ਕਣਕ ਬੀਜਣ ਸਮੇਂ ਰੋਟਾਵੇਟਰ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

10/30/2019 11:56:33 PM

ਗੁਰਾਇਆ: ਸ਼ਹਿਰ ਦੇ ਨੇੜਲੇ ਪਿੰਡ ਢੰਡਾ ਵਿਖੇ ਬੁੱਧਵਾਰ ਨੂੰ ਇਕ ਭਿਆਨਕ ਹਾਦਸੇ 'ਚ 19 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬਾਰ੍ਹਵੀਂ ਜਮਾਤ ਵਿਚ ਪੜ੍ਹਨ ਵਾਲਾ ਵਿਦਿਆਰਥੀ ਅਮ੍ਰਿਤਪਾਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਢੰਡਾ ਨੇ ਸਕੂਲ ਤੋਂ ਛੁੱਟੀ ਕੀਤੀ ਸੀ ਤੇ ਪਿੰਡ ਦੇ ਹੀ ਆਪਣੇ ਦੋਸਤ ਅਮਨਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਨਾਲ ਉਸ ਦੇ ਖੇਤਾਂ ਵਿਚ ਗਿਆ ਸੀ। ਜਿਥੋਂ ਅਮਨਿੰਦਰ ਸਿੰਘ ਨੇ ਖੇਤਾਂ ਵਿਚ ਕਣਕ ਦੀ ਫਸਲ ਬੀਜਣ ਲਈ ਖੇਤ ਦੀ ਤਿਆਰੀ ਲਈ ਟਰੈਕਟਰ ਦੇ ਪਿੱਛੇ ਰੋਟਾਵੇਟਰ ਲਾਇਆ ਹੋਇਆ ਸੀ। ਅਮਨਿੰਦਰ ਸਿੰਘ ਟਰੈਕਟਰ ਚਲਾ ਰਿਹਾ ਸੀ ਤੇ ਅਮ੍ਰਿਤਪਾਲ ਸਿੰਘ ਉਸ ਦੇ ਨਾਲ ਬੈਠਾ ਸੀ। ਜਿਉਂ ਹੀ ਅਮਨਿੰਦਰ ਨੇ ਬੀਜਾਈ ਸ਼ੁਰੂ ਕੀਤੀ ਉਸ ਦੇ ਨਾਲ ਬੈਠਾ ਅਮ੍ਰਿਤਪਾਲ ਸਿੰਘ ਅਚਾਨਕ ਟਰੈਕਟਰ ਤੋਂ ਹੇਠਾਂ ਡਿੱਗ ਗਿਆ, ਜੋ ਟਰੈਕਟਰ ਦੇ ਪਿੱਛੇ ਲੱਗੇ ਰੋਟਾਵੇਟਰ ਦੀ ਲਪੇਟ ਵਿਚ ਆ ਗਿਆ, ਜਿਸ ਨੂੰ ਪਿੰਡ ਵਾਸੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਮਸ਼ੀਨ 'ਚੋਂ ਕੱਢਿਆ ਪਰ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਟਰੈਕਟਰ ਤੋਂ ਨੌਜਵਾਨ ਕਿੱਦਾਂ ਡਿੱਗਿਆ ਇਸ ਦਾ ਪਤਾ ਅਜੇ ਨਹੀਂ ਲੱਗਾ ਪਰ ਮ੍ਰਿਤਕ ਨੌਜਵਾਨ ਦਾ ਫੋਨ ਦੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫੋਨ 'ਚ ਧਮਾਕਾ ਹੋਣ ਕਾਰਨ ਨੌਜਵਾਨ ਦਾ ਸੰਤੁਲਨ ਵਿਗੜਿਆ ਹੋਵੇਗਾ ਕਿਉਂਕਿ ਫੋਨ ਪੂਰੀ ਤਰ੍ਹਾਂ ਨਾਲ ਸੜਿਆ ਹੋਇਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਤੋਂ ਬਾਅਦ ਅਮਨਿੰਦਰ ਸਿੰਘ ਵੀ ਗਹਿਰੇ ਸਦਮੇ 'ਚ ਹੈ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ।


Related News