ਸਾਥੀ ਦੀ ਮੌਤ ''ਤੇ ਹੰਗਾਮਾ,ਪ੍ਰਵਾਸੀ ਮਜ਼ਦੂਰਾਂ ਨੇ ਫੂਕਿਆ ਪੀ. ਸੀ. ਆਰ. ਦਾ ਮੋਟਰਸਾਈਕਲ

10/24/2019 9:51:52 AM

ਰਾਜਪੁਰਾ (ਨਿਰਦੋਸ਼, ਚਾਵਲਾ, ਮਸਤਾਨਾ)—ਦਾਣਾ ਮੰਡੀ ਵਿਚ ਕੱਲ ਪ੍ਰਵਾਸੀ ਮਜ਼ਦੂਰ ਦੀ ਹੋਈ ਮੌਤ 'ਤੇ ਗੁੱਸੇ 'ਚ ਆਏ ਸੈਂਕੜੇ ਪ੍ਰਵਾਸੀ ਮਜ਼ਦੂਰਾਂ ਨੇ ਅੱਜ ਸਵੇਰੇ ਪਟਿਆਲਾ ਰੋਡ 'ਤੇ ਜਾਮ ਲਾ ਦਿੱਤਾ।ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਨੇ ਦੱਸਿਆ ਕਿ ਕੱਲ ਸਵੇਰੇ ਆੜ੍ਹਤੀਏ ਸਾਈਂ ਦਾਸ ਕ੍ਰਿਸ਼ਨ ਕੁਮਾਰ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਮਜ਼ਦੂਰ ਅਗਨੂ ਸਾਦਾ ਉਰਫ ਰਾਜੂ ਦੀ ਅਚਾਨਕ ਸਵੇਰੇ ਸਾਢੇ 9 ਵਜੇ ਤਬੀਅਤ ਖ਼ਰਾਬ ਹੋ ਗਈ। ਉਸ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ। ਉਥੇ ਉਸ ਦੀ ਮੌਤ ਹੋ ਗਈ।

ਲਾਸ਼ ਨੂੰ ਇਥੇ ਦਾਣਾ ਮੰਡੀ ਵਿਚ ਲਿਆਂਦਾ ਗਿਆ ਤਾਂ ਬਾਕੀ ਮਜ਼ਦੂਰਾਂ ਨੇ ਆੜ੍ਹਤੀਆ ਐਸੋਸੀਏਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ। ਲਾਡਾ ਨੇ ਦੱਸਿਆ ਕਿ ਅਸੀਂ ਮ੍ਰਿਤਕ ਦੇ ਪਰਿਵਾਰ ਦੇ ਬੈਂਕ ਖਾਤੇ ਦਾ ਵੇਰਵਾ ਦੇਣ ਲਈ ਕਿਹਾ ਤਾਂ ਕਿ ਇਨ੍ਹਾਂ ਦੇ ਖਾਤੇ ਵਿਚ ਪੈਸੇ ਪਾ ਸਕੀਏ, ਜਿਸ 'ਤੇ ਮਜ਼ਦੂਰ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ਲਈ ਤਿਆਰ ਹੋ ਗਏ। ਲਾਡਾ ਨੇ ਦੱਸਿਆ ਕਿ ਅੱਜ ਸਵੇਰੇ ਕਸਤੂਰਬਾ ਚੌਕੀ ਇੰਚਾਰਜ ਦਾ ਫੋਨ ਆਇਆ ਕਿ ਮਜ਼ਦੂਰ ਪਟਿਆਲਾ ਰੋਡ ਜਾਮ ਕਰਨ ਦੀ ਗੱਲ ਕਰ ਰਹੇ ਹਨ। ਅਸੀਂ ਮਜ਼ਦੂਰਾਂ ਨਾਲ ਗੱਲ ਕਰਨੀ ਚਾਹੀ ਤਾਂ ਇੰਨੇ ਵਿਚ ਦੋ-ਢਾਈ ਸੌ ਮਜ਼ਦੂਰ ਦਾਣਾ ਮੰਡੀ ਦੇ ਬਾਹਰ ਪਟਿਆਲਾ ਰੋਡ 'ਤੇ ਪਹੁੰਚ ਗਏ। ਰੋਡ ਜਾਮ ਕਰਨ ਤੋਂ ਇਲਾਵਾ ਉਨ੍ਹਾਂ ਰਾਹਗੀਰਾਂ ਅਤੇ ਕਿਸਾਨਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੀ. ਸੀ. ਆਰ. ਟੀਮ 'ਤੇ ਵੀ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮਜ਼ਦੂਰਾਂ ਨੇ ਪੀ. ਸੀ. ਆਰ. ਟੀਮ ਦੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ। ਇਕ ਹੋਰ ਰਾਹਗੀਰ ਦੀ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਭੰਨ ਦਿੱਤਾ। ਇਸ ਦੌਰਾਨ ਥਾਣੇਦਾਰ ਹਰਵਿੰਦਰ ਸਿੰਘ, ਹੌਲਦਾਰ ਸੁਖਵਿੰਦਰ ਸਿੰਘ ਅਤੇ ਮੇਜਰ ਜ਼ਖ਼ਮੀ ਹੋ ਗਏ। ਫਿਰ ਪੀ. ਸੀ. ਆਰ. ਨੇ ਆਪਣੇ ਬਚਾਅ ਲਈ ਹਵਾਈ ਫਾਇਰ ਕੀਤਾ ਤਾਂ ਮਜ਼ਦੂਰ ਭੱਜ ਗਏ।

ਇਸ ਮੌਕੇ ਪੁਲਸ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਮੌਕੇ 'ਤੇ ਮੌਜੂਦ ਮ੍ਰਿਤਕ ਦੇ ਬੇਟੇ ਨੇ ਕਿਹਾ ਕਿ ਸਾਨੂੰ ਆੜ੍ਹਤੀਆਂ ਜਾਂ ਐਸੋਸੀਏਸ਼ਨ ਵੱਲ ਕੋਈ ਸ਼ਿਕਾਇਤ ਨਹੀਂ ਹੈ। ਸਾਨੂੰ ਨਹੀਂ ਪਤਾ ਕਿ ਹਮਲਾ ਕਰਨ ਵਾਲੇ ਕੌਣ ਸਨ। ਇਸ ਉਪਰੰਤ ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਇਸ ਦੌਰਾਨ ਐੱਸ. ਪੀ. ਹਰਮੀਤ ਸਿੰਘ ਹੁੰਦਲ ਨੇ ਕਿਹਾ ਕਿ ਹਮਲਾ ਕਰਨ ਵਾਲੇ ਮਜ਼ਦੂਰਾਂ ਖਿਲਾਫ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News