ਇਹ ਗੋਲੀਆਂ ਖਾਣ ਵਾਲੀਆਂ ਔਰਤਾਂ ਹੋ ਜਾਣ Alert, ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
Thursday, Dec 05, 2024 - 10:48 AM (IST)
ਚੰਡੀਗੜ੍ਹ (ਪਾਲ) : ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਥੋੜ੍ਹਾ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਹ ਦਿਲ ਦੇ ਦੌਰੇ ਦੇ ਜੋਖ਼ਮ ਨੂੰ ਵਧਾ ਸਕਦੀਆਂ ਹਨ। ਸਿਰਫ਼ ਗਰਭ ਨਿਰੋਧਕ ਗੋਲੀਆਂ ਹੀ ਨਹੀਂ, ਸਗੋਂ ਔਰਤਾਂ ’ਚ ਸਿਗਰਟ ਪੀਣ ਦੀ ਆਦਤ ਵੀ ਦਿਲ ਦੇ ਦੌਰੇ ਦਾ ਖ਼ਤਰਾ ਵਧਾਉਂਦੀ ਹੈ। ਇਹ ਗੱਲ ਪੀ. ਜੀ. ਆਈ. ਵੱਲੋਂ ਕੀਤੀ ਗਈ ਖੋਜ ’ਚ ਸਾਹਮਣੇ ਆਈ ਹੈ। ਪੀ. ਜੀ. ਆਈ. ਐਡਵਾਂਸਡ ਕਾਰਡਿਅਕ ਸੈਂਟਰ ਦੇ ਕਾਰਡੀਓਲੋਜਿਸਟ ਡਾ. ਵਿਜੇਵਰਗੀਆ ਅਨੁਸਾਰ ਇਹ ਦੋਵੇਂ ਚੀਜ਼ਾਂ ਵੱਖ-ਵੱਖ ਤਰੀਕਿਆਂ ਨਾਲ ਖ਼ੂਨ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਗਰਟਨੋਸ਼ੀ ਖ਼ੂਨ ਦੇ ਸੰਚਾਰ ’ਚ ਰੁਕਾਵਟ ਪਾਉਂਦੀ ਹੈ, ਜਿਸ ਕਾਰਨ ਤੇਜ਼ੀ ਨਾਲ ਥੱਕਾ ਬਣਨ ਲੱਗਦਾ ਹੈ। ਨਿਕੋਟੀਨ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਨੂੰ ਵਧਾਉਂਦਾ ਹੈ। ਗਰਭ ਨਿਰੋਧਕ ਦਵਾਈਆਂ ਖ਼ੂਨ ਨੂੰ ਗਾੜ੍ਹਾ ਕਰਨ ਦਾ ਕੰਮ ਕਰ ਸਕਦੀਆਂ ਹਨ, ਜਿਸ ਕਾਰਨ ਬਲੱਡ ਪ੍ਰੈਸ਼ਰ ਵੀ ਵੱਧ ਸਕਦਾ ਹੈ। ਇਹ ਦੋਵੇਂ ਕਾਰਨ ਦਿਲ ਨਾਲ ਸਬੰਧਿਤ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਅਜਿਹੀ ਸਥਿਤੀ ’ਚ ਗਰਭ ਨਿਰੋਧਕ ਗੋਲੀਆਂ ਸਿਰਫ ਡਾਕਟਰ ਦੀ ਨਿਗਰਾਨੀ ’ਚ ਹੀ ਲੈਣੀਆਂ ਚਾਹੀਦੀਆਂ ਹਨ। ਦਿਲ ਦੀਆਂ ਬਿਮਾਰੀਆਂ ਨੂੰ ਲੈ ਕੇ ਟਰੈਂਡ ਬਦਲ ਰਿਹਾ ਹੈ। ਹੁਣ ਬਜ਼ੁਰਗ ਲੋਕਾਂ ’ਚ ਹੀ ਨਹੀਂ, ਸਗੋਂ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ’ਚ ਵੀ ਦਿਲ ਦੀਆਂ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ। 40 ਤੇ 50 ਸਾਲ ਦੀ ਉਮਰ ਦੀਆਂ ਔਰਤਾਂ ’ਚ ਵੀ ਦਿਲ ਦੀ ਸਮੱਸਿਆ ਦੇਖੀ ਗਈ ਹੈ। ਇਹ ਗ਼ਲਤ ਧਾਰਨਾ ਹੈ ਕਿ ਮਰਦਾਂ ’ਚ ਦਿਲ ਦੀਆਂ ਬਿਮਾਰੀਆਂ ਜ਼ਿਆਦਾ ਹਨ। ਇਹ ਮਰਦਾਂ ਤੇ ਔਰਤਾਂ ਨੂੰ ਬਰਾਬਰ ਪ੍ਰਭਾਵਿਤ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਕੈਦੀਆਂ ਨੂੰ ਲੈ ਕੇ ਆਈ ਨਵੀਂ ਸਕੀਮ, ਹੋਵੇਗੀ ਲਾਹੇਵੰਦ
50 ਫ਼ੀਸਦੀ ਵੱਧ ਹੁੰਦੀ ਹੈ ਦਿਲ ਦੀਆਂ ਬਿਮਾਰੀਆਂ ਵਾਲੀਆਂ ਔਰਤਾਂ ’ਚ ਮੌਤ ਦੀ ਸੰਭਾਵਨਾ
ਪੀ. ਜੀ. ਆਈ. ਦੇ ਤਿੰਨ ਸਾਲਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦਿਲ ਦੀਆਂ ਬਿਮਾਰੀਆਂ (ਸੀ. ਵੀ. ਡੀ) ਤੋਂ ਪੀੜਤ 13-15 ਫ਼ੀਸਦੀ ਔਰਤਾਂ 50 ਸਾਲ ਤੋਂ ਘੱਟ ਉਮਰ ਦੀਆਂ ਸਨ। ਹਾਲ ਹੀ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਦਿਲ ਨਾਲ ਸਬੰਧਿਤ ਬਿਮਾਰੀ ਤੋਂ ਪੀੜਤ 44 ਫ਼ੀਸਦੀ ਔਰਤਾਂ ਮੋਟਾਪੇ ਤੋਂ ਗ੍ਰਸਤ ਸਨ ਤੇ ਸਿਰਫ਼ 1 ਫ਼ੀਸਦੀ ਨੇ ਆਪਣੀ ਰੋਜ਼ਾਨਾ ਖ਼ੁਰਾਕ ’ਚ ਲੋੜੀਂਦੇ ਫਲ ਅਤੇ ਸਬਜ਼ੀਆਂ ਪ੍ਰਾਪਤ ਕੀਤੀਆਂ। ਦਿਲ ਦੀਆਂ ਬਿਮਾਰੀਆਂ ਵਾਲੀਆਂ ਔਰਤਾਂ ’ਚ ਮੌਤ ਦੀ ਸੰਭਾਵਨਾ 50 ਫ਼ੀਸਦੀ ਵੱਧ ਹੁੰਦੀ ਹੈ।
40 ਤੋਂ ਬਾਅਦ ਡਾਕਟਰ ਦੀ ਸਲਾਹ ’ਤੇ ਜ਼ਰੂਰ ਕਰਵਾਓ ਟੈਸਟ
ਪ੍ਰੋ. ਵਿਜੇਵਰਗੀਆ ਦਾ ਕਹਿਣਾ ਹੈ ਕਿ ਦਿਲ ਦੀਆਂ ਬਿਮਾਰੀਆਂ ਦੁਨੀਆ ਭਰ 'ਚ ਮੌਤ ਤੇ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਬਣੀਆਂ ਹੋਈਆਂ ਹਨ। ਦਿਲ ਦੀਆਂ ਬਿਮਾਰੀਆਂ ਨੂੰ ਸਿਰਫ਼ ਸਿਹਤਮੰਦ ਜੀਵਨ ਸ਼ੈਲੀ ਨਾਲ ਸਬੰਧਿਤ ਤਬਦੀਲੀਆਂ ਨੂੰ ਸ਼ਾਮਲ ਕਰ ਕੇ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ ਜਿਵੇਂ ਕਿ ਕੈਲਰੀਜ਼ ਨੂੰ ਸੀਮਤ ਕਰਨ ਲਈ ਸੰਤੁਲਿਤ ਖ਼ੁਰਾਕ, ਨਿਯਮਤ ਕਸਰਤ ਤੇ ਬੇਲੋੜੇ ਮਨੋਵਿਗਿਆਨਕ ਤੇ ਸਰੀਰਕ ਤਣਾਅ ਤੋਂ ਬਚਣਾ। 40 ਸਾਲ ਤੋਂ ਬਾਅਦ ਹਰ ਕਿਸੇ ਨੂੰ ਡਾਕਟਰ ਦੀ ਸਲਾਹ ਅਨੁਸਾਰ ਈ. ਸੀ. ਜੀ, ਈਕੋ ਤੇ ਟੀ. ਐੱਮ. ਟੀ. ਟੈਸਟ ਕਰਵਾਉਣੇ ਚਾਹੀਦੇ ਹਨ। ਸਿਗਰਟਨੋਸ਼ੀ, ਸ਼ੂਗਰ, ਮੋਟਾਪਾ ਜਾਂ ਦਿਲ ਦੇ ਦਰਦ ਦੇ ਲੱਛਣਾਂ ਵਰਗੇ ਜੋਖ਼ਮ ਵਾਲੇ ਲੋਕਾਂ ਨੂੰ 30 ਸਾਲ ਦੀ ਉਮਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕਦੋਂ ਪਵੇਗੀ ਹੱਡ ਚੀਰਵੀਂ ਠੰਡ? ਮੌਸਮ ਵਿਭਾਗ ਦੀ ਆਈ ਨਵੀਂ Update
ਸ਼ੁਰੂਆਤੀ ਪੜਾਵਾਂ ’ਚ ਦਿਲ ਦੇ ਦੌਰੇ ਦੀ ਪਛਾਣ ਕਿਵੇਂ ਕਰੀਏ ?
ਸ਼ੁਰੂਆਤ ’ਚ ਹੀ ਦਿਲ ਦੀ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਇਲਾਜ ਕੀਤਾ ਜਾ ਸਕਦਾ ਹੈ। ਅਕਸਰ ਸਾਨੂੰ ਉਦੋਂ ਪਤਾ ਲੱਗਦਾ ਹੈ, ਜਦੋਂ ਬਿਮਾਰੀ ਗੰਭੀਰ ਹਾਲਤ ਵਿਚ ਪਹੁੰਚ ਚੁੱਕੀ ਹੁੰਦੀ ਹੈ।
ਦਿਲ ਦੇ ਦੌਰੇ ਦਾ ਸਭ ਤੋਂ ਆਮ ਲੱਛਣ ਸੀਨੇ ’ਚ ਬੇਚੈਨੀ ਅਤੇ ਭਾਰੀਪਣ ਮਹਿਸੂਸ ਕਰਨਾ ਹੈ।
ਸੀਨੇ ਦੀ ਜਲਣ ਵੀ ਕਈ ਵਾਰ ਦਿਲ ਦੇ ਦੌਰੇ ਦਾ ਲੱਛਣ ਹੁੰਦੀ ਹੈ।
ਸਾਹ ਲੈਣ ’ਚ ਤਕਲੀਫ਼ ਜਾਂ ਘੱਟ ਚੱਲਣ ’ਤੇ ਸਾਹ ਫੁੱਲਣਾ ਦਿਲ ਦੇ ਦੌਰੇ ਦਾ ਇਸ਼ਾਰਾ ਹੁੰਦਾ ਹੈ।
ਗਰਮੀਆਂ ’ਚ ਪਸੀਨਾ ਆਉਣਾ ਆਮ ਗੱਲ ਹੈ ਪਰ ਸਰਦੀਆਂ ’ਚ ਪਸੀਨਾ ਆਉਣਾ ਚਿੰਤਾ ਦੀ ਗੱਲ ਹੋ ਸਕਦੀ ਹੈ।
ਹੱਥ ਵਾਰ-ਵਾਰ ਸੁੰਨ ਹੋ ਜਾਂਦੇ ਹਨ ਤਾਂ ਸਮਝੋ ਕਿ ਇਹ ਕੋਈ ਆਮ ਗੱਲ ਨਹੀਂ ਹੈ, ਇਹ ਦਿਲ ਦੇ ਦੌਰੇ ਜਾਂ ਫਿਰ ਅਧਰੰਗ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ।
ਅਚਾਨਕ ਸਰੀਰ ਦਾ ਕੋਈ ਹਿੱਸਾ ਜਿਵੇਂ ਮੋਢਾ, ਹੱਥ ਜਾਂ ਗਰਦਨ ਕੰਮ ਕਰਨਾ ਬੰਦ ਕਰ ਦੇਵੇ ਤਾਂ ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8