ਵਰਲਡ ਬੈਂਕ ਵੱਲੋਂ ਇਜ਼ ਆਫ ਡੂਇੰਗ ਬਿਜ਼ਨੈੱਸ ''ਚ ਲੁਧਿਆਣਾ ਨੂੰ ਦੇਸ਼ ''ਚ ਨੰ. 1 ਰੈਂਕਿੰਗ

Wednesday, Nov 01, 2017 - 04:03 AM (IST)

ਵਰਲਡ ਬੈਂਕ ਵੱਲੋਂ ਇਜ਼ ਆਫ ਡੂਇੰਗ ਬਿਜ਼ਨੈੱਸ ''ਚ ਲੁਧਿਆਣਾ ਨੂੰ ਦੇਸ਼ ''ਚ ਨੰ. 1 ਰੈਂਕਿੰਗ

ਜਜ਼ਬੇ ਤੇ ਮਿਹਨਤ ਨਾਲ ਹਾਸਲ ਹੋਇਆ ਮੁਕਾਮ
ਲੁਧਿਆਣਾ(ਬਹਿਲ)- ਵਰਲਡ ਬੈਂਕ ਵੱਲੋਂ ਵਿਸ਼ਵ ਦੇ ਦੇਸ਼ਾਂ ਦੀ ਇਜ਼ ਆਫ ਡੂਇੰਗ ਬਿਜ਼ਨੈੱਸ ਰੈਂਕਿੰਗ ਦੇ ਅੱਜ ਕੀਤੇ ਗਏ ਐਲਾਨ ਮੁਤਾਬਕ ਭਾਰਤ ਨੇ ਆਪਣੀ ਰੈਂਕਿੰਗ 'ਚ 30 ਪਾਏਦਾਨ ਦੀ ਲੰਬੀ ਛਾਲ ਮਾਰਦੇ ਹੋਏ ਵਿਸ਼ਵ ਦੇ ਪ੍ਰਮੁੱਖ 100 ਦੇਸ਼ਾਂ ਵਿਚ ਆਪਣੇ-ਆਪ ਨੂੰ ਸ਼ੁਮਾਰ ਕਰਨ ਦੀ ਜਿਥੇ ਜ਼ਬਰਦਸਤ ਸਫਲਤਾ ਪ੍ਰਾਪਤ ਕੀਤੀ ਹੈ, ਉਥੇ ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਨੂੰ ਵਰਲਡ ਬੈਂਕ ਵੱਲੋਂ ਭਾਰਤ 'ਚ ਬਿਜ਼ਨੈੱਸ ਦੇ ਲਿਹਾਜ਼ ਨਾਲ ਨੰ. 1 ਦਾ ਦਰਜਾ ਦੇਣਾ ਲੁਧਿਆਣਵੀਆਂ ਲਈ ਬੜੇ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ।
ਵਿਸ਼ਵ ਬੈਂਕ ਵੱਲੋਂ ਕਿਸੇ ਵੀ ਦੇਸ਼ ਨੂੰ ਬਿਜ਼ਨੈੱਸ ਦੇ ਲਿਹਾਜ਼ ਨਾਲ ਰੈਂਕਿੰਗ ਦੇਣ ਲਈ ਵੱਖ-ਵੱਖ ਮਾਪਦੰਡਾਂ ਨੂੰ ਆਧਾਰ ਬਣਾ ਕੇ ਰਿਪੋਰਟ ਦਰਜ ਕੀਤੀ ਜਾਂਦੀ ਹੈ, ਜੋ ਕਾਰੋਬਾਰ ਦੀ ਆਸਾਨੀ ਲਈ ਆਂਕਲਣ ਦਾ ਪੈਰਾਮੀਟਰ ਮੰਨੀ ਜਾਂਦੀ ਹੈ। ਉਦਯੋਗਿਕ ਸ਼ਹਿਰ ਲੁਧਿਆਣਾ ਨੂੰ ਭਾਰਤ ਦੇ ਮਾਨਚੈਸਟਰ ਦਾ ਰੁਤਬਾ ਹਾਸਲ ਹੈ। ਇਥੇ ਹੌਜ਼ਰੀ, ਬਾਈਸਾਈਕਲ, ਇੰਜੀਨੀਅਰਿੰਗ, ਆਟੋ ਪਾਰਟਸ, ਮਸ਼ੀਨ ਟੂਲ, ਸੈਕੰਡਰੀ ਸਟੀਲ ਫਰਨੇਸ ਅਤੇ ਸਟੀਲ ਰੋਲਿੰਗ ਮਿੱਲਜ਼ ਇੰਡਸਟਰੀ, ਹੈਂਡ ਟੂਲ, ਟਰੈਕਟਰ ਪਾਰਟ, ਸਿਲਾਈ ਮਸ਼ੀਨ ਆਦਿ ਨਾਲ ਜੁੜੀਆਂ 1 ਲੱਖ ਤੋਂ ਵੱਧ ਉਦਯੋਗਿਕ ਇਕਾਈਆਂ ਹਨ। ਭੂਗੋਲਿਕ ਕਾਰਨਾਂ ਕਰ ਕੇ ਕਈ ਸਹੂਲਤਾਂ ਤੋਂ ਵਾਂਝਾ ਹੋਣ ਦੇ ਬਾਵਜੂਦ ਲੁਧਿਆਣਾ ਦੇ ਕਾਰੋਬਾਰੀਆਂ ਦਾ ਜਜ਼ਬਾ ਅਤੇ ਮਿਹਨਤ ਇਸ ਨੂੰ ਇਸ ਉੱਚੇ ਮੁਕਾਮ ਨੂੰ ਹਾਸਲ ਕਰਨ ਵਿਚ ਸਹਾਈ ਬਣਿਆ ਹੈ। ਵਰਲਡ ਬੈਂਕ ਵੱਲੋਂ ਭਾਰਤ ਵਿਚ ਲੁਧਿਆਣਾ ਨੂੰ ਇਜ਼ ਆਫ ਡੂਇੰਗ ਬਿਜ਼ਨੈੱਸ ਵਿਚ ਅੱਵਲ ਚੁਣੇ ਜਾਣ 'ਤੇ ਮਹਾਨਗਰ ਦੇ ਉਦਯੋਗ ਜਗਤ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਪਰ ਕਾਰੋਬਾਰੀਆਂ ਨੂੰ ਇਸ ਪ੍ਰਾਪਤੀ ਬਾਰੇ ਵਿਚਾਰਾਂ ਵਿਚ ਵੱਖਰੇਵਾਂ ਸਪੱਸ਼ਟ ਨਜ਼ਰ ਆਉਂਦਾ ਹੈ।
ਲੁਧਿਆਣਾ ਨੂੰ ਸਭ ਤੋਂ ਵਧੀਆ ਚੁਣਨ ਪਿੱਛੇ ਦੀ ਵਜ੍ਹਾ
ਪੰਜਾਬ 'ਚ ਲੁਧਿਆਣਾ ਇਕ ਅਜਿਹਾ ਸ਼ਹਿਰ ਹੈ, ਜਿਸ ਨੇ ਐਗਰੀਕਲਚਰ ਦੇ ਨਾਲ-ਨਾਲ ਉਦਯੋਗਿਕ ਖੇਤਰ ਵਿਚ ਵੀ ਬਰਾਬਰ ਸਫਲਤਾ ਹਾਸਲ ਕੀਤੀ ਹੈ। ਚਾਹੇ ਇਥੇ ਵੱਡੇ ਇੰਡਸਟਰੀਅਲ ਯੂਨਿਟ ਸਥਾਪਿਤ ਨਹੀਂ ਹੋਏ ਪਰ ਇਥੋਂ ਦੀ ਇੰਜੀਨੀਅਰਿੰਗ ਇੰਡਸਟਰੀ ਮਾਰੂਤੀ, ਹੁੰਡਈ, ਮਰਸੀਡੀਜ਼ ਕਾਰ, ਹੋਂਡਾ, ਟਾਟਾ ਟਰੱਕ, ਰੇਲਵੇ ਪਾਰਟਸ ਆਦਿ ਦਾ ਨਿਰਮਾਣ ਕਰ ਕੇ ਵੱਡੇ ਯੂਨਿਟਾਂ ਨੂੰ ਮਾਲ ਸਪਲਾਈ ਕਰਦੀ ਹੈ। ਲੁਧਿਆਣਾ ਵਿਚ ਖੁਸ਼ਕ ਬੰਦਰਗਾਹ ਦੇ ਸੀ. ਐੱਫ. ਐੱਸ. ਵਿਚ ਲਗਾਤਾਰ ਵਿਸਥਾਰ ਨਾਲ ਦਰਾਮਦ ਤੇ ਬਰਾਮਦ ਦੀਆਂ ਸਹੂਲਤਾਂ ਵਧੀਆਂ ਹਨ। ਕਰੀਬ 3 ਸਾਲ ਦੇ ਫਰਕ ਤੋਂ ਬਾਅਦ ਲੁਧਿਆਣਾ ਤੋਂ ਦਿੱਲੀ ਲਈ ਉਡਾਣਾਂ ਦੀ ਸ਼ੁਰੂਆਤ ਨਾਲ ਇੰਡਸਟਰੀ ਨੂੰ ਕਾਰੋਬਾਰੀ ਗਤੀਵਿਧੀਆਂ ਵਧਾਉਣ ਵਿਚ ਸਫਲਤਾ ਹਾਸਲ ਹੋਈ ਹੈ।
ਇਨ੍ਹਾਂ ਪੈਮਾਨਿਆਂ 'ਤੇ ਮਿਲਿਆ ਖਿਤਾਬ 
ਬਿਜ਼ਨੈੱਸ ਸ਼ੁਰੂ ਕਰਨਾ ਕਿੰਨਾ ਆਸਾਨ
ਨਿਰਮਾਣ ਲਈ ਲਾਇਸੈਂਸ 'ਚ ਆਸਾਨੀ
ਬਿਜਲੀ ਦੀ ਉਪਲਬਧਤਾ
ਪ੍ਰਾਪਟੀ ਰਜਿਸਟਰਡ ਕਰਵਾਉਣ 'ਚ ਆਸਾਨੀ
ਬਿਜ਼ਨੈੱਸ ਲਈ ਪੈਸੇ ਦੀ ਉਪਲਬਧਤਾ
ਛੋਟੇ ਨਿਵੇਸ਼ਕਾਂ ਲਈ ਸੁਰੱਖਿਅਤ ਵਾਤਾਵਰਣ
ਕਰ ਪ੍ਰਣਾਲੀ 'ਚ ਸਰਲਤਾ
ਸੀਮਾ ਪਾਰ ਵਪਾਰ ਕਰਨ 'ਚ ਆਸਾਨੀ
ਸੌਦਿਆਂ ਦਾ ਨਿਪਟਾਰਾ
ਦਵਾਲੀਆਪਨ ਦੀ ਸਥਿਤੀ 'ਚ ਹੱਲ ਕੱਢਣ ਦੀ ਵਿਵਸਥਾ


Related News