ਕਰੰਟ ਲੱਗਣ ਨਾਲ 2 ਨੌਜਵਾਨਾਂ ਦੀ ਮੌਤ
Saturday, Aug 25, 2018 - 05:19 PM (IST)
ਤਪਾ ਮੰਡੀ (ਸ਼ਾਮ, ਗਰਗ) : ਇਥੋਂ 9 ਕਿਲੋਮੀਟਰ ਦੂਰ ਅਤੇ ਤਪਾ-ਭਦੌੜ ਰੋਡ 'ਤੇ ਸਥਿਤ ਪਿੰਡ ਰਾਈਆ 'ਚ ਸ਼ੁੱਕਰਵਾਰ ਸ਼ਾਮ ਉਸ ਸਮੇਂ ਮਾਤਮ ਛਾ ਗਿਆ ਜਦੋਂ ਪਿੰਡ ਦਾ ਇਕ ਨੌਜਵਾਨ ਕਿਸਾਨ ਆਪਣੇ ਸਾਥੀ ਨਾਲ ਖਰਾਬ ਹੋਈ ਮੋਟਰ ਨੂੰ ਮਸ਼ੀਨ ਨਾਲ ਬਾਹਰ ਕੱਢ ਰਿਹਾ ਸੀ ਤਾਂ ਉਪਰੋਂ ਲੰਘਦੀਆਂ ਹਾਈਟੈਂਸ਼ਨ ਤਾਰਾਂ ਨਾਲ ਟਕਰਾਉਣ ਕਰਕੇ ਜ਼ਬਰਦਸਤ ਕਰੰਟ ਲੱਗਣ ਨਾਲ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਤੋਤਾ ਸਿੰਘ ਦੇ ਖੇਤ 'ਚ ਲੱਗੀ ਮੋਟਰ ਖਰਾਬ ਹੋ ਗਈ ਸੀ ਤਾਂ ਉਸ ਦਾ ਲੜਕਾ ਕੇਵਲ ਸਿੰਘ (32) ਜੋ 4 ਬੱਚਿਆਂ ਦਾ ਪਿਤਾ ਹੈ, ਆਪਣੀ ਰਿਸ਼ਤੇਦਾਰੀ 'ਚੋਂ ਹੀ ਹਰਦੀਪ ਸਿੰਘ (26) ਪੁੱਤਰ ਮੱਖਣ ਸਿੰਘ ਜੋ 2 ਬੱਚਿਆਂ ਦਾ ਪਿਤਾ ਹੈ, ਨੂੰ ਨਾਲ ਲੈ ਕੇ ਖਰਾਬ ਮੋਟਰ ਨੂੰ ਸ਼ਾਮ ਸਮੇਂ ਮਸ਼ੀਨ ਨਾਲ ਬਾਹਰ ਕੱਢਣ ਲੱਗ ਪਿਆ। ਜਦੋਂ ਮੋਟਰ ਨੂੰ ਟੋਏ 'ਚੋਂ ਕੱਢਿਆ ਜਾ ਰਿਹਾ ਸੀ ਤਾਂ ਉਪਰੋਂ ਲੰਘਦੀਆਂ ਤਾਰਾਂ ਨਾਲ ਟਕਰਾਉਣ ਕਾਰਨ ਮਸ਼ੀਨ 'ਚ ਜ਼ਬਰਦਸਤ ਕਰੰਟ ਆ ਗਿਆ, ਜਿਸ ਨੇ ਨੌਜਵਾਨਾਂ ਨੂੰ ਪਟਕ ਕੇ ਮਾਰਿਆ। ਨਾਲ ਦੇ ਖੇਤਾਂ 'ਚ ਕੰਮ ਕਰਦੇ ਕਿਸਾਨਾਂ ਨੇ ਤੁਰੰਤ ਘਟਨਾ ਵਾਲੀ ਥਾਂ 'ਤੇ ਪੁੱਜ ਕੇ ਦੋਵਾਂ ਨੂੰ ਸਿਵਲ ਹਸਪਤਾਲ ਰਾਮਪੁਰਾ 'ਚ ਦਾਖਲ ਕਰਵਾਇਆ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦਿੱਤੀ। ਡਾਕਟਰਾਂ ਦੀ ਟੀਮ ਨੇ ਦੋਵਾਂ ਨੌਜਵਾਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਘਟਨਾ ਨਾਲ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫੂਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
