ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਕੀਤੀ ਬੇਨਤੀ

Sunday, Jul 18, 2021 - 02:09 AM (IST)

ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਕੀਤੀ ਬੇਨਤੀ

ਅੰਮ੍ਰਿਤਸਰ (ਬਿਊਰੋ)- ਪ੍ਰਸਿੱਧ ਲਿਖਾਰੀ ਭਬੀਸ਼ਨ ਸਿੰਘ ਗੁਰਾਇਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਨਲਾਈਨ ਪੱਤਰ ਲਿੱਖ ਕੇ ਬੇਨਤੀ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ ਜੋ ਕਿ 16 ਮਾਰਚ 2020 ਤੋਂ ਲਾਕਡਾਊਨ ਕਰਕੇ ਬੰਦ ਕਰ ਦਿੱਤਾ ਗਿਆ ਸੀ। ਹੁਣ ਕਿਉਂਕਿ ਦੇਸ਼ ਭਰ ਦੇ ਸਾਰੇ ਇਮੀਗ੍ਰੇਸ਼ਨ ਦਫਤਰ ਖੋਲ ਦਿੱਤੇ ਗਏ ਹਨ, ਕਰਤਾਰਪੁਰ ਸਾਹਿਬ ਵਾਲੇ ਨੂੰ ਬੰਦ ਰੱਖਣ ਦੀ ਕੋਈ ਤੁੱਕ ਹੀ ਨਹੀ ਬਣਦੀ।
ਗੁਰਾਇਆ ਨੇ ਆਪਣੇ ਪੱਤਰ ਵਿਚ ਦਲੀਲ ਦਿੱਤੀ ਹੈ ਕਿ ਕਿਉਂਕਿ ਕਰਤਾਰਪੁਰ ਦੀ ਯਾਤਰਾ ਕੌਮਾਂਤਰੀ ਹੈ, ਜਿੱਥੇ ਕੋਰੋਨਾ ਪ੍ਰੋਟੋਕੋਲ ਆਸਾਨੀ ਨਾਲ ਲਾਗੂ ਹੈ। ਇਥੇ ਭੀੜ ਹੋਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ ਕਿਉਂਕਿ ਸਰਹੱਦੀ ਇਮੀਗ੍ਰੇਸ਼ਨ ਦਫਤਰ ਤੱਕ ਉਹ ਹੀ ਜਾ ਸਕਦਾ ਹੈ ਜਿਸ ਨੇ ਪਹਿਲਾਂ ਤੋਂ ਆਨਲਾਈਨ ਆਗਿਆ ਲਈ ਹੋਵੇ। ਫਿਰ ਯਾਤਰੀ ਸੁਰੱਖਿਆ ਪੁਲਸ ਦੇ ਹੁਕਮ ਬਗੈਰ ਕਦਮ ਵੀ ਨਹੀ ਪੁੱਟ ਸਕਦਾ। ਸਗੋਂ ਕੌਮਾਂਤਰੀ ਹਵਾਈ ਅੱਡਿਆਂ 'ਤੇ ਭੀੜ ਹੋ ਸਕਦੀ ਹੈ ਪਰ ਕਰਤਾਰਪੁਰ ਲਾਂਘੇ 'ਤੇ ਨਹੀਂ।

ਫਿਰ ਜਿੱਥੇ ਜਾਣਾ ਹੈ ਉਹ ਵੀ ਕੋਈ ਭੀੜ ਭਾੜ ਵਾਲੀ ਥਾਂ ਨਹੀ ਹੈ ਕਿਉਂਕਿ ਕਰਤਾਰਪੁਰ ਸਾਹਿਬ ਇਕੱਲਾ ਇਹੋ-ਜਿਹਾ ਸਥਾਨ ਹੈ, ਜਿਥੇ ਨੇੜੇ ਤੇੜੇ ਕੋਈ ਬਜਾਰ, ਮੰਡੀ, ਪਿੰਡ, ਬਸਤੀ ਜਾਂ ਸ਼ਹਿਰ ਨਹੀਂ ਹੈ। 
ਸੋ ਕਰਤਾਰਪੁਰ ਦੀ ਯਾਤਰਾ ਕੋਈ ਆਮ ਧਾਰਮਿਕ ਯਾਤਰਾ ਨਹੀਂ। ਬਾਕੀ ਥਾਂਈ ਅਕਸਰ ਭੀੜਾਂ ਇਕੱਠੀਆਂ ਹੋ ਜਾਂਦੀਆਂ ਹਨ।

ਪਾਕਿਸਤਾਨ ਵਿਚ ਉਂਜ ਵੀ ਕੋਰੋਨਾ ਦਾ ਅਸਰ ਸਾਡੇ ਨਾਲੋਂ ਘੱਟ ਰਿਹਾ ਹੈ ਅਤੇ ਓਥੋਂ ਦੀ ਸਰਕਾਰ ਇਹ ਯਾਤਰਾ ਦੁਬਾਰਾ ਚਾਲੂ ਕਰਨ ਲਈ ਹਾਮੀ ਵੀ ਭਰ ਚੁੱਕੀ ਹੈ।
 ਬਾਕੀ ਬੇਸ਼ਕ ਸਰਕਾਰ ਯਾਤਰੀ ਨੂੰ ਟੀਕਾ ਲੱਗਾ ਹੋਣ ਦੀ ਸ਼ਰਤ ਵੀ ਨਾਲ ਜੋੜ ਲਵੇ। 
ਇਸ ਚਿੱਠੀ ਦੀ ਨਕਲ ਉਨ੍ਹਾਂ ਨੇ ਵਿਦੇਸ਼ ਮੰਤਰੀ, ਕੇਂਦਰੀ ਖੇਤੀ ਬਾੜੀ ਮੰਤਰੀ, ਮੁੱਖ ਮੰਤਰੀ ਪੰਜਾਬ, ਹੋਮ ਸਕੱਤਰ ਭਾਰਤ ਸਰਕਾਰ ਅਤੇ ਡੀ.ਸੀ. ਗੁਰਦਾਸਪੁਰ ਨੂੰ ਵੀ ਭੇਜੀ ਹੈ ਕਿ ਬਣਦੀ ਕਰਵਾਈ ਸ਼ੁਰੂ ਕੀਤੀ ਜਾਏ।
 
ਗੁਰਾਇਆ ਦੀ ਜਥੇਬੰਦੀ 'ਸੰਗਤ ਲਾਂਘਾ ਕਰਤਾਰਪੁਰ' ਜਿਸ ਨੇ ਪਿੱਛੇ ਲਾਂਘਾ ਖੁੱਲਵਾਉਣ ਲਈ 18 ਸਾਲ ਜੱਦੋ-ਜਹਿਦ ਕੀਤੀ, ਲਾਂਘਾ ਖੁੱਲਣ 'ਤੇ ਨਵੰਬਰ 2019 ਵਿਚ ਭੰਗ ਕਰ ਦਿੱਤੀ ਗਈ ਸੀ। ਕਲ੍ਹ ਫਿਰ ਸੰਗਰਾਂਦ ਦੇ ਦਿਹਾੜੇ ਤੇ ਗੁਰਾਇਆ ਨੇ ਭਜਨ ਸਿੰਘ ਰੋਡਵੇਜ, ਰਾਜ ਸਿੰਘ ਅਤੇ ਲਖਵਿੰਦਰ ਸਿੰਘ ਵੈਦ ਨੂੰ ਨਾਲ ਲੈ ਕੇ ਸਰਹੱਦ 'ਤੇ ਅਰਦਾਸ ਕੀਤੀ ਜਿਸ ਵਿਚ ਅਨੇਕਾਂ ਸੰਗਤਾਂ ਵੀ ਸ਼ਾਮਲ ਹੋਈਆਂ।


author

Bharat Thapa

Content Editor

Related News