ਸੁਲਤਾਨਪੁਰ ਲੋਧੀ ’ਚ ਗੁੰਡਾਗਰਦੀ ਦਾ ਨੰਗਾ ਨਾਚ, ਸਦਰ ਬਾਜ਼ਾਰ ’ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਮੁੰਡਾ

Tuesday, Feb 07, 2023 - 06:21 PM (IST)

ਸੁਲਤਾਨਪੁਰ ਲੋਧੀ ’ਚ ਗੁੰਡਾਗਰਦੀ ਦਾ ਨੰਗਾ ਨਾਚ, ਸਦਰ ਬਾਜ਼ਾਰ ’ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਮੁੰਡਾ

ਸੁਲਤਾਨਪੁਰ ਲੋਧੀ (ਧੀਰ) : ਸੁਲਤਾਨਪੁਰ ਲੋਧੀ ਦੇ ਸਦਰ ਬਾਜ਼ਾਰ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁਝ ਹਥਿਆਰਬੰਦ ਨੌਜਵਾਨਾਂ ਨੇ ਇਕ ਮੁੰਡੇ ’ਤੇ ਸ਼ਰੇਆਮ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ਜ਼ੇਰੇ ਇਲਾਜ ਅਵਿਨਾਸ਼ ਭੱਟੀ ਪੁੱਤਰ ਸੋਨੂੰ ਮੁਹੱਲਾ ਕਾਜ਼ੀ ਬਾਗ ਨੇ ਦੱਸਿਆ ਕਿ ਉਹ ਰਾਤ ਕਰੀਬ 8.30 ਵਜੇ ਸਦਰ ਬਾਜ਼ਾਰ ਵਿਚ ਸਾਮਾਨ ਲੈਣ ਗਿਆ ਸੀ। ਜਦੋਂ ਉਹ ਸਦਰ ਬਾਜ਼ਾਰ ਸਥਿਤ ਕਰਿਆਨੇ ਦੀ ਦੁਕਾਨ ਤੋਂ ਬਾਹਰ ਨਿਕਲਿਆ ਤਾਂ 8-10 ਨੌਜਵਾਨ ਆਏ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਸਾਡੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਇਸ ਸਮੇਂ ਮੇਰੇ ਨਾਲ ਮੇਰਾ ਭਰਾ ਅਕਾਸ਼ਦੀਪ ਭੱਟੀ ਵੀ ਮੌਜੂਦ ਸੀ, ਜਿਸ ਨੇ ਦੁਕਾਨ ਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਨੇ ਸਾਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਨੌਜਵਾਨਾਂ ਨੇ ਮੇਰੇ ਚਾਚੇ ਦੇ ਲੜਕੇ ’ਤੇ ਹਮਲਾ ਕੀਤਾ ਸੀ ਪਰ ਅਸੀਂ ਉਸ ਸਮੇਂ ਵੀ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਪੁਲਸ ਨੇ ਉਸ ਸਮੇਂ ਵੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ : ਲਾਲ ਚੂੜੇ ਵਾਲੀ ਲਾੜੀ ਅੱਧੀ ਰਾਤ ਨੂੰ ਖੜਕਾਵੇ ਦਰਵਾਜ਼ਾ ਤਾਂ ਸਾਵਧਾਨ, ਰੌਂਗਟੇ ਖੜ੍ਹੇ ਕਰੇਗੀ ਇਹ ਖ਼ਬਰ

ਇਸ ਮੌਕੇ ਗੱਲਬਾਤ ਕਰਦਿਆਂ ਲਵਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮੁਹੱਲਾ ਧੀਰਾ ਨੇ ਦੱਸਿਆ ਕਿ ਅਵਿਨਾਸ਼ ਭੱਟੀ ਜੋ ਵੀ ਦੋਸ਼ ਲਗਾ ਰਿਹਾ ਹੈ ਉਹ ਝੂਠੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ 8:40 ਮਿੰਟ ’ਤੇ ਅਵਿਨਾਸ਼ ਭੱਟੀ ਤੇ ਉਸ ਦਾ ਭਰਾ ਅਕਾਸ਼ਦੀਪ ਭੱਟੀ ਆਪਣੇ ਸਾਥੀਆਂ ਸਮੇਤ ਸਾਡੇ ਘਰ ਦੇ ਬਾਹਰ ਆਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਲੱਗੇ ਤੇ ਸਾਨੂੰ ਗਾਲ੍ਹਾਂ ਕੱਢਣ ਲੱਗ ਪਿਆ। ਉਸ ਨੇ ਦੱਸਿਆ ਕਿ ਮੇਰੇ ਮਾਮਾ ਸੰਨੀ ਪੰਡਿਤ ਨੂੰ ਉਸਦਾ ਦੋਸਤ ਸੁਖ ਜੀਵਨ ਸਿੰਘ ਮਿਲਣ ਲਈ ਆਇਆ ਹੋਇਆ ਸੀ ਤੇ ਘਰ ਦੇ ਬਾਹਰ ਖੜ੍ਹੇ ਮੇਰੇ ਮਾਮੇ ਦੇ ਦੋਸਤ ਸੁਖ ਜੀਵਨ ਸਿੰਘ ਦਾ ਮੋਟਰਸਾਈਕਲ ਨੂੰ ਇਨ੍ਹਾਂ ਨੇ ਹਥਿਆਰਾਂ ਦੇ ਨਾਲ ਤੋੜ ਦਿੱਤਾ ਅਤੇ ਸਾਡੇ ਘਰ ’ਚ ਇੱਟਾਂ ਪੱਥਰ ਵੀ ਮਾਰੇ ਤੇ ਸਾਡੇ ਨਾਲ ਵੀ ਗਾਲੀ ਗਲੋਚ ਕੀਤਾ।

ਇਹ ਵੀ ਪੜ੍ਹੋ : ਰਾਮ ਰਹੀਮ ਦੇ ਚੈਲੰਜ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਦੋ-ਟੁੱਕ ’ਚ ਜਵਾਬ

ਲਵਪ੍ਰੀਤ ਸਿੰਘ ਨੇ ਕਿਹਾ ਕਿ ਅਵਿਨਾਸ਼ ਭੱਟੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ’ਚ ਗੁੰਡਾਗਰਦੀ ਦਾ ਨੰਗਾ ਨਾਚ ਕਰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਰਾਤ ਨੂੰ ਚੌਕੀਦਾਰ ਦਾ ਕੰਮ ਕਰਦਾ ਸੀ ਤੇ ਉਹ ਰੋਜ਼ਾਨਾ ਹੀ ਮੇਰੇ ਨਾਲ ਗਾਲੀ ਗਲੋਚ ਕਰਦੇ ਹਨ। ਇਸ ਸਬੰਧੀ ਸਾਡੇ ਵੱਲੋਂ ਪੁਲਸ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਰ ਸਾਡੀ ਸੁਣਵਾਈ ਨਹੀਂ ਹੋਈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਦੋ ਹੋਰ ਨੌਜਵਾਨਾਂ ਨਾਲ ਉਨ੍ਹਾਂ ਦੇ ਘਰ ਦੇ ਬਾਹਰ ਵੀ ਕੁੱਟ-ਮਾਰ ਕੀਤੀ ਤੇ ਭੰਨਤੋੜ ਕੀਤੀ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜੋ ਵਿਅਕਤੀ ਕਾਨੂੰਨ ਨੂੰ ਆਪਣੇ ਹੱਥਾਂ ’ਚ ਲੈ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵਲੋਂ ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਮੀਂਹ ਦਾ ਅਲਰਟ

ਕੀ ਕਹਿੰਦੇ ਹਨ ਐੱਸ. ਐੱਚ. ਓ.

ਇਸ ਸਬੰਧੀ ਜਦੋਂ ਥਾਣਾ ਇੰਚਾਰਜ ਜਸਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੋ ਵੀ ਮੁਲਜ਼ਮ ਹੋਣਗੇ, ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 

ਇਹ ਵੀ ਪੜ੍ਹੋ : ਲੀਬੀਆ ’ਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਲਈ ਚੰਗੀ ਖ਼ਬਰ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News