ਮਾਮਲਾ ਮਜ਼ਦੂਰਾਂ ਦੀਆਂ ਝੁੱਗੀਆਂ ਤੋੜਣ ਤੇ ਕੁੱਟਮਾਰ ਦਾ, ਮਜ਼ਦੂਰਾਂ ਵਲੋਂ ਥਾਣੇ ਦਾ ਘਿਰਾਓ
Monday, Sep 09, 2019 - 10:48 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) - ਸੰਗੂਧੌਣ 'ਚ ਪਿਛਲੇ ਦਿਨੀਂ ਪਿੰਡ ਦੇ ਇਕ ਧਨਾਢ ਪਰਿਵਾਰ ਵਲੋਂ ਪੰਚਾਇਤੀ ਜ਼ਮੀਨ 'ਤੇ ਝੁੱਗੀਆਂ ਪਾ ਕੇ ਬੈਠੇ ਮਜ਼ਦੂਰਾਂ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰਨ ਮਗਰੋਂ ਉਨ੍ਹਾਂ ਦੀਆਂ ਝੁੱਗੀਆਂ ਤੋੜ ਦਿੱਤੀਆਂ ਗਈਆਂ ਸਨ। ਅਜਿਹਾ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ 'ਚ ਸੈਂਕੜੇ ਮਜ਼ਦੂਰਾਂ ਨੇ ਥਾਣਾ ਸਦਰ ਮੁਕਤਸਰ ਦਾ ਘਿਰਾਓ ਕੀਤਾ ਅਤੇ 'ਮੁਕਤ-ਏ-ਮੀਨਾਰ' ਪਾਰਕ 'ਚ ਇਕੱਤਰ ਹੋਣ ਮਗਰੋਂ ਸ਼ਹਿਰ 'ਚ ਰੋਸ ਰੈਲੀ ਕੀਤੀ। ਇਸ ਦੌਰਾਨ ਮਜ਼ਦੂਰਾਂ ਨੇ ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲਾ ਆਗੂ ਜਸਵਿੰਦਰ ਸਿੰਘ ਸੰਗੂਧੌਣ, ਜਸਵਿੰਦਰ ਸਿੰਘ ਵੱਟੂ ਆਦਿ ਨੇ ਕਿਹਾ ਕਿ ਪਿੰਡ ਸੰਗੂਧੌਣ ਦੇ ਬੇਘਰੇ ਦਲਿਤ ਮਜ਼ਦੂਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤੀ ਸ਼ਾਮਲਾਟ ਜ਼ਮੀਨ 'ਤੇ ਝੁੱਗੀਆਂ ਪਾ ਕੇ ਬੈਠੇ ਸਨ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਧਨਾਢ ਅਮਰਜੀਤ ਸਿੰਘ, ਸਮਿੰਦਰ ਸਿੰਘ, ਬਲਵਿੰਦਰ ਸਿੰਘ ਨੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ 50 ਸਾਲਾਂ ਤੋਂ ਇਥੇ ਕਬਜ਼ਾ ਕੀਤਾ ਹੋਇਆ ਹੈ। ਇਕ ਕਿਸਾਨ ਇਕਬਾਲ ਸਿੰਘ ਨੇ ਅਦਾਲਤ 'ਚ ਕੇਸ ਕਰਕੇ ਜ਼ਮੀਨ ਛੁਡਵਾ ਲਈ ਸੀ, ਜਿਥੇ ਹੁਣ ਮਜ਼ਦੂਰਾਂ ਨੂੰ ਪਲਾਟ ਅਲਾਟ ਹੋਣੇ ਸਨ। ਇਸੇ ਰੰਜਿਸ਼ ਤਹਿਤ ਝੁੱਗੀਆਂ ਪਾ ਕੇ ਬੈਠੇ ਮਜ਼ਦੂਰਾਂ ਦੀ ਧਨਾਢ ਲੋਕਾਂ ਵਲੋਂ ਕੁੱਟ-ਮਾਰ ਕੀਤੀ ਗਈ ਤੇ ਉਨ੍ਹਾਂ ਨੂੰ ਗੰਭੀਰ ਸੱਟਾਂ ਮਾਰੀਆਂ। ਪੁਲਸ ਨੇ ਸੱਟਾਂ ਮਾਰਨ ਵਾਲੇ ਵਿਅਕਤੀਆਂ 'ਤੇ ਥਾਣਾ ਸਦਰ ਮੁਕਤਸਰ ਵਿਖੇ ਮਾਮਲਾ ਦਰਜ ਕਰ ਲਿਆ ਸੀ ਅਤੇ ਇਕ ਮੁਲਜ਼ਮ ਨੂੰ ਜੇਲ ਭੇਜ ਦਿੱਤਾ ਸੀ ਪਰ ਬਾਕੀ ਮੁਲਜ਼ਮਾਂ ਨੂੰ ਪੁਲਸ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸੇ ਰੋਸ ਵਜੋਂ ਦੋ ਮਜ਼ਦੂਰ ਜਥੇਬੰਦੀਆਂ ਵਲੋਂ ਥਾਣਾ ਸਦਰ ਦਾ ਘਿਰਾਓ ਕੀਤਾ ਗਿਆ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 13 ਸਤੰਬਰ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਜ਼ਿਲੇ ਦੀਆਂ ਸਮੂਹ ਦਲਿਤ ਤੇ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ ਸਾਂਝੀ ਮੀਟਿੰਗ ਕਰਕੇ ਐਕਸ਼ਨ ਕਮੇਟੀ ਬਣਾਈ ਜਾਵੇਗੀ ਅਤੇ ਜ਼ਿਲੇ ਭਰ 'ਚ ਅੰਦੋਲਨ ਵਿੱਢਿਆ ਜਾਵੇਗਾ।
ਆਗੂਆਂ ਨੇ ਮਜ਼ਦੂਰਾਂ ਨੂੰ ਸੰਘਰਸ਼ ਲਈ ਇਕੱਤਰਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਜੋ ਜਮਾਤਾਂ ਮਜ਼ਦੂਰਾਂ ਨੂੰ ਪਲਾਟ ਨਹੀਂ ਦੇਣਾ ਚਾਹੁੰਦੀਆਂ, ਉਨ੍ਹਾਂ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਮਜ਼ਦੂਰ ਜਥੇਬੰਦੀਆਂ ਵਲੋਂ ਥਾਣਾ ਸਦਰ ਦੇ ਮੁਖੀ ਨੂੰ ਇਕ ਮੰਗ-ਪੱਤਰ ਦੇ ਕੇ ਮੁਲਜ਼ਮਾਂ ਯਾਦਵਿੰਦਰ, ਸ਼ਮਿੰਦਰ ਸਿੰਘ ਅਤੇ ਬੂਟਾ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।