ਗੁੱਸੇ ''ਚ ਆਏ ਵੀ. ਸੀ. ਨੇ ਵਰਕਰਾਂ ਨੂੰ ਦਫਤਰ ''ਚ ਕੀਤਾ ਅਪਮਾਨਤ

Monday, Mar 12, 2018 - 07:22 AM (IST)

ਗੁੱਸੇ ''ਚ ਆਏ ਵੀ. ਸੀ. ਨੇ ਵਰਕਰਾਂ ਨੂੰ ਦਫਤਰ ''ਚ ਕੀਤਾ ਅਪਮਾਨਤ

ਚੰਡੀਗੜ੍ਹ  (ਸਾਜਨ) - ਕਈ ਮਸਲਿਆਂ 'ਤੇ ਵਿਵਾਦਾਂ 'ਚ ਘਿਰੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰੁਣ ਕੁਮਾਰ ਗਰੋਵਰ ਹਾਲ ਹੀ 'ਚ ਇਕ ਨਵੇਂ ਮਾਮਲੇ 'ਚ ਵਿਵਾਦਾਂ 'ਚ ਆ ਗਏ ਹਨ। ਵੀ. ਸੀ. 'ਤੇ ਦੋਸ਼ ਹੈ ਕਿ ਉਨ੍ਹਾਂ ਦੇ ਦਫ਼ਤਰ 'ਚ ਮੀਮੋ ਸੌਂਪਣ ਗਏ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ  (ਏ. ਬੀ. ਵੀ. ਪੀ.)  ਦੇ ਪ੍ਰਧਾਨ ਤੇ ਹੋਰ ਵਰਕਰਾਂ ਨੂੰ ਵੀ. ਸੀ. ਨੇ ਅਪਮਾਨਤ ਕੀਤਾ। ਏ. ਬੀ. ਵੀ. ਪੀ.  ਨੇ ਇਸ ਮਾਮਲੇ ਦੀ ਸ਼ਿਕਾਇਤ ਪੀ. ਯੂ. ਦੇ ਚਾਂਸਲਰ ਤੇ ਉੱਪ-ਰਾਸ਼ਟਰਪਤੀ ਵੈਂਕਈਆ ਨਾਇਡੂ  ਸਮੇਤ ਹੋਰ ਭਾਜਪਾ ਆਗੂਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਏ. ਬੀ. ਵੀ. ਪੀ.  ਆਗੂਆਂ ਦੀ ਦਲੀਲ ਹੈ ਕਿ ਇਸ ਤਰ੍ਹਾਂ ਹੱਦ ਤੋਂ ਬਾਹਰ ਨਿਕਲਣ ਵਾਲੇ ਵੀ. ਸੀ. ਨੂੰ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।  
ਸੀਨੀਅਰ ਏ. ਬੀ. ਵੀ. ਪੀ. ਆਗੂ ਦਿਨੇਸ਼ ਸਿੰਘ ਚੌਹਾਨ, ਹਰਮਨਦੀਪ, ਕ੍ਰਿਸ਼ਨ ਸ਼ਿਓਰਾਣ ਦਾ ਕਹਿਣਾ ਹੈ ਕਿ ਏ. ਬੀ. ਵੀ. ਪੀ.  ਦੀ ਸਥਾਨਕ ਇਕਾਈ ਜੀ. ਐੱਸ. ਟੀ. ਲਾਏ ਜਾਣ ਦੇ ਵਿਰੋਧ 'ਚ ਵੀ. ਸੀ. ਦਫ਼ਤਰ ਸਾਹਮਣੇ ਪ੍ਰਦਰਸ਼ਨ ਕਰਨ ਪਹੁੰਚੀ ਸੀ। ਵਿਦਿਆਰਥੀਆਂ 'ਤੇ ਵਾਧੂ ਆਰਥਿਕ ਬੋਝ ਨਾ ਪਾਉਣ ਸਬੰਧੀ ਇਹ ਜਾਇਜ਼ ਮੰਗ ਸੀ।  ਵਿਰੋਧ ਤੋਂ ਬਾਅਦ ਮੀਮੋ ਦੇਣ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਰਿਸ਼ਭ ਹੋਰ ਵਰਕਰਾਂ ਨਾਲ ਵੀ. ਸੀ. ਦਫ਼ਤਰ ਅੰਦਰ ਪੁੱਜੇ।
 ਰਿਸ਼ਭ ਨੇ ਦੱਸਿਆ ਕਿ ਜਿਵੇਂ ਹੀ ਵਿਦਿਆਰਥੀਆਂ ਦੇ ਹੱਕ 'ਚ ਉਨ੍ਹਾਂ ਆਪਣੀ ਗੱਲ ਰੱਖੀ ਤਾਂ ਵੀ. ਸੀ. ਪੂਰੀ ਗੱਲ ਸੁਣੇ ਬਿਨਾਂ ਜ਼ੋਰ-ਜ਼ੋਰ ਨਾਲ ਚੀਕਣ ਲੱਗੇ। ਕ੍ਰਿਸ਼ਨ,  ਹਰਮਨਦੀਪ ਤੇ ਦਿਨੇਸ਼ ਸਿੰਘ ਚੌਹਾਨ ਅਨੁਸਾਰ ਵੀ. ਸੀ. ਨੇ ਏ. ਬੀ. ਵੀ. ਪੀ. ਵਰਕਰਾਂ ਨੂੰ ਬੁਰੀ ਤਰ੍ਹਾਂ ਜ਼ਲੀਲ ਕੀਤਾ, ਜਿਸ ਤੋਂ ਏ. ਬੀ. ਵੀ. ਪੀ. ਵਰਕਰ ਹੈਰਾਨ ਰਹਿ ਗਏ।
ਕ੍ਰਿਸ਼ਨ ਸ਼ਿਓਰਾਣ ਦਾ ਕਹਿਣਾ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਵੀ. ਸੀ. ਦਾ ਇਸ ਤਰ੍ਹਾਂ ਦਾ ਰਵੱਈਆ ਸਾਹਮਣੇ ਆਇਆ ਹੋਵੇ। ਅਧਿਆਪਕਾਂ ਦੇ ਨਾਲ ਵੀ ਇਸੇ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ। ਏ. ਬੀ. ਵੀ. ਪੀ. ਆਗੂਆਂ ਨੇ ਕਿਹਾ ਕਿ ਉਹ ਇਸ ਮਸਲੇ 'ਤੇ ਚੁੱਪ ਬੈਠਣ ਵਾਲੇ ਨਹੀਂ ਹਨ। ਛੇਤੀ ਹੀ ਵੀ. ਸੀ. ਖਿਲਾਫ ਵੱਡਾ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਨ।
ਉਧਰ,  ਫੇਸਬੁੱਕ 'ਤੇ ਏ. ਬੀ. ਵੀ. ਪੀ. ਵਰਕਰਾਂ 'ਤੇ ਗੁੱਸੇ ਹੋਏ ਵੀ. ਸੀ. ਦੀਆਂ ਤਸਵੀਰਾਂ ਵੀ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਢਾਈ ਮਿੰਟ ਦਾ ਜੋ ਵੀਡੀਓ ਤਿਆਰ ਕੀਤਾ ਗਿਆ ਹੈ, ਉਸ ਨੂੰ ਚਾਂਸਲਰ ਆਫਿਸ ਸਮੇਤ ਵੱਡੇ ਭਾਜਪਾ ਆਗੂਆਂ ਕੋਲ ਵੀ ਭੇਜਿਆ ਜਾ ਰਿਹਾ ਹੈ। ਇਸ ਬਾਰੇ ਪੀ. ਯੂ. ਦੀ ਬੁਲਾਰਾ ਰੇਣੂਕਾ ਸਲਵਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਫਿਲਹਾਲ ਡਿਨਰ 'ਤੇ ਹਾਂ, ਇਸ ਸਬੰਧ ਵੀ. ਸੀ.  ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੀ ਹਾਂ।  
ਫੇਸਬੁੱਕ ਪੇਜ 'ਤੇ ਵੀ. ਸੀ. ਖਿਲਾਫ ਮੋਰਚਾ
ਏ. ਬੀ. ਵੀ. ਪੀ. ਦੇ ਕ੍ਰਿਸ਼ਨ ਸ਼ਿਓਰਾਣ ਨੇ ਆਪਣੇ ਫੇਸਬੁੱਕ ਪੇਜ 'ਤੇ ਵੀ. ਸੀ. ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਜੋ ਬਦਤਮੀਜ਼ੀ ਨਾਲ ਪੇਸ਼ ਆਏ, ਉਹ ਅਰੁਣ ਗਰੋਵਰ। ਇਸ ਵਿਚ ਉਨ੍ਹਾਂ ਲਿਖਿਆ ਹੈ ਕਿ ਵੀ. ਸੀ. ਘੱਟ ਸੀ. ਈ. ਓ.  ਸਾਹਿਬ, ਵਿਦਿਆਰਥੀਆਂ 'ਤੇ ਚੀਕਣ ਨਾਲ ਤੁਹਾਡੀਆਂ ਗਲਤੀਆਂ ਠੀਕ ਨਹੀਂ ਹੋਣ ਵਾਲੀਆਂ ਹਨ। ਮੈਂ ਸੱਚ ਕਹਿ ਰਿਹਾ ਹਾਂ, ਮੈਂ ਆਪਣੀ ਪੂਰੀ ਜ਼ਿੰਦਗੀ 'ਚ ਅਜਿਹਾ ਪ੍ਰਸ਼ਾਸਕ ਨਹੀਂ ਵੇਖਿਆ ਹੈ। ਜੇਕਰ ਤੁਸੀ ਚੀਕਣਾ ਹੈ ਤਾਂ ਉਨ੍ਹਾਂ 'ਤੇ ਚੀਕੋ ਜੋ ਐਡਮ ਬਲਾਕ 'ਚ ਲੱਗੀ ਅੱਗ ਦੇ ਜ਼ਿੰਮੇਵਾਰ ਹਨ।  ਉਨ੍ਹਾਂ 'ਤੇ ਚੀਕੋ ਜੋ ਵੱਖ-ਵੱਖ ਘਪਲਿਆਂ ਦੇ ਜ਼ਿੰਮੇਵਾਰ ਹਨ। ਤੁਸੀਂ ਕਹਿੰਦੇ ਹੋ, ਅਸੀਂ ਤੁਹਾਨੂੰ ਸਵਾਲ ਨਹੀਂ ਪੁੱਛ ਸਕਦੇ। ਤੁਸੀਂ ਕਿਸ ਗਲਤਫਹਿਮੀ 'ਚ ਹੋ? ਅਸੀਂ ਤੁਹਾਡੀ ਇਸ ਨਕਲੀ ਹਵਾਬਾਜ਼ੀ ਦੀਆਂ ਧੱਜੀਆਂ ਉਡਾ ਦੇਵਾਂਗੇ। ਬਾਕੀ ਤੁਸੀਂ ਜਿਥੇ ਜਵਾਬ ਦੇਣਾ ਚਾਹੁੰਦੇ ਹੋ, ਉਥੇ ਤੁਹਾਡੀ ਇਹ ਵੀਡੀਓ ਜ਼ਰੂਰ ਭੇਜਾਂਗੇ।  
ਵੀ. ਸੀ. ਸਮੇਤ ਰਜਿਸਟਰਾਰ ਤੇ ਐੱਸ. ਵੀ. ਸੀ. 'ਤੇ ਵੀ ਲੱਗ ਚੁੱਕੇ ਹਨ ਬਦਸਲੂਕੀ ਦੇ ਦੋਸ਼
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਵੀ. ਸੀ. ਜਾਂ ਕਿਸੇ ਹੋਰ ਅਧਿਕਾਰੀ ਨੇ ਕਿਸੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਵੀ. ਸੀ. ਸਮੇਤ ਰਜਿਸਟਰਾਰ ਜੀ. ਐੱਸ. ਚੱਢਾ ਤੇ ਐੱਸ. ਵੀ. ਸੀ.  ਜੀ. ਐੱਸ.  ਸੰਧੂ 'ਤੇ ਬਦਸਲੂਕੀ ਕਰਨ ਦੇ ਦੋਸ਼ ਲੱਗ ਚੁੱਕੇ ਹਨ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਹੀ ਵੀ. ਸੀ. ਪ੍ਰੋ.  ਅਰੁਣ ਕੁਮਾਰ ਗਰੋਵਰ ਦੇ ਕਾਰਜਕਾਲ ਦੌਰਾਨ ਹੋਸਟਲਾਂ ਵਿਚ ਕਰੋੜਾਂ ਰੁਪਏ ਦੇ ਕਈ ਘਪਲੇ ਦਾ ਪਰਦਾਫਾਸ਼ ਕੀਤਾ ਸੀ ਤੇ ਇਸ ਦੀ ਸ਼ਿਕਾਇਤ ਤਤਕਾਲੀਨ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸਿਮਰਤੀ ਈਰਾਨੀ ਨੂੰ ਕੀਤੀ ਸੀ । ਉਨ੍ਹਾਂ ਨੇ ਇਸ ਮਾਮਲੇ ਵਿਚ ਜਾਂਚ  ਦੇ ਹੁਕਮ ਦਿੱਤੇ ਸਨ, ਜਿਸ ਦੀ ਰਿਪੋਰਟ ਸਾਹਮਣੇ ਆਉਣੀ ਬਾਕੀ ਹੈ ।
ਪੀ. ਯੂ. ਦੇ ਸਾਰੇ ਅਧਿਕਾਰੀ ਇਸ ਮਸਲੇ 'ਤੇ ਆਪਣਾ ਪੱਖ ਰੱਖਣ ਲਈ ਯੂ. ਜੀ. ਸੀ. ਪੁੱਜੇ ਸਨ ਪਰ ਅਜੇ ਫਾਈਲ ਖੁੱਲ੍ਹੀ ਪਈ ਹੈ ਕਿਉਂਕਿ ਮਾਮਲਾ ਕਰੋੜਾਂ ਰੁਪਏ ਦੀ ਖਰੀਦ ਨਾਲ ਜੁੜਿਆ ਹੈ। ਪੀ. ਯੂ. ਦੀ ਸਾਬਕਾ ਚੀਫ ਵਿਜੀਲੈਂਸ ਅਫਸਰ ਪ੍ਰੋ. ਮੀਨਾਕਸ਼ੀ ਮਲਹੋਤਰਾ ਨੇ ਜੋ ਰਿਪੋਰਟ ਦਿੱਤੀ ਹੈ, ਉਸ 'ਚ ਖਰੀਦ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਹਨ। ਨਾਲ ਹੀ ਇਸ ਵਿਚ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਖਰੀਦ ਵਿਚ ਵੱਡੇ ਪੱਧਰ 'ਤੇ ਗੜਬੜੀ ਹੋਈ ਤੇ ਸਾਬਕਾ ਡੀ. ਐੱਸ. ਡਬਲਯੂ. ਤੇ ਵੀ. ਸੀ. ਦੇ ਕਰੀਬੀ ਪ੍ਰੋ. ਨਵਦੀਪ ਗੋਇਲ ਦੀ ਫਰਮ ਤੋਂ ਹੋਸਟਲਾਂ 'ਚ ਕਰੋੜਾਂ ਦਾ ਸਾਮਾਨ ਖਰੀਦਿਆ ਗਿਆ। ਇਸ ਰਿਪੋਰਟ ਨੂੰ ਸੀ. ਵੀ. ਓ. ਤੋਂ ਪਿਛਲੇ ਮਈ ਮਹੀਨੇ ਵਿਚ ਦਿੱਤਾ ਗਿਆ ਸੀ ਪਰ ਸੀਨੇਟ 'ਚ ਲਗਾਤਾਰ ਵੀ. ਸੀ. ਇਸ 'ਤੇ ਬਹਿਸ ਤੋਂ ਕਤਰਾ ਰਹੇ ਹਨ।  


Related News