Year Ender 2021 : ਪੂਰਾ ਸਾਲ 'ਪੰਜਾਬ ਕਾਂਗਰਸ' 'ਚ ਛਿੜੀ ਰਹੀ ਜੰਗ, ਵੱਡੇ ਤੂਫ਼ਾਨ ਨੇ ਬਦਲੀ ਸਿਆਸੀ ਫ਼ਿਜ਼ਾ

Wednesday, Dec 29, 2021 - 03:57 PM (IST)

ਚੰਡੀਗੜ੍ਹ : ਪੰਜਾਬ 'ਚ ਸਾਲ 2022 'ਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਾਲ 2021 ਦੇ ਸ਼ੁਰੂ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਉੱਥੇ ਹੀ ਪੰਜਾਬ ਕਾਂਗਰਸ 'ਚ ਲਗਾਤਾਰ ਅੰਦਰੂਨੀ ਕਲੇਸ਼ ਜਾਰੀ ਰਿਹਾ। ਇਸ ਕਲੇਸ਼ ਨੇ ਅਖ਼ੀਰ 'ਚ ਇਕ ਵੱਡਾ ਤੂਫ਼ਾਨ ਲਿਆਂਦਾ, ਜਿਸ ਨੇ ਸੂਬੇ ਦੀ ਸਿਆਸੀ ਫ਼ਿਜ਼ਾ ਨੂੰ ਹੀ ਬਦਲ ਕੇ ਰੱਖ ਦਿੱਤਾ। ਇਸ ਦਾ ਸਭ ਤੋਂ ਵੱਡਾ ਕਾਰਨ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ। ਇਨ੍ਹਾਂ ਦੋਹਾਂ ਆਗੂਆਂ ਵਿਚਕਾਰ ਕਲੇਸ਼ ਇੰਨਾ ਜ਼ਿਆਦਾ ਵੱਧ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਅਤੇ ਸਿੱਧੂ ਨੂੰ ਸਖ਼ਤ ਸ਼ਬਦਾਂ 'ਚ ਚਿਤਾਵਨੀ ਦਿੱਤੀ ਗਈ। ਇਸ ਤੋਂ ਬਾਅਦ ਕਾਂਗਰਸ ਹਾਈਕਮਾਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ। ਇਹ ਸਿਆਸੀ ਘਮਾਸਾਨ ਸਿਰਫ ਇੱਥੇ ਹੀ ਖ਼ਤਮ ਨਹੀਂ ਹੋਇਆ, ਸਗੋਂ ਜਦੋਂ ਹਾਈਕਮਾਨ ਨੂੰ ਲੱਗਾ ਕਿ ਸਿਆਸੀ ਤੂਫ਼ਾਨ ਥੰਮ ਗਿਆ ਹੈ ਅਤੇ ਹੁਣ ਵਿਧਾਨ ਸਭਾ ਚੋਣਾਂ ਵੱਲ ਧਿਆਨ ਕੇਂਦਰਿਤ ਕੀਤਾ ਜਾ ਸਕਦਾ ਹੈ ਤਾਂ ਉਸ ਵੇਲੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਲਗਾਤਾਰ ਪੰਜਾਬ ਸਰਕਾਰ 'ਤੇ ਵਾਰ ਕਰਦੇ ਹੋਏ ਨਜ਼ਰ ਆਏ। 

ਇਹ ਵੀ ਪੜ੍ਹੋ : ਪੰਜਾਬ 'ਚ 'ਚੋਣਾਂ' ਨੂੰ ਲੈ ਕੇ ਜਨਵਰੀ ਦੇ ਪਹਿਲੇ ਹਫ਼ਤੇ ਹੋਵੇਗਾ ਫ਼ੈਸਲਾ, ਸਖ਼ਤ ਕਦਮ ਚੁੱਕ ਸਕਦੈ ਚੋਣ ਕਮਿਸ਼ਨ
ਪੰਜਾਬ ਕਾਂਗਰਸ 'ਚ ਪੂਰੇ ਸਾਲ ਚੱਲਿਆ ਘਟਨਾਕ੍ਰਮ 
ਸੁਨੀਲ ਜਾਖੜ ਦੀ ਛੁੱਟੀ ਕਰਕੇ ਨਵਜੋਤ ਸਿੱਧੂ ਨੂੰ ਬਣਾਇਆ ਕਾਂਗਰਸ ਪ੍ਰਧਾਨ
ਕਾਂਗਰਸ ਹਾਈਕਮਾਨ ਵੱਲੋਂ ਸੁਨੀਲ ਜਾਖੜ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਛੁੱਟੀ ਕਰਕੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਥਾਪ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਚੱਲ ਰਹੇ ਸਿੱਧੂ ਨੂੰ ਬੇਸ਼ੱਕ ਅਹਿਮ ਜ਼ਿੰਮੇਵਾਰੀ ਮਿਲੀ ਪਰ ਹਾਈਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੈਂਪੇਨ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵੀ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਸਿਆਸੀ ਘਮਾਸਾਨ ਜਾਰੀ ਰਿਹਾ।

PunjabKesari

ਇਹ ਵੀ ਪੜ੍ਹੋ : 'ਆਪ' ਵੱਲੋਂ ਨਵਜੋਤ ਸਿੱਧੂ ਨੂੰ 'ਸਕਿਓਰਿਟੀ' ਛੱਡਣ ਦਾ ਚੈਲੰਜ, ਪੰਜਾਬ ਪੁਲਸ ਲਈ ਕੀਤੇ ਵੱਡੇ ਐਲਾਨ

ਕਾਂਗਰਸ ਹਾਈਕਮਾਨ ਨੇ ਸੱਦੀ ਵਿਧਾਇਕ ਦਲ ਦੀ ਬੈਠਕ
ਪੰਜਾਬ ਦੀ ਸਿਆਸਤ 'ਚ ਉਸ ਸਮੇਂ ਉਬਾਲ ਆ ਗਿਆ ਹੈ, ਜਦੋਂ ਪੰਜਾਬ ਕਾਂਗਰਸ ਵਿਚਾਲੇ ਕਲੇਸ਼ ਨੂੰ ਲੈ ਕੇ ਕਾਂਗਰਸ ਹਾਈਕਮਾਨ ਵੱਲੋਂ ਵਿਧਾਇਕ ਦਲ ਦੀ ਬੈਠਕ ਸੱਦ ਲਈ ਗਈ। ਇਸ ਤੋਂ ਬਾਅਦ ਸਭ ਨੂੰ ਸਾਫ਼ ਹੋ ਗਿਆ ਕਿ ਪੰਜਾਬ ਕਾਂਗਰਸ 'ਚ ਕਲੇਸ਼ ਬਹੁਤ ਵੱਧ ਗਿਆ ਹੈ। ਹੋਇਆ ਵੀ ਇੰਝ ਹੀ, ਇਸ ਬੈਠਕ ਕਾਰਨ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਖ਼ਫ਼ਾ ਹੋ ਗਏ।

PunjabKesari
ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਦਾ ਕਹਿਣਾ ਸੀ ਕਿ ਜਦੋਂ ਕਾਂਗਰਸ ਹਾਈਕਮਾਨ ਨੂੰ ਉਨ੍ਹਾਂ 'ਤੇ ਭਰੋਸਾ ਨਹੀਂ ਹੈ ਤਾਂ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਮਤਲਬ ਨਹੀਂ ਹੈ। ਕੈਪਟਨ ਨੇ ਅਸਤੀਫ਼ੇ 'ਚ ਇਹ ਤੱਕ ਆਖਿਆ ਕਿ ਉਨ੍ਹਾਂ ਨੂੰ ਕਾਂਗਰਸ ਨੇ ਜ਼ਲੀਲ ਕੀਤਾ ਹੈ। ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜਦੇ ਹੋਏ ਕਾਂਗਰਸ 'ਚੋਂ ਵੀ ਅਸਤੀਫ਼ਾ ਦੇ ਦਿੱਤਾ। 

PunjabKesari

ਇਹ ਵੀ ਪੜ੍ਹੋ : ਅਹਿਮ ਖ਼ਬਰ : ਰਾਹੁਲ ਗਾਂਧੀ ਦੀ ਰੈਲੀ 'ਚ ਸਾਫ਼ ਹੋ ਸਕਦੀ ਹੈ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੀ ਤਸਵੀਰ
ਚਰਨਜੀਤ ਸਿੰਘ ਚੰਨੀ ਬਣੇ ਪੰਜਾਬ ਦੇ ਨਵੇਂ ਮੁੱਖ ਮੰਤਰੀ
ਕਾਂਗਰਸ ਹਾਈਕਮਾਨ ਨੇ ਪੰਜਾਬ 'ਚ ਵੱਡਾ ਉਲਟਫੇਰ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ। ਉਨ੍ਹਾਂ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ। ਇਸ ਦੇ ਨਾਲ ਪੰਜਾਬ ਵਿਚ ਮੁੱਖ ਮੰਤਰੀ ਦੀ ਕੁਰਸੀ ’ਤੇ ਪਹਿਲੀ ਵਾਰ ਕਿਸੇ ਦਲਿਤ ਚਿਹਰੇ ਨੂੰ ਬੈਠਾਉਣ ਦਾ ਇਤਿਹਾਸ ਵੀ ਰਚ ਦਿੱਤਾ ਗਿਆ।

PunjabKesari

ਇਹ ਵੀ ਪੜ੍ਹੋ : ਜਾਣੋ ਕਿਵੇਂ ਫੜ੍ਹਿਆ ਗਿਆ 'ਲੁਧਿਆਣਾ ਬੰਬ ਧਮਾਕੇ' ਦਾ ਮਾਸਟਰ ਮਾਈਂਡ ਜਸਵਿੰਦਰ ਸਿੰਘ ਮੁਲਤਾਨੀ
ਨਵਜੋਤ ਸਿੱਧੂ ਨੇ ਦਿੱਤਾ ਅਸਤੀਫ਼ਾ, ਕੁੱਝ ਸਮੇਂ ਬਾਅਦ ਵਾਪਸ ਲਿਆ
ਇਸ ਤੋਂ ਬਾਅਦ ਨਵਜੋਤ ਸਿੱਧੂ ਵੱਲੋਂ ਅਚਾਨਕ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਭਵਿੱਖ ਅਤੇ ਪੰਜਾਬ ਦੀ ਭਲਾਈ ਦੇ ਏਜੰਡੇ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦੇ। ਇਸ ਲਈ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ ਪਰ ਉਹ ਕਾਂਗਰਸ ਦੀ ਸੇਵਾ ਕਰਦੇ ਰਹਿਣਗੇ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ।

PunjabKesari

ਇਹ ਵੀ ਪੜ੍ਹੋ : ਪੰਜਾਬ 'ਚ ਕਿਹੋ ਜਿਹਾ ਰਹੇਗਾ 'ਮੌਸਮ', ਅਗਲੇ 5 ਦਿਨਾਂ ਲਈ ਵਿਸ਼ੇਸ਼ ਬੁਲੇਟਿਨ ਜਾਰੀ
ਕਾਂਗਰਸ ਨੂੰ ਮਾਝੇ 'ਚ ਵੱਡਾ ਝਟਕਾ, ਫਤਿਹਜੰਗ ਸਿੰਘ ਬਾਜਵਾ ਭਾਜਪਾ 'ਚ ਸ਼ਾਮਲ
ਸਾਲ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੂੰ ਮਾਝੇ ਵਿਚ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਿਆ, ਜਦੋਂ ਕਾਦੀਆਂ ਹਲਕੇ ਤੋਂ ਵਿਧਾਇਕ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹਜੰਗ ਸਿੰਘ ਬਾਜਵਾ ਭਾਜਪਾ ਵਿਚ ਸ਼ਾਮਲ ਹੋ ਗਏ। ਫਤਿਹਜੰਗ ਸਿੰਘ ਬਾਜਵਾ ਮਾਝੇ ਦੀ ਸਿਆਸਤ ਵਿਚ ਵੱਡਾ ਚਿਹਰਾ ਹਨ ਅਤੇ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਹੱਕ ਵਿਚ ਰੈਲੀ ਵੀ ਕੀਤੀ ਸੀ। ਫਤਿਹਜੰਗ ਬਾਜਵਾ ਕਾਂਗਰਸ ਦੇ ਸੀਨੀਅਰ ਆਗੂਆਂ ਵਿਚ ਆਉਂਦੇ ਸਨ ਅਤੇ ਦੋ ਵਾਰ ਵਿਧਾਇਕ ਰਹਿ ਚੁੱਕੇ ਸਨ। ਇਸ ਨੂੰ ਕਾਂਗਰਸ ਨੂੰ ਵੱਡੇ ਝਟਕੇ ਵਜੋਂ ਦੇਖਿਆ ਜਾ ਸਕਦਾ ਹੈ।

PunjabKesari

ਇਹ ਵੀ ਪੜ੍ਹੋ : 'ਆਮ ਆਦਮੀ ਪਾਰਟੀ' ਨੇ ਭਾਜਪਾ 'ਤੇ ਲਾਇਆ ਵੱਡਾ ਇਲਜ਼ਾਮ, ਦਿੱਤੀ ਇਹ ਚਿਤਾਵਨੀ
ਇਸ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਨਵਜੋਤ ਸਿੱਧੂ ਵੱਲੋਂ ਵੀ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਚੰਨੀ ਸਰਕਾਰ ਦੇ ਸਮੇਂ ਹੀ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਵੀ ਐੱਫ. ਆਈ. ਆਰ. ਦਰਜ ਹੋਣ ਮਗਰੋਂ ਲੁਕ ਆਊਟ ਨੋਟਿਸ ਜਾਰੀ ਹੋ ਚੁੱਕਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਕਾਂਗਰਸ ਨੂੰ ਅੱਗੇ ਲਿਆਉਂਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਬੰਬ ਧਮਾਕੇ ਦਾ ਮਾਸਟਰ ਮਾਈਂਡ ਜਸਵਿੰਦਰ ਸਿੰਘ ਮੁਲਤਾਨੀ ਜਰਮਨੀ 'ਚ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News