ ਨਸ਼ਾ ਵੇਚਦਾ ਹੈ। ਜਿੱਥੇ ਨਸ਼ੇੜੀਆਂ ਦਾ ਆਉਣਾ-ਜਾਣਾ ਹੈ। ਕਈ ਵਾਰ ਲੋਕਾਂ ਨੇ ਵਿਰੋਧ ਕੀਤਾ ਪਰ ਰਾਜਨਿਤਕ ਦਬਾਅ ਕਰਨ ਪੁਲਸ ਦੀਆਂ ਨਜ਼ਰਾਂ 'ਚ ਸਭ ਕੁਝ ਠੀਕ-ਠਾਕ ਹੈ। ਜਿਸ ਕਾਰਨ ਉੱਚ ਅਧਿਕਾਰੀਆਂ ਦੀ ਕਾਰਜਸ਼ੈਲੀ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ।
ਇਕ ਸਾਲ 'ਚ ਦਰਜਨਾਂ ਨੌਜਵਾਨ ਮਾਰੇ ਗਏ
ਇਲਾਕਾ ਨਿਵਾਸੀਆਂ ਦੇ ਨਿਸ਼ਾਨੇ 'ਤੇ ਲੁਧਿਆਣਾ ਕਮਿਸ਼ਨਰੇਟ ਇਸ ਲਈ ਹੈ ਕਿ ਇਲਾਕੇ 'ਚ ਨਸ਼ੇ ਦੇ ਕਾਰਨ ਦਰਜਨਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਥਾਣਾ ਸਲੇਮ ਟਾਬਰੀ ਪੁਲਸ ਸਮੱਗਲਰਾਂ ਨੂੰ ਫੜਨ 'ਚ ਸਫਲ ਕਿਉਂ ਨਹੀਂ ਹੋ ਰਹੀ।
ਗੁਪਤ ਅੰਗ ਦੀਆਂ ਨਸਾ 'ਚ ਲੱਗਦਾ ਹੈ ਇੰਜੈਕਸ਼ਨ
ਇਕ ਭਰੇ ਪਰਿਵਾਰ 'ਚੋਂ ਜਵਾਨ ਬੇਟੇ ਦੀ ਮੌਤ ਹੋ ਗਈ। ਕਿਸੇ ਨੂੰ ਅਹਿਸਾਸ ਨਹੀਂ ਸੀ ਕਿ ਇੰਨੀ ਜਲਦੀ ਹੋ ਜਾਵੇਗਾ। 28 ਸਾਲਾ ਰਿੰਕੂ ਆਪਣੇ ਪਿੱਛੇ ਮਾਤਾ-ਪਿਤਾ, 3 ਭੈਣਾਂ ਤੇ ਇਕ ਛੋਟਾ ਭਰਾ ਛੱਡ ਗਿਆ ਹੈ। ਮਾਤਾ-ਪਿਤਾ ਦਾ ਸਹਾਰਾ ਬਣਨ ਵਾਲਾ ਇਹ ਨੌਜਵਾਨ ਦੁਪਹਿਰ ਬਾਥਰੂਮ 'ਚ ਗਿਆ, ਜਿੱਥੇ ਇੰਜੈਕਸ਼ਨ ਲਗਾ ਕੇ ਬਾਹਰ ਆਇਆ ਤਾਂ ਬਰਾਂਡੇ 'ਚ ਡਿੱਗ ਪਿਆ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰ ਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਹੌਲੀ-ਹੌਲੀ ਆਪਣੇ ਬੇਟੇ ਨੂੰ ਮੌਤ ਵੱਲ ਜਾਂਦੇ ਦੇਖ ਰਹੇ ਸਨ ਪਰ ਕੁਝ ਨਹੀਂ ਕਰ ਸਕੇ। ਕੁਝ ਦਿਨ ਪਹਿਲਾਂ ਹੀ ਜੋੜੇ ਦੇ ਘਰ ਗਏ, ਜਿੱਥੇ ਖੁਲ੍ਹੇਆਮ ਨਸ਼ਾ ਵਿਕ ਰਿਹਾ ਸੀ, ਜਿੱਥੇ ਜਾ ਕੇ ਵਿਰੋਧ ਕੀਤਾ ਪਰ ਉਹ ਨਹੀਂ ਰੁਕਿਆ। ਲੋਕਾਂ ਦਾ ਕਹਿਣਾ ਹੈ ਕਿ 2 ਦਰਜਨ ਲਗਭਗ ਨੌਜਵਾਨ ਜੋੜੇ ਦੇ ਘਰ 'ਚ ਆਉਂਦੇ-ਜਾਂਦੇ ਹਨ ਕਈਆਂ ਨੇ ਆਪਣੇ ਘਰ ਦਾ ਸਾਮਾਨ ਗਿਰਵੀ ਰੱਖ ਕੇ ਨਸ਼ੇ ਦੀਆਂ ਗੋਲੀਆਂ ਪ੍ਰਾਪਤ ਕੀਤੀਆਂ ਹਨ। ਮ੍ਰਿਤਕ ਦੇ ਮਾਮਾ ਨੇ ਦੱਸਿਆ ਕਿ ਰਿੰਕੂ ਦੀ ਲਾਸ਼ ਕੋਲ ਇੰਜੈਕਸ਼ਨ ਅਤੇ ਗੋਲੀਆਂ ਮਿਲੀਆਂ ਸਨ। ਜੋ ਪੁਲਸ ਆਪਣੇ ਨਾਲ ਲੈ ਗਈ।
ਉੱਚ ਅਧਿਕਾਰੀਆਂ ਤੋਂ ਨਸ਼ਾ ਮੁਕਤ ਇਲਾਕਾ ਕਰਨ ਦੀ ਮੰਗ
ਇਲਾਕੇ ਦੇ ਪੰਨਾ ਲਾਲ, ਪੰਚ ਬੋਤਲ ਸਿੰਘ, ਕਿਰਨ ਬਾਲਾ, ਸੁਰਜੀਤ ਸਿੰਘ, ਬਲਵੀਰ ਰਾਮ, ਕੁਲਵਿੰਦਰ ਕੌਰ ਆਦਿ ਨੇ ਪੁਲਸ ਉੱਚ ਅਧਿਕਾਰੀਆਂ ਤੋਂ ਇਲਾਕੇ ਨੂੰ ਨਸ਼ਾ ਮੁਕਤ ਕਰਵਾਉਣ ਦੀ ਮੰਗ ਕੀਤੀ ਹੈ। ਥਾਣਾ ਸਲੇਮ ਟਾਬਰੀ ਜਾਂਚ ਅਧਿਕਾਰੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਲਾਕੇ 'ਚ ਨਸ਼ਾ ਸਮੱਗਲਿੰਗ ਦੀਆਂ ਜਿੱਥੇ-ਜਿੱਥੇ ਵੀ ਸ਼ਿਕਾਇਤਾਂ ਆਈਆਂ ਹਨ। ਪੁਲਸ ਨੇ ਉਸ 'ਤੇ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਪਰ ਕੁਝ ਦੇਰ ਬਾਅਦ ਜ਼ਮਾਨਤ ਕਰਵਾ ਕੇ ਫਿਰ ਨਿਕਲ ਆਉਂਦੇ ਹਨ, ਸੁਧਰਨ ਦਾ ਨਾਮ ਨਹੀਂ ਲੈਂਦੇ।