ਲੇਖਾ-ਜੋਖਾ 2019 : ਅਮਨ-ਕਾਨੂੰਨ ਬਣਾਈ ਰੱਖਣ ਲਈ ਕਈ ਚੁਣੌਤੀਆਂ ਨਾਲ ਜੂਝਦੀ ਰਹੀ ਪੁਲਸ

Saturday, Dec 21, 2019 - 06:15 PM (IST)

ਗੁਰਦਾਸਪੁਰ (ਹਰਮਨਪ੍ਰੀਤ) : ਕੁਝ ਦਿਨਾਂ ਬਾਅਦ ਰੁਖਸਤ ਹੋ ਰਹੇ ਸਾਲ-2019 ਦੌਰਾਨ ਲੋਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਬਣਾਈ ਰੱਖਣ ਲਈ ਗੁਰਦਾਸਪੁਰ ਪੁਲਸ ਵੀ ਕਈ ਛੋਟੀਆਂ-ਵੱਡੀਆਂ ਚੁਣੌਤੀਆਂ ਨਾਲ ਜੂਝਦੀ ਰਹੀ ਹੈ। ਇਸ ਪੂਰੇ ਵਰ੍ਹੇ ਦੌਰਾਨ ਵਾਪਰੇ ਘਟਨਕ੍ਰਮ ਦੇ ਕੀਤੇ ਗਏ ਲੇਖੇ-ਜੋਖੇ ਅਨੁਸਾਰ ਬੇਸ਼ੱਕ ਇਸ ਸਾਲ ਵੀ ਨਸ਼ਾਖੋਰੀ ਅਤੇ ਲੁੱਟਾਂ-ਖੋਹਾਂ ਦੀਆਂ ਨਿੱਕੀਆਂ-ਵੱਡੀਆਂ ਕਈ ਵਾਰਦਾਤਾਂ ਵਾਪਰਦੀਆਂ ਰਹੀਆਂ ਹਨ ਪਰ ਤਸੱਲੀ ਵਾਲੀ ਗੱਲ ਇਹ ਰਹੀ ਹੈ ਕਿ ਗੁਰਦਾਸਪੁਰ ਪੁਲਸ ਜ਼ਿਲੇ 'ਚ ਪੂਰੇ ਸਾਲ ਦੌਰਾਨ ਕੋਈ ਵੀ ਵੱਡੀ ਹਿੰਸਕ ਵਾਰਦਾਤ ਨਹੀਂ ਹੋਈ। ਇਸ ਸਾਲ ਦੌਰਾਨ ਪੁਲਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੀ ਗਈ ਕਾਰਵਾਈ ਨਾਲ ਨਸ਼ਾ ਸਮੱਲਗਰਾਂ ਨੂੰ ਭਾਜੜਾਂ ਪਈਆਂ ਰਹੀਆਂ, ਉਥੇ ਇਸ ਸਾਲ ਲੁੱਟਾਂ-ਖੋਹਾਂ ਕਰਨ ਵਾਲੇ ਕਈ ਦੋਸ਼ੀ ਵੀ ਪੁਲਸ ਦੇ ਅੜਿੱਕੇ ਚੜ੍ਹੇ ਹਨ। ਗੈਂਗਸਟਰਾਂ ਦੀਆਂ ਗਤੀਵਿਧੀਆਂ ਦੇ ਮਾਮਲੇ 'ਚ ਇਸ ਸਾਲ ਜ਼ਿਲੇ 'ਚ ਸੁੱਖ-ਸ਼ਾਂਤੀ ਰਹੀ ਪਰ ਦੋ ਵੱਡੀਆਂ ਵਾਰਦਾਤਾਂ 'ਚ ਲੋੜੀਂਦਾ ਇਕ ਗੈਂਗਸਟਰ ਪੁਲਸ ਦੇ ਹੱਥੀਂ ਚੜ੍ਹ ਗਿਆ। ਆਵਾਜਾਈ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਵੀ ਪੁਲਸ ਨੇ ਕਾਫੀ ਸਖ਼ਤੀ ਕੀਤੀ ਹੈ, ਜਿਸ ਤਹਿਤ ਇਸ ਸਾਲ ਪੁਲਸ ਨੇ ਕਰੀਬ 13 ਹਜ਼ਾਰ 996 ਵਾਹਨਾਂ ਦੇ ਚਲਾਨ ਕੱਟ ਕੇ ਮੌਕੇ 'ਤੇ 22 ਲੱਖ ਤੋਂ ਵੀ ਜ਼ਿਆਦਾ ਜੁਰਮਾਨਾ ਵਸੂਲਿਆ ਹੈ, ਜਦੋਂ ਕਿ ਆਰ. ਟੀ. ਓ. ਦਫਤਰ 'ਚ ਕੀਤੇ ਗਏ ਜੁਰਮਾਨੇ ਦੀ ਰਕਮ ਵੱਖਰੀ ਹੈ।

PunjabKesariਨਸ਼ਿਆਂ ਦੇ ਕਾਰੋਬਾਰ 'ਚ ਲੁਪਤ 220 ਦੋਸ਼ੀ ਗ੍ਰਿਫਤਾਰ
ਪੁਲਸ ਜ਼ਿਲਾ ਗੁਰਦਾਸਪੁਰ ਦੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਦੱਸਿਆ ਕਿ ਇਸ ਸਾਲ ਜ਼ਿਲੇ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ 184 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਨਾਲ ਸਬੰਧਤ 220 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਗਈ। ਇਸ ਤੋਂ ਪਿਛਲੇ ਸਾਲ 2018 ਦੌਰਾਨ 168 ਮਾਮਲੇ ਦਰਜ ਕਰ ਕੇ 187 ਵਿਅਕਤੀ ਗ੍ਰਿਫਤਾਰ ਕੀਤੇ ਗਏ ਸਨ। ਜ਼ਿਲੇ ਅੰਦਰੋਂ ਇਸ ਸਾਲ 1 ਕਿਲੋ 538 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਦੋਂ ਕਿ ਸਾਲ 2018 ਦੌਰਾਨ 1 ਕਿਲੋ 237 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਇਸ ਸਾਲ 9 ਗ੍ਰਾਮ ਸਮੈਕ ਬਰਾਮਦ ਹੋਈ ਹੈ, ਜਦੋਂ ਕਿ ਪਿਛਲੇ ਸਾਲ 23 ਗ੍ਰਾਮ ਸਮੈਕ ਬਰਾਮਦ ਹੋਈ ਸੀ। ਇਸ ਸਾਲ ਜ਼ਿਲਾ ਪੁਲਸ ਨੇ 57 ਹਜ਼ਾਰ 955 ਕੈਪਸੂਲ ਬਰਾਮਦ ਕੀਤੇ ਹਨ, ਜਦੋਂ ਕਿ ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 11356 ਸੀ। ਇਸੇ ਤਰ੍ਹਾਂ 1 ਲੱਖ 2 ਹਜ਼ਾਰ 663 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਦੋਂ ਕਿ 2018 ਦੌਰਾਨ 14584 ਗੋਲੀਆਂ ਬਰਾਮਦ ਹੋਈਆਂ ਸਨ। ਪੁਲਸ ਨੇ 1500 ਨਸ਼ੇ ਵਾਲੇ ਕੈਪਸੂਲ ਵੀ ਬਰਾਮਦ ਕੀਤੇ ਹਨ। ਪੁਲਸ ਮੁਖੀ ਨੇ ਦੱਸਿਆ ਕਿ 2019 ਦੌਰਾਨ 112 ਗ੍ਰਾਮ ਨਸ਼ੇ ਵਾਲਾ ਪਾਊਂਡਰ ਬਰਾਮਦ ਹੋਇਆ ਹੈ, ਜੋ 2018 'ਚ 850 ਗ੍ਰਾਮ ਦੇ ਕਰੀਬ ਸੀ। ਇਸ ਸਾਲ ਪੁਲਸ ਵੱਲੋਂ ਸਿਰਫ 232 ਗ੍ਰਾਮ ਚਰਸ ਬਰਾਮਦ ਕੀਤੀ ਗਈ, ਜਿਸ ਦੀ ਮਾਤਰਾ 2018 ਦੌਰਾਨ 3 ਕਿਲੋ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ 445 ਕਿਲੋ ਭੁੱਕੀ ਬਰਾਮਦ ਹੋਈ ਹੈ, ਜਦੋਂ ਕਿ ਪਿਛਲੇ ਸਾਲ ਇਸ ਦੀ ਮਾਤਰਾ 217 ਕਿਲੋ ਸੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਦੋਸ਼ੀਆਂ ਕੋਲੋਂ 112 ਗ੍ਰਾਮ ਨਸ਼ੇ ਵਾਲਾ ਪਾਊਡਰ ਵੀ ਬਰਾਮਦ ਹੋਇਆ ਹੈ।

PunjabKesariਬਰਾਮਦ ਨਸ਼ੇ ਵਾਲਾ ਪਦਾਰਥ-ਸਾਲ 2018-ਸਾਲ 2019
ਹੈਰੋਇਨ - 1 ਕਿਲੋ 237 ਗ੍ਰਾਮ - 1 ਕਿਲੋ 538 ਗ੍ਰਾਮ
ਸਮੈਕ - 23 ਗ੍ਰਾਮ - 9 ਗ੍ਰਾਮ
ਨਸ਼ੇ ਵਾਲੇ ਕੈਪਸੂਲ - 11356 - 57955
ਨਸ਼ੇ ਵਾਲੀਆਂ ਗੋਲੀਆਂ - 14584 - 102663
ਨਸ਼ੇ ਵਾਲਾ ਪਾਊਡਰ - 850 ਗ੍ਰਾਮ - 112 ਗ੍ਰਾਮ
ਚਰਸ - 3 ਕਿਲੋ - 232 ਗ੍ਰਾਮ
ਭੁੱਕੀ - 217 ਕਿੱਲੋ - 445 ਕਿਲੋ

PunjabKesariਨਸ਼ਿਆਂ ਸਬੰਧੀ ਦਰਜ ਕੀਤੇ ਪਰਚੇ ਅਤੇ ਗ੍ਰਿਫਤਾਰ ਦੋਸ਼ੀ
ਸਾਲ- ਦਰਜ ਪਰਚੇ - ਗ੍ਰਿਫਤਾਰ ਦੋਸ਼ੀ
2018 - 168 - 187
2019 - 184 - 220

ਨਾਜਾਇਜ਼ ਸ਼ਰਾਬ ਵਿਰੁੱਧ ਕੱਸਿਆ ਸ਼ਿਕੰਜਾ
ਪੁਲਸ ਮੁਖੀ ਨੇ ਦੱਸਿਆ ਕਿ ਇਸ ਵਰ੍ਹੇ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਫੜਨ ਲਈ ਕੀਤੀ ਸਖਤੀ ਤਹਿਤ ਪੁਲਸ ਨੇ ਐਕਸਾਈਜ਼ ਐਕਟ ਤਹਿਤ 384 ਮਾਮਲੇ ਦਰਜ ਕੀਤੇ, ਜਦੋਂ ਕਿ ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 374 ਸੀ। ਇਸ ਸਾਲ ਪੁਲਸ ਨੇ 17 ਹਜ਼ਾਰ 918 ਕਿਲੋ ਲਾਹਣ ਬਰਾਮਦ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਇਸ ਦੀ ਮਾਤਰਾ 3355 ਕਿਲੋ ਸੀ। ਤਿੰਨ ਚਾਲੂ ਭੱਠੀਆਂ ਫੜਨ ਤੋਂ ਇਲਾਵਾ ਪੁਲਸ ਨੇ 3 ਕਰੋੜ 11 ਲੱਖ ਦੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਇਸ ਦੀ ਮਾਤਰਾ 2 ਕਰੋੜ 93 ਲੱਖ 26 ਹਜ਼ਾਰ 890 ਸੀ।

PunjabKesariਐਕਸਾਈਜ਼ ਐਕਟ ਤਹਿਤ ਕਿੰਨੇ ਮਾਮਲੇ ਹੋਏ ਦਰਜ
ਸਾਲ - ਮਾਮਲੇ
2018 - 374
2019 - 384

ਡੇਪੋ ਤਹਿਤ ਰਜਿਸਟਰ ਕਰਵਾਏ 14 ਹਜ਼ਾਰ 800 ਵਿਅਕਤੀ
ਪੁਲਸ ਮੁਖੀ ਨੇ ਦੱਸਿਆ ਕਿ ਇਸ ਸਾਲ ਜ਼ਿਲੇ ਵਿਚ 149 ਵਿਅਕਤੀਆਂ ਨੂੰ ਨਸ਼ਾ ਮੁਕਤ ਕਰਨ ਲਈ ਪੁਲਸ ਨੇ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖਲ ਕਰਵਾਇਆ ਹੈ, ਜਦੋਂ ਕਿ ਵੱਖ-ਵੱਖ ਥਾਈਂ 1059 ਸੈਮੀਨਾਰ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਸ਼ਾ ਛਡਾਉਣ ਲਈ ਡੇਪੋ ਮੁਹਿੰਮ ਤਹਿਤ 14 ਹਜ਼ਾਰ 800 ਵਿਅਕਤੀਆਂ ਨੂੰ ਰਜਿਸਟਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਸਪਲਾਈ ਲਾਈਨ ਕੱਟ ਦਿੱਤੇ ਜਾਣ ਕਾਰਣ ਇਸ ਸਾਲ ਵੀ ਨਸ਼ਾ ਛੁਡਾਊ ਕੇਂਦਰ 'ਚ ਇਲਾਜ ਕਰਵਾਉਣ ਵਾਲੇ ਨੌਜਵਾਨਾਂ ਦੀ ਗਿਣਤੀ ਵੀ ਵਧੀ ਹੈ। ਜ਼ਿਲੇ ਅੰਦਰ ਚੱਲ ਰਹੇ ਓਟ ਸੈਂਟਰਾਂ 'ਚ ਵੀ ਕਈ ਨੌਜਵਾਨ ਇਲਾਜ ਕਰਵਾਉਣ ਲਈ ਜਾ ਰਹੇ ਹਨ।

PunjabKesariਅੰਨ੍ਹੇ ਕਤਲ ਦੇ 6 ਮਾਮਲਿਆਂ ਸਮੇਤ ਕਈ ਕੇਸ ਸੁਲਝਾਏ
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਵਰ੍ਹੇ ਦੌਰਾਨ ਕਤਲ ਅਤੇ ਲੁੱਟਾਂ-ਖੋਹਾਂ ਦੇ ਕਈ ਮਾਮਲੇ ਬੇਹੱਦ ਗੰਭੀਰ ਸਨ, ਜਿਨ੍ਹਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਪਤਾ ਲਾਉਣਾ ਔਖਾ ਕੰਮ ਸੀ। ਉਨ੍ਹਾਂ ਦੱਸਿਆ ਕਿ ਭੈਣੀ ਮੀਆਂ ਖਾਂ, ਕਲਾਨੌਰ, ਸਿਟੀ ਥਾਣਾ ਗੁਰਦਾਸਪੁਰ ਅਤੇ ਬਹਿਰਾਮਪੁਰ ਥਾਣਿਆਂ 'ਚ ਕਰੀਬ 6 ਮਾਮਲੇ ਸਨ, ਜਿਨ੍ਹਾਂ 'ਚ ਹੋਈਆਂ ਵਾਰਦਾਤਾਂ ਦੇ ਦੋਸ਼ੀਆਂ ਦਾ ਕੋਈ ਪਤਾ ਨਹੀਂ ਸੀ ਪਰ ਪੁਲਸ ਦੀਆਂ ਟੀਮਾਂ ਨੇ ਸਖਤ ਮਿਹਨਤ ਕਰ ਕੇ ਦੋਸ਼ੀਆਂ ਦਾ ਨਾ ਸਿਰਫ ਪਤਾ ਲਾਇਆ, ਸਗੋਂ ਉਨ੍ਹਾਂ ਨੂੰ ਕਾਬੂ ਕਰ ਕੇ ਕਾਨੂੰਨ ਦੇ ਸ਼ਿਕੰਜੇ 'ਚ ਵੀ ਖੜ੍ਹਾ ਕੀਤਾ। ਇਸੇ ਤਰ੍ਹਾਂ ਸਦਰ ਥਾਣੇ ਨਾਲ ਸਬੰਧਤ ਇਕ ਪਿੰਡ ਦੀ ਲੜਕੀ ਦੀ ਭੇਤਭਰੇ ਹਾਲਾਤ 'ਚ ਗੁੰਮ ਹੋਣ ਦੀ ਗੁੱਥੀ ਵੀ ਪੁਲਸ ਨੇ ਸੁਲਝਾ ਲਈ ਸੀ ਅਤੇ ਉਕਤ ਲੜਕੀ ਨੂੰ ਮੱਧ ਪ੍ਰਦੇਸ਼ ਤੋਂ ਬਰਾਮਦ ਕਰ ਕੇ ਵਾਰਸਾਂ ਦੇ ਹਵਾਲੇ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਅਤੇ ਹੋਰ ਵਾਹਨ ਚੋਰੀ ਕਰਨ ਵਾਲੇ ਕਈ ਲੁਟੇਰੇ ਵੀ ਪੁਲਸ ਨੇ ਕਾਬੂ ਕੀਤੇ ਹਨ।

PunjabKesari

136 ਭਗੌੜੇ ਕੀਤੇ ਕਾਬੂ
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਸਾਲ ਦੌਰਾਨ ਪੁਲਸ ਨੇ ਜਿਥੇ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਜਾ ਚੁੱਕੇ 68 ਭਗੌੜਿਆਂ ਨੂੰ ਕਾਬੂ ਕੀਤਾ ਹੈ, ਉਥੇ ਲੁੱਟਾਂ-ਖੋਹਾਂ ਕਰਨ ਵਾਲੇ ਅੱਧੀ ਦਰਜਨ ਦੇ ਕਰੀਬ ਵੱਡੇ ਗਿਰੋਹਾਂ ਨੂੰ ਕਾਬੂ ਕਰ ਕੇ ਚੋਰੀ ਦੇ 54 ਮੋਟਰਸਾਈਕਲ, 3 ਕਾਰਾਂ ਅਤੇ 1 ਟਰੈਕਟਰ ਬਰਾਮਦ ਕੀਤਾ ਹੈ। ਇਸ ਵਿਚ ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਨੂੰ ਵੀ ਜ਼ਿਲੇ 'ਚ ਸਿਰ ਨਹੀਂ ਚੁੱਕਣ ਦਿੱਤਾ ਗਿਆ ਅਤੇ ਜਿਹੜੇ ਕਈ ਗੈਂਗਸਟਰ ਜਾਂ ਉਨ੍ਹਾਂ ਦੇ ਸਾਥੀ ਭਗੌੜੇ ਸਨ, ਉਨ੍ਹਾਂ 'ਚੋਂ ਕਈਆਂ ਨੂੰ ਕਾਬੂ ਕਰ ਲਿਆ ਗਿਆ ਹੈ।

PunjabKesariਪੁਲਸ ਨੂੰ ਸਹਿਯੋਗ ਦਿੰਦੇ ਰਹਿਣ ਲੋਕ : ਐੱਸ. ਐੱਸ. ਪੀ.
ਐੱਸ. ਐੱਸ. ਪੀ.ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਜ਼ਿਲੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਅਤੇ ਜੁਰਮ ਦੇ ਖਾਤਮੇ ਲਈ ਪੁਲਸ ਵੱਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਹੋਰ ਸਾਰਥਕ ਬਣਾਉਣ ਲਈ ਪੁਲਸ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਨਸ਼ਾ ਰੋਕੂ ਮੁਹਿੰਮ ਨੂੰ ਪੂਰੇ ਪ੍ਰਭਾਵੀ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਔਰਤਾਂ ਦੀ ਸੁਰੱਖਿਆ ਲਈ ਵੀ ਵਿਸ਼ੇਸ਼ ਹੈਲਪਲਾਈਨਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਵੀ ਪੁਲਸ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲ ਦੌਰਾਨ ਵੀ ਪੁਲਸ ਪੂਰੀ ਮੁਸ਼ਤੈਦੀ ਨਾਲ ਜਿਥੇ ਜੁਰਮ ਦਾ ਖਾਤਮਾ ਕਰੇਗੀ, ਉਥੇ ਸਮਾਜ ਵਿਰੋਧੀ ਅਨਸਰਾਂ ਨੂੰ ਨੁਕੇਲ ਪਾਏਗੀ।


Baljeet Kaur

Content Editor

Related News