WTO ਦੀਆਂ ਨੀਤੀਆਂ ਪੰਜਾਬ ਤੇ ਦੇਸ਼ ਨੂੰ ਕਰ ਦੇਣਗੀਆਂ ਬਰਬਾਦ, ਦੇਸ਼ ਦੇ ਕਿਸਾਨਾਂ ’ਤੇ ਤਸ਼ੱਦਦ ਕਰ ਰਹੇ ਪ੍ਰਧਾਨ ਮੰਤਰੀ

Monday, Feb 26, 2024 - 09:38 AM (IST)

ਪਟਿਆਲਾ/ਸਨੌਰ (ਮਨਦੀਪ ਜੋਸਨ) - 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਚੱਲ ਰਹੇ ਮੋਰਚਿਆਂ ’ਤੇ ਜਾਰੀ ਸੰਘਰਸ਼ ਤਹਿਤ ਅੱਜ ਕਿਸਾਨ ਮੋਰਚਾ ਨੇ ਸ਼ੰਭੂ ਬਾਰਡਰ ’ਤੇ ਵਿਸ਼ਾਲ ਕਾਨਫਰੰਸ ਕੀਤੀ, ਜਿਸ ’ਚ ਦੇਸ਼ ਭਰ ਤੋਂ ਵਿਦਵਾਨ ਪੁੱਜੇ। ਇਸ ਮੌਕੇ ਉਨ੍ਹਾਂ ਆਖਿਆ ਿਕ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਡਬਲਯੂ. ਟੀ. ਓ. ਅੱਗੇ ਗੋਡੇ ਟੇਕ ਕੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ’ਤੇ ਤਸ਼ੱਦਦ ਕਰ ਰਹੇ ਹਨ।

ਇਹ ਵੀ ਪੜ੍ਹੋ :     ਕਿਸਾਨ ਮੋਰਚੇ ਦਾ ਵੱਡਾ ਐਲਾਨ ; ਭਲਕੇ ਫੂਕੇ ਜਾਣਗੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ

ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ, ਸਵਰਣ ਸਿੰਘ ਪੰਧੇਰ ਅਤੇ ਹੋਰ ਨੇਤਾਵਾਂ ਨੇ ਆਖਿਆ ਕਿ ਅੈੱਮ. ਐੱਸ. ਪੀ. ਲਾਗੂ ਕਰਨ ’ਚ ਸਭ ਤੋਂ ਵੱਡੀ ਡਬਲਯੂ. ਟੀ. ਓ. ਅੜਿੱਕਾ ਹੈ, ਕਿਉਂਕਿ ਡਬਲਯੂ. ਟੀ. ਓ. ਹੀ ਇਹ ਕਹਿ ਰਹੀ ਹੈ ਕਿ ਹਰ ਚੀਜ਼ ਖੁੱਲ੍ਹੀ ਮੰਡੀ ’ਚ ਵੇਚੀ ਜਾਵੇ ਅਤੇ ਪ੍ਰਧਾਨ ਮੰਤਰੀ ਮੋਦੀ ਅੰਤਰਰਾਸ਼ਟਰੀ ਦਬਾਅ ਅੱਗੇ ਝੁਕਦਿਆਂ ਡਬਲਯੂ. ਟੀ. ਓ. ਦੀਆਂ ਨੀਤੀਆਂ ਨੂੰ ਲਾਗੂ ਕਰ ਰਹੇ ਹਨ, ਜਿਸ ਕਾਰਨ ਪੰਜਾਬ ਤੇ ਦੇਸ਼ ਦੇ ਕਿਸਾਨ ’ਤੇ ਤਸ਼ੱਦਦ ਹੋ ਰਿਹਾ ਹੈ।

ਕਿਸਾਨ ਨੇਤਾਵਾਂ ਤੇ ਵਿਦਵਾਨਾਂ ਨੇ ਆਖਿਆ ਕਿ ਡਬਲਯੂ. ਟੀ. ਓ. ਦੀ ਨੀਤੀ ਤਹਿਤ ਅਮਰੀਕਾ ਵਰਗੇ ਦੇਸ਼ ਨੇ ਵੀ ਵੱਖ-ਵੱਖ ਕਿਸਾਨਾਂ ਦੇ ਬਲਿਊ, ਗ੍ਰੀਨ ਅਤੇ ਰੈੱਡ ਜ਼ੋਨ ਬਣਾਏ ਹਨ। ਅਮਰੀਕਾ ਵਰਗਾ ਦੇਸ਼ ਰੈੱਡ ਜ਼ੋਨ ਵਾਲੇ ਕਿਸਾਨਾਂ ਨੂੰ 85 ਹਜ਼ਾਰ ਡਾਲਰ ਪ੍ਰਤੀ ਕਿਸਾਨ ਸਾਲਾਨਾ ਦੇ ਰਿਹਾ ਹੈ, ਜਦੋਂ ਕਿ ਭਾਰਤ ਸਰਕਾਰ ਸਿਰਫ 298 ਡਾਲਰ ਦੇ ਰਹੀ ਹੈ। ਇਸ ਕਾਰਨ ਕਿਸਾਨ ਮਰ ਰਿਹਾ ਹੈ। ਉਨ੍ਹਾਂ ਆਖਿਆ ਕਿ ਐੱਮ. ਐੱਸ. ਪੀ. ਨੂੰ ਲੈ ਕੇ ਕੇਂਦਰ ’ਚ ਬੈਠੇ ਵਜੀਰ ਅਤੇ ਵੱਡੇ ਬਿਜ਼ਨੈੱਸਮੈਨ ਗਲਤ ਵਿਆਖਿਆ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਐੱਮ. ਐੱਸ. ਪੀ. ਨਾਲ ਸਿੱਧੇ ਤੌਰ ’ਤੇ ਦੇਸ਼ ਦੇ ਆਮ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ :    ਜਲੰਧਰ ਪੁਲਸ ਦੀ ਵੱਡੀ ਕਾਰਵਾਈ, ਲੰਡਾ ਗੈਂਗ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼

ਉਕਤ ਨੇਤਾਵਾਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਤਹਿਤ ਹੁਣ ਤਕ ਦੇਸ਼ ’ਚ ਕੁੱਲ ਪੈਦਾਵਾਰ ਦੀ ਸਿਰਫ਼ 6 ਫੀਸਦੀ ਫਸਲ ’ਤੇ ਐੱਮ. ਐੱਸ. ਪੀ. ਮਿਲਦੀ ਹੈ, ਜਦੋਂ ਕਿ 94 ਪ੍ਰਤੀਸ਼ਤ ਫਸਲ ’ਤੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਅਕਾਲੀ ਦਲ ਦੀ ਸਰਕਾਰ ਸਮੇਂ ਵੀ ਇਕ ਰਣਜੀਤ ਸਿੰਘ ਘੰੁਮਣ ਕਮਿਸ਼ਨ ਬਣਿਆ ਸੀ, ਜਿਸ ਨੇ 1960 ਤੋਂ 2007 ਤੱਕ ਦੀ ਰਿਪੋਰਟ ’ਚ ਪੇਸ਼ ਕੀਤਾ ਸੀ ਕਿ ਕਿਸਾਨਾਂ ਨੂੰ ਫਸਲਾਂ ਐੱਮ. ਐੱਸ. ਪੀ. ਦੀ ਰੇਟ ਤੋਂ ਮਹਿੰਗੀਆਂ ਪੈਂਦੀਆਂ ਹਨ। ਉਨ੍ਹਾਂ ਆਖਿਆ ਕਿ ਅਸਲ ’ਚ ਮੋਦੀ ‘ਮੈਂ ਨਾ ਮਾਨੂੰ’ ਵਾਲੀ ਗੱਲ ’ਤੇ ਅੜੇ ਹਨ ਪਰ ਕਿਸਾਨਾਂ ਦਾ ਸਬਰ ਵੱਡਾ ਹੈ। ਉਹ ਐੱਮ. ਐੱਸ. ਪੀ. ਅਤੇ ਹੋਰ ਮੰਗਾਂ ਮਨਵਾਉਣ ਲਈ ਸੰਘਰਸ਼ ਜਾਰੀ ਰੱਖਣਗੇ।

ਕਿਸਾਨ ਪ੍ਰਿਤਪਾਲ ਨੂੰ 14 ਪੁਲਸ ਮੁਲਾਜ਼ਮਾਂ ਨੇ ਕੁੱਟਿਆ

ਪਟਿਆਲਾ - ਕਿਸਾਨ ਨੇਤਾ ਸਵਰਣ ਸਿੰਘ ਪੰਧੇਰ ਅਤੇ ਹੋਰ ਨੇਤਾਵਾਂ ਨੇ ਆਖਿਆ ਕਿ ਕਿਸਾਨ ਪ੍ਰਿਤਪਾਲ ਸਿੰਘ ਨੂੰ ਲੰਘੇ ਦਿਨ ਜਦੋਂ ਹਰਿਆਣਾ ਪੁਲਸ ਚੁੱਕ ਕੇ ਲੈ ਗਈ ਸੀ ਤਾਂ ਉਸ ਨੂੰ 14 ਪੁਲਸ ਮੁਲਾਜ਼ਮਾਂ ਨੇ ਕੁੱਟਿਆ ਅਤੇ ਗਲ ’ਚ ਰੱਸੀ ਪਾ ਕੇ ਖਿੱਚਿਆ, ਜਿਸ ਕਾਰਨ ਉਸ ਦਾ ਗਲਾ ਵੀ ਬਿਲਕੁਲ ਬੰਦ ਹੈ ਅਤੇ ਬਹੁਤ ਹੌਲੀ-ਹੌਲੀ ਬੋਲ ਰਿਹਾ ਹੈ। ਉਨ੍ਹਾਂ ਆਖਿਆ ਿਕ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਹਾਈ ਕੋਰਟ ’ਚ ਰਿੱਟ ਪਾ ਕੇ ਵਾਰੰਟ ਅਫਸਰ ਨਾਲ ਲੈ ਕੇ ਉਸ ਨੂੰ ਰਿਲੀਜ਼ ਕਰਵਾ ਕੇ ਲੈ ਕੇ ਆਏ ਹਨ। ਇਥੇ ਸਰਕਾਰ ਤੇ ਹੋਰ ਅਫਸਰ ਬਿਨਾਂ ਗੱਲ ਤੋਂ ਦਾਅਵੇ ਕਰ ਰਹੇ ਹਨ, ਜੋ ਕਿ ਬਿਲਕੁੱਲ ਗਲਤ ਹੈ। ਉਨ੍ਹਾਂ ਆਖਿਆ ਕਿ ਕਿਸਾਨੀ ਸੰਘਰਸ਼ ਜਾਰੀ ਰਹੇਗਾ।

7 ਜ਼ਿਲਿਆਂ ’ਚ ਸੋਮਵਾਰ ਨੂੰ ਵੀ ਇੰਟਰਨੈੱਟ ਸੇਵਾਵਾਂ ਰਹਿਣਗੀਆਂ ਬੰਦ

ਪੰਜਾਬ ਦੇ 7 ਜ਼ਿਲਿਆਂ ’ਚ ਸੋਮਵਾਰ ਨੂੰ ਵੀ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ। ਹੁਕਮਾਂ ਤਹਿਤ ਪਟਿਆਲਾ ਜ਼ਿਲੇ ਦੇ ਪੁਲਸ ਸਟੇਸ਼ਨ ਸ਼ੰਭੂ, ਜੁਲਕਾਂ, ਪਾਸੀਆਂ, ਪੰਨਾ, ਸ਼ੁਤਰਾਣਾ, ਸਮਾਣਾ, ਘਨੌਰ, ਦੇਵੀਗੜ੍ਹ, ਬਲਭੇਰਾ ’ਚ ਇੰਟਰਲੈੱਟ ਸੇਵਾ ਬੰਦ ਰਹੇਗੀ।

ਇਸ ਤੋਂ ਇਲਾਵਾ ਮੋਹਾਲੀ ਦੇ ਪੁਲਸ ਸਟੇਸ਼ਨ ਲਾਲੜੂ, ਬਠਿੰਡਾ ਦੇ ਪੁਲਸ ਸਟੇਸ਼ਨ ਸੰਗਤ, ਸ੍ਰੀ ਮੁਕਤਸਰ ਸਾਹਿਬ ਦੇ ਪੁਲਸ ਸਟੇਸ਼ਨ ਖਲੀਆਂ ਵਾਲੀ, ਮਾਨਸਾ ਦੇ ਪੁਲਸ ਸਟੇਸ਼ਨ ਸਰਦੂਲਗੜ੍ਹ, ਸੰਗਰੂਰ ਦੇ ਪੁਲਸ ਸਟੇਸ਼ਨ ਖਨੌਰੀ, ਮੂਨਕ, ਲਹਿਰਾ, ਸੁਨਾਮ, ਝਾਝਲੀ, ਫਤਿਹਗੜ੍ਹ ਸਾਹਿਬ ਦੇ ਪੁਲਸ ਸਟੇਸ਼ਨ ਫਤਿਹਗੜ੍ਹ ਸਾਹਿਬ ਦੇ ਖੇਤਰ ’ਚ ਇੰਟਰਨੈੱਟ ਸੇਵਾ ਬੰਦ ਰਹੇਗੀ।

ਇਹ ਵੀ ਪੜ੍ਹੋ :     ਮੁਕੇਸ਼ ਅੰਬਾਨੀ ਦੀ ਰਿਲਾਇੰਸ ਨੇ ਕੀਤੀ ਸਭ ਤੋਂ ਵੱਧ ਕਮਾਈ, ਟਾਟਾ ਦੀ ਇਸ ਕੰਪਨੀ ਨੂੰ ਹੋਇਆ ਘਾਟਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News