ਸਾਵਧਾਨ! ਪੰਜਾਬ ਦੇ ਇਨ੍ਹਾਂ 15 ਜ਼ਿਲ੍ਹਿਆਂ ’ਚ ਜਾਰੀ ਹੋਇਆ ਯੈਲੋ ਅਲਰਟ, ਤੇਜ਼ ਹਵਾਵਾਂ ਨਾਲ ਪਵੇਗਾ ਮੀਂਹ
Tuesday, Mar 12, 2024 - 05:37 AM (IST)
ਪੰਜਾਬ ਡੈਸਕ– ਮੌਸਮ ਵਿਭਾਗ ਨੇ ਪੰਜਾਬ ਦੇ 15 ਜ਼ਿਲ੍ਹਿਆਂ ’ਚ ਬੁੱਧਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਇਨ੍ਹਾਂ ਜ਼ਿਲ੍ਹਿਆਂ ’ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਤੇਜ਼ ਗਰਜ ਤੇ ਬਿਜਲੀ ਦੇ ਨਾਲ ਮੀਂਹ ਪਵੇਗਾ। ਇਸ ਕਾਰਨ ਦਿਨ ਦਾ ਤਾਪਮਾਨ 3 ਤੋਂ 4 ਡਿਗਰੀ ਤੱਕ ਹੇਠਾਂ ਆ ਸਕਦਾ ਹੈ। ਹਾਲਾਂਕਿ ਰਾਤ ਦੇ ਤਾਪਮਾਨ ’ਚ ਮਾਮੂਲੀ ਗਿਰਾਵਟ ਆਵੇਗੀ।
ਇਨ੍ਹਾਂ ਜ਼ਿਲ੍ਹਿਆਂ ’ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਮੋਗਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐੱਸ. ਏ. ਐੱਸ. ਨਗਰ ਸ਼ਾਮਲ ਹਨ। ਮੰਗਲਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ’ਚ ਇਹ ਬਦਲਾਅ ਦੇਖਣ ਨੂੰ ਮਿਲੇਗਾ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਬੱਸਾਂ ਦੀਆਂ ਸਵਾਰੀਆਂ ਲਈ ਅਹਿਮ ਖ਼ਬਰ, ਅੱਜ ਘਰੋਂ ਬਾਹਰ ਨਿਕਲਣਾ ਪਾ ਸਕਦੈ ਮੁਸੀਬਤ
ਦੂਜੇ ਪਾਸੇ ਸੋਮਵਾਰ ਨੂੰ ਪੰਜਾਬ ਦੇ ਘੱਟੋ-ਘੱਟ ਤਾਪਮਾਨ ’ਚ 1.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਹ ਆਮ ਦੇ ਨੇੜੇ ਹੈ। ਮੋਗਾ 9.3 ਡਿਗਰੀ ਦੇ ਨਾਲ ਸਭ ਤੋਂ ਠੰਡਾ ਰਿਹਾ। ਬਠਿੰਡਾ ’ਚ ਘੱਟੋ-ਘੱਟ ਤਾਪਮਾਨ 9.6 ਡਿਗਰੀ ਰਿਹਾ, ਜੋ ਆਮ ਨਾਲੋਂ 0.9 ਡਿਗਰੀ ਘੱਟ ਸੀ। ਅੰਮ੍ਰਿਤਸਰ ’ਚ ਤਾਪਮਾਨ 13.0 ਡਿਗਰੀ, ਲੁਧਿਆਣਾ ’ਚ ਵੀ 13.0, ਪਟਿਆਲਾ ’ਚ 12.9 ਡਿਗਰੀ, ਪਠਾਨਕੋਟ ’ਚ 14.3, ਫਰੀਦਕੋਟ ’ਚ 11.0 ਤੇ ਜਲੰਧਰ ’ਚ 10.8 ਡਿਗਰੀ ਦਰਜ ਕੀਤਾ ਗਿਆ।
ਦੂਜੇ ਪਾਸੇ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ’ਚ 0.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਹ ਵੀ ਆਮ ਦੇ ਨੇੜੇ ਹੈ। ਪਠਾਨਕੋਟ ਦਾ ਸਭ ਤੋਂ ਵੱਧ ਤਾਪਮਾਨ 28.4 ਡਿਗਰੀ ਰਿਹਾ। ਅੰਮ੍ਰਿਤਸਰ ’ਚ 26.6 ਡਿਗਰੀ, ਲੁਧਿਆਣਾ ’ਚ 26.8, ਪਟਿਆਲਾ ’ਚ 27.6, ਬਠਿੰਡਾ ’ਚ 27.2, ਫਰੀਦਕੋਟ ’ਚ 26.5 ਤੇ ਜਲੰਧਰ ’ਚ 25.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।