ਪੰਜਾਬ ''ਚ ਲਾਗੂ ਹੋਵੇ ਵਾਤਾਵਰਣ ਐਮਰਜੈਂਸੀ: ਅਮਰ ਸਿੰਘ

06/05/2019 3:59:28 PM

ਜਲੰਧਰ— ਸਾਡੇ ਰਿਸ਼ੀ-ਮੁਨੀਆਂ ਅਤੇ ਗੁਰੂ ਸਾਹਿਬਾਨਾਂ ਨੇ ਤਾਂ ਹਜ਼ਾਰਾਂ ਸਾਲ ਪਹਿਲਾਂ ਹੀ ਇਹ ਸਮਝ ਦੇ ਦਿੱਤੀ ਸੀ। ਹੁਣ ਵਿਗਿਆਨ ਨੇ ਵੀ ਇਸ 'ਤੇ ਮੋਹਰ ਲਗਾ ਦਿੱਤੀ ਹੈ। ਇਨ੍ਹਾਂ 5 ਤੱਤਾਂ 'ਚੋਂ ਹਵਾ, ਮਿੱਟੀ, ਪਾਣੀ, ਪਦਾਰਥ ਦੇ ਤੌਰ 'ਤੇ ਹਨ ਜਦਕਿ ਬਾਕੀ ਦੋ ਊਰਜਾ ਨਾਲ ਭਰਪੂਰ ਆਕਾਸ਼ ਤੇ ਖੁਦ ਪ੍ਰਮਾਤਮਾ ਹਨ। ਡਾ. ਅਮਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੀ ਇਕ ਪੰਕਤੀ 'ਚ ਹੀ ਸਾਨੂੰ ਇਸ ਦੀ ਡੂੰਘਾਈ ਬਾਰੇ ਸਮਝਾ ਦਿੱਤਾ। ਉਨ੍ਹਾਂ ਲਿਖਿਆ, ''ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹੱਤ।'' ਊਰਜਾ ਨਾਲ ਭਰਿਆ ਹੋਇਆ ਆਕਾਸ਼ ਸਾਰੀ ਸ੍ਰਿਸ਼ਟੀ ਦਾ ਸਾਂਝਾ ਹੈ ਜਦਕਿ ਹਵਾ, ਪਾਣੀ ਅਤੇ ਮਿੱਟੀ ਇਸ ਧਰਤੀ ਦੇ ਹਨ। ਇਨ੍ਹਾਂ 5 ਤੱਤਾਂ ਦੇ ਮਿਲਣ ਨਾਲ ਕੁਦਰਤ ਦੀ ਰਚਨਾ ਹੋਈ ਅਤੇ ਆਪਣੇ ਬਣਾਏ ਨਿਯਮਾਂ ਤਹਿਤ ਚਲਦੇ ਹੋਏ ਇਹ ਕੁਦਰਤ ਲਗਾਤਾਰ ਚੱਲ ਰਹੀ ਹੈ। 
ਉਨ੍ਹਾਂ ਕਿਹਾ ਕਿ ਅਸੀਂ ਇਸੇ ਹੀ ਕੁਦਰਤ ਦੇ ਬੱਚੇ ਹਾਂ। ਜੇਕਰ ਅਸੀਂ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਉਸ ਦੇ ਅਨੁਸਾਰ ਆਪਣਾ ਜੀਵਨ ਜੀਵੀਏ ਤਾਂ ਸਿਹਤਮੰਦ ਰਹਿੰਦੇ ਹੋਏ ਸਾਰੇ ਜੀਵਨ 'ਚ ਬਹੁਤ ਘੱਟ ਦਿੱਕਤਾਂ ਆਉਣਗੀਆਂ ਅਤੇ ਜੇਕਰ ਅਸੀਂ ਕੁਦਰਤ ਦੇ ਵਿਰੋਧ ਦੇ ਆਧਾਰ 'ਤੇ ਜੀਵਨ ਜੀਵਾਂਗੇ ਤਾਂ ਕਈ ਸਮੱਸਿਆਵਾਂ ਨਾਲ ਘਿਰ ਜਾਵਾਂਗੇ। ਅੱਜ ਅਸੀਂ ਕੁਦਰਤ ਦੇ ਵਿਰੋਧ ਵਿਚ ਸਿਖਰ 'ਤੇ ਪਹੁੰਚ ਗਏ ਹਾਂ। ਸਰੀਰਕ ਅਤੇ ਮਾਨਸਿਕ ਦਰਦ ਅਤੇ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਇਸੇ ਕੁਦਰਤ ਦੇ ਵਿਰੋਧ 'ਤੇ ਆਧਾਰਤ ਲਾਈਫ ਸਟਾਈਲ ਨਾਲ ਹੀ ਜਨਮ ਲੈ ਰਹੀਆਂ ਹਨ। ਹਵਾ, ਪਾਣੀ ਤੇ ਮਿੱਟੀ ਸਾਡੇ ਸਰੀਰ ਤੋਂ ਬਾਹਰ ਵੀ ਹਨ ਅਤੇ ਅੰਦਰ ਵੀ। ਜ਼ਿੰਦਾ ਰਹਿਣ ਲਈ ਅਸੀਂ ਇਨ੍ਹਾਂ ਤਿੰਨਾਂ ਤੱਤਾਂ ਨੂੰ ਲਗਾਤਾਰ ਅੰਦਰ ਲੈਂਦੇ ਹਾਂ ਤੇ ਬਾਹਰ ਵੀ ਕੱਢਦੇ ਹਾਂ। ਬਾਹਰ ਵਾਲੇ ਹਵਾ, ਪਾਣੀ ਤੇ ਮਿੱਟੀ ਸਾਡੇ ਸਰੀਰ ਤੋਂ ਬਾਹਰ ਵਾਲੇ ਜ਼ਹਿਰ ਸਾਡੇ ਸਰੀਰ ਦੇ ਅੰਦਰ ਪਹੁੰਚ ਕੇ ਇਕੱਠੇ ਹੁੰਦੇ ਰਹਿੰਦੇ ਹਨ। ਜ਼ਹਿਰ ਦੇ ਅੰਦਰ ਜਾਣ ਦਾ ਰਸਤਾ ਖੁਲ੍ਹਾ ਹੈ ਜਦ ਕਿ ਬਾਹਰ ਨਿਕਲਣ ਦਾ ਰਸਤਾ ਤੰਗ ਹੈ ਅਤੇ ਨਤੀਜੇ ਦੇ ਤੌਰ 'ਤੇ ਸਰੀਰ 'ਚ ਜ਼ਹਿਰਾਂ ਦਾ ਪੱਧਰ ਸਾਡੇ ਨੇੜੇ ਦੇ ਵਾਤਾਵਰਣ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦਾ ਹੈ। ਪਿਛਲੇ 50-60 ਸਾਲ ਵਿਚ ਹੀ ਅਸੀਂ ਆਪਣੇ ਆਲੇ-ਦੁਆਲੇ ਖਤਰਨਾਕ ਜ਼ਹਿਰਾਂ ਦਾ ਇਕ ਜਾਲ ਬੁਣ ਲਿਆ ਹੈ। 

PunjabKesari
ਪੰਜਾਬ ਦੀ ਡੇਢ ਫੀਸਦੀ ਧਰਤੀ 'ਤੇ 18 ਫੀਸਦੀ ਕੀਟਨਾਸ਼ਕ ਅਤੇ 12 ਫੀਸਦੀ ਖਾਦਾਂ ਦੀ ਵਰਤੋਂ ਕਰਕੇ ਪੂਰੀ ਭੋਜਨ ਦੀ ਲੜੀ ਅਤੇ ਵਾਤਾਵਰਣ ਨੂੰ ਖੇਤੀ ਦੇ ਜ਼ਹਿਰਾਂ ਨਾਲ ਭਰ ਦਿੱਤਾ ਗਿਆ ਹੈ। ਖੇਤੀ ਦੀ ਇਸ ਕੁਦਰਤ ਦੇ ਦੁਸ਼ਮਣ ਅਤੇ ਮਨੁੱਖੀ ਵਿਰੋਧੀ ਮਾਡਲ ਨੇ ਨਾ ਸਿਰਫ ਲੋਕਾਂ ਨੂੰ ਸਗੋਂ ਸਾਰੇ ਜੀਵਨ ਨੂੰ ਸਮੂਹਿਕ ਤਬਾਹੀ ਦੇ ਰਸਤੇ 'ਤੇ ਪਾ ਦਿੱਤਾ ਹੈ। 60 ਸਾਲ ਬਾਅਦ ਸਾਨੂੰ ਹੁਣ ਸਮਝ ਆਈ ਹੈ ਕਿ ਖੇਤੀ ਨੂੰ ਤਾਂ ਜ਼ਹਿਰਾਂ ਦੀ ਲੋੜ ਹੀ ਨਹੀਂ ਸੀ। ਅਸਲ 'ਚ ਜਿਨ੍ਹਾਂ ਨੇ ਇਨ੍ਹਾਂ ਜ਼ਹਿਰਾਂ ਦਾ ਵਪਾਰ ਕਰਨਾ ਸੀ, ਉਨ੍ਹਾਂ ਨੂੰ ਖੇਤੀ ਦੀ ਲੋੜ ਸੀ। ਆਪਣੇ ਵਪਾਰਕ ਹਿੱਤਾਂ ਦੀ ਖਾਤਰ ਉਨ੍ਹਾਂ ਨੇ ਜ਼ਹਿਰਾਂ ਦੀ ਖੇਤੀ ਨੂੰ ਲੋੜ ਬਣਾ ਦਿੱਤਾ। ਸਾਰੀ ਮਨੁੱਖਤਾ ਮੂਰਖ ਬਣ ਗਈ ਕਿਉਂਕਿ ਉਨ੍ਹਾਂ ਨੇ ਇਸ ਸਮਝ ਨੂੰ ਵਿਗਿਆਨਕ ਅਤੇ ਤਰੱਕੀ ਦੇ ਬੇਹੱਦ ਮਨਮੋਹਨੇ ਕੱਪੜੇ ਪਾ ਕੇ ਸਜਾ ਦਿੱਤਾ ਅਤੇ ਅਸੀਂ ਬੁਰੀ ਤਰ੍ਹਾਂ ਠੱਗੇ ਗਏ। 
ਉਦਯੋਗਾਂ ਅਤੇ ਸ਼ਹਿਰੀ ਸੀਵਰੇਜ ਦੇ ਗੰਦੇ ਪਾਣੀ ਨੇ ਸਾਡੀਆਂ ਨਦੀਆਂ-ਨਾਲਿਆਂ ਅਤੇ ਜ਼ਮੀਨੀ ਪਾਣੀ ਨੂੰ ਜ਼ਹਿਰੀਲਾ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਇਥੋਂ ਤਕ ਵੀ ਰਿਪੋਰਟਾਂ ਹਨ ਕਿ ਕਈ ਉਦਯੋਗਿਕ ਇਕਾਈਆਂ ਆਪਣਾ ਗੰਦਾ ਪਾਣੀ ਚੋਰੀ-ਚੋਰੀ ਧਰਤੀ 'ਚ ਕੀਤੇ ਗਏ ਡੂੰਘੇ ਬੋਰਾਂ ਰਾਹੀਂ ਜ਼ਮੀਨ ਵਿਚ ਪਾ ਰਹੇ ਹਨ ਜਦਕਿ ਕੁਝ ਉਦਯੋਗਿਕ ਇਕਾਈਆਂ ਆਪਣਾ ਗੰਦਾ ਪਾਣੀ ਟੈਂਕਰਾਂ ਵਿਚ ਭਰ ਕੇ ਰਾਤ ਸਮੇਂ ਨਦੀਆਂ 'ਚ ਪਾ ਆਉਂਦੇ ਹਨ। ਕੁਦਰਤ ਤੇ ਮਨੁੱਖਤਾ ਵਿਰੁੱਧ ਇਸ ਤੋਂ ਵੱਡਾ ਕੋਈ ਜੁਰਮ ਨਹੀਂ ਹੋ ਸਕਦਾ ਪਰ ਅਫਸੋਸ ਦੀ ਗੱਲ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ, ਸਰਕਾਰਾਂ ਅਤੇ ਸਿਆਸੀ ਪਾਰਟੀਆਂ ਇਸ ਗੰਭੀਰ ਅਪਰਾਧ ਨੂੰ ਚੁੱਪ ਕਰਕੇ ਬੈਠੇ ਦੇਖ ਰਹੇ ਹਨ। ਸਾਨੂੰ ਤੁਰੰਤ ਮੰਗ ਕਰਨੀ ਚਾਹੀਦੀ ਕਿ ਪੰਜਾਬ ਵਿਚ ਵਾਤਾਵਰਣ ਐਮਰਜੈਂਸੀ ਦਾ ਐਲਾਨ ਹੋਵੇ। ਸਰਕਾਰ ਵਾਤਾਵਰਣ ਦੀ ਮੌਜੂਦਾ ਸਥਿਤੀ ਦੇ ਬਾਰੇ 'ਚ ਇਕ ਵ੍ਹਾਈਟ ਪੇਪਰ ਜਾਰੀ ਕਰੇ। 
ਹਾਈਕੋਰਟ ਦੇ ਇਕ ਰਿਟਾਇਰ ਜੱਜ ਦੀ ਪ੍ਰਧਾਨਗੀ 'ਚ ਵਾਤਾਵਰਣ ਕਮਿਸ਼ਨ ਦਾ ਗਠਨ ਕੀਤਾ ਜਾਵੇ। ਇਸ ਕਮਿਸ਼ਨ 'ਚ ਵਾਤਾਵਰਣ ਲਈ ਕੰਮ ਕਰ ਰਹੇ ਸੰਗਠਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਇਹ ਕਮਿਸ਼ਨ ਵਾਤਾਵਰਣ 'ਚ ਆਈ ਗਿਰਾਵਟ, ਉਸ ਦੇ ਕਾਰਨਾਂ ਅਤੇ ਹੱਲ ਬਾਰੇ ਵਿਸਤਾਰ ਨਾਲ ਪੜਤਾਲ ਕਰੇ। ਕਮਿਸ਼ਨ ਦੀਆਂ ਸਿਫਾਰਸ਼ਾਂ ਪਾਰਦਰਸ਼ੀ ਤੇ ਜਨਤਾ ਲਈ ਮੁਹੱਈਆ ਹੋਣੀਆਂ ਚਾਹੀਦੀਆਂ ਹਨ। ਕੋਈ ਵੀ ਸ਼ਹਿਰੀ ਇਸ ਕਮਿਸ਼ਨ ਕੋਲ ਆਪਣੀ ਸ਼ਿਕਾਇਤ ਰੱਖ ਸਕੇ ਅਤੇ ਹਰ ਮਹੀਨੇ ਇਸ ਦੀ ਸੁਣਵਾਈ, ਸਿਫਾਰਸ਼ਾਂ ਪ੍ਰਕਾਸ਼ਿਤ ਕਰਕੇ ਜਨਤਕ ਕੀਤੀਆਂ ਜਾਣ। ਵਾਤਾਵਰਣ ਬਚਾਉਣ ਲਈ ਅੱਜ ਇਕ ਵੱਡੀ ਲੋਕ ਲਹਿਰ ਦੀ ਲੋੜ ਹੈ। ਆਓ ਇਸ ਲੋਕ ਲਹਿਰਾ ਦਾ ਹਿੱਸਾ ਬਣੀਏ।


shivani attri

Content Editor

Related News