ਪਾਕਿਸਤਾਨ ਦੇ ਗੁਰਦੁਆਰਾ ਬਾਬੇ ਦੀ ਬੇਰ ਦੀਆਂ ਕੰਧਾਂ ''ਤੇ ਲਿਖਿਆ ਕਲਮਾ ; ਸਿੱਖਾਂ ''ਚ ਰੋਸ

04/29/2016 9:39:22 AM

ਅੰਮ੍ਰਿਤਸਰ : ਪਾਕਿਸਤਾਨ ਦੇ ਸ਼ਹਿਰ ਸਿਆਲਕੋਟ ਵਿਚ ਸਥਿਤ ਗੁਰਦੁਆਰਾ ਸਾਹਿਬ ਬਾਬੇ ਦੀ ਬੇਰ ਦੀਆਂ ਕੰਧਾਂ ''ਤੇ ਬਣੇ ਗੁਰੂਆਂ ਦੇ ਕੰਧ ਚਿੱਤਰਾਂ ਅਤੇ ਲਿਖੀਆਂ ਗੁਰਬਾਣੀ ਦੀਆਂ ਤੁਕਾਂ ਨੂੰ ਲੁਪਤ ਕਰਨ ਤੋਂ ਬਾਅਦ ਉਥੇ ਕਲਮਾ (ਪੈਗੰਬਰ ਮੁਹੰਮਦ ਦੀ ਵਢਿਆਈ ਵਾਲੇ ਪਵਿੱਤਰ ਸ਼ਬਦ) ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਲੈ ਕੇ ਉਥੋਂ ਦੇ ਸਿੱਖਾਂ ਵਿਚ ਕਾਫੀ ਰੋਸ ਹੈ। 
ਗੁਰਦੁਆਰਾ ਸਾਹਿਬ ਦੇ ਸੰਸਥਾਪਕ ਰਣਜੀਤ ਸਿੰਘ ਮਸੌਟਾ ਮੁਤਾਬਕ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਦੀ ਨਾਲ ਸਬੰਧਤ ਇਸ ਇਤਿਹਾਸਕ ਗੁਰਦੁਆਰੇ ਦੀ ਕੁੱਲ 32 ਕਨਾਲਾਂ ਜ਼ਮੀਨ ਵਿਚੋਂ 26 ਕਨਾਲਾਂ ''ਤੇ ਤਾਂ ਪਹਿਲਾਂ ਹੀ ਸਥਾਨਕ ਭੂ-ਮਾਫੀਆ ਨੇ ਪੁਲਸ ਅਤੇ ਓਕਾਫ ਬੋਰਡ ਦੀ ਮਿਲੀਭੁਗਤ ਨਾਲ ਕਬਜ਼ਾ ਕੀਤਾ ਹੋਇਆ ਹੈ। ਹੁਣ ਇਹ ਰਹਿੰਦੀ 6 ਕਨਾਲਾਂ ਜ਼ਮੀਨ ''ਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ, ਜਿਸ ਕਰਕੇ ਭਾਰੀ ਪੁਲਸ ਫੋਰਸ ਦੀ ਮੌਜੂਦਗੀ ਵਿਚ ਗੁਰਦੁਆਰਾ ਸਾਹਿਬ ਦੀਆਂ ਕੰਧਾਂ ''ਤੇ ਕਲਮਾ ਲਿਖਿਆ ਗਿਆ ਹੈ। 
ਇਕ ਪਾਕਿਸਤਾਨੀ ਸਿੱਖ ਨੇ ਗੁਰਦੁਆਰਾ ਸਾਹਿਬ ਦੀਆਂ ਕੰਧਾਂ ''ਤੇ ਕਲਮਾ ਲਿਖੇ ਜਾਣ ਦੀ ਕਾਰਵਾਈ ਨੂੰ ਆਪਣੇ ਫੋਨ ਵਿਚ ਰਿਕਾਰਡ ਕਰ ਕੇ ਇਸ ਦੀ ਫੁਟੇਜ ਨੂੰ ਹਰ ਥਾਂ ਭੇਜ ਦਿੱਤਾ। ਜਿਸਤੋਂ ਬਾਅਦ ਪਾਕਿਸਤਾਨੀ ਸਿੱਖਾਂ ਵਿਚ ਕਾਫੀ ਰੋਸ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਤਿਹਾਸਕ ਗੁਰਦਆਰਾ ਸਾਹਿਬ ਨੂੰ ਮੁਸਲਿਮ ਦਰਬਾਰ (ਮਸਜਿਦ) ਵਿਚ ਬਦਲਣ ਲਈ ਇਹ ਕੋਝੀ ਹਰਕਤ ਕੀਤੀ ਗਈ ਹੈ। ਉਨ੍ਹਾਂ ਨੇ ਇਸ ਸਬੰਧੀ ਗੁਰਦੁਆਰਾ ਸਾਹਿਬ ਦੀ ਸਾਂਭ-ਸੰਭਾਲ ਕਰਨ ਵਾਲੇ ਜਸਕਰਨ ਸਿੰਘ ਜੋ ਤੀਰਥ ਯਾਤਰਾ ''ਤੇ ਭਾਰਤ ਵਿਚ ਹਨ, ਨੂੰ ਵੀ ਸੂਚਿਤ ਕਰ ਦਿੱਤਾ ਹੈ। 

ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਕਹਿਣਾ ਹੈ ਕਿ ਉਹ ਪਹਿਲ ਦੇ ਆਧਾਰ ''ਤੇ ਇਸ ਮੁੱਦੇ ਨੂੰ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਚੁੱਕਣਗੇ।
ਉਧਰ ਓਕਾਫ ਬੋਰਡ ਦੇ ਚੇਅਰਮੈਨ ਸਿੱਦੀਕ-ਉਲ-ਫਾਰੂਕ ਨੇ ਮੰਨਿਆ ਕਿ ਮੰਗਲਵਾਰ ਨੂੰ ਭਾਰੀ ਪੁਲਸ ਬਲਾਂ ਦੀ ਹਾਜ਼ਰੀ ਵਿਚ ਗੁਰਦੁਆਰਾ ਸਾਹਿਬ ਦੀਆਂ ਕੰਧਾਂ ''ਤੇ ਕਲਮਾ ਲਿਖਿਆ ਗਿਆ ਹੈ ਪਰ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਨੂੰ ਮੁਸਲਿਮ ਦਰਬਾਰ (ਮਸਜਿਦ) ਵਿਚ ਬਦਲੇ ਜਾਣ ਦੀ ਗੱਲ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। 

ਦੂਜੇ ਪਾਸੇ ਪਾਕਿਸਤਾਨੀ ਸਿੱਖਾਂ ਦੀ ਮੰਗ ''ਤੇ ਅੱਜ ਸਿਆਲਕੋਟ ਦੇ ਤਹਿਸੀਲਦਾਰ, ਪਟਵਾਰੀ ਅਤੇ ਵਕਫ਼ ਬੋਰਡ ਦੇ ਅਧਿਕਾਰੀਆਂ ਨੇ ਉਕਤ ਅਸਥਾਨ ਦਾ ਦੌਰਾ ਕੀਤਾ ਅਤੇ ਇਸ ਮਸਲੇ ਦਾ ਵਾਜਬ ਹੱਲ ਲੱਭਣ ਦਾ ਭਰੋਸਾ ਦਿਵਾਇਆ।


Related News