ਤਿੰਨ ਧੀਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ

Wednesday, Oct 09, 2019 - 01:15 AM (IST)

ਹੁਸ਼ਿਆਰਪੁਰ,(ਅਮਰਿੰਦਰ): ਥਾਣਾ ਸਦਰ ਦੇ ਅਧੀਨ ਆਉਂਦੇ ਮੁਹੱਲਾ ਬੰਜਰਬਾਗ 'ਚ ਸਹੁਰਿਆਂ ਦੇ ਤਾਹਨਿਆਂ ਤੋਂ ਤੰਗ ਆ ਕੇ ਵਿਆਹੁਤਾ ਸਰਬਜੀਤ ਕੌਰ ਪਤਨੀ ਕੁਲਵੰਤ ਰਾਏ ਨੇ ਕਥਿਤ ਤੌਰ 'ਤੇ ਸਲਫਾਸ ਦੀ ਗੋਲੀ ਨਿਗਲ ਕੇ ਆਤਮ ਹੱਤਿਆ ਕਰ ਲਈ । ਮ੍ਰਿਤਕਾ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਥਾਣਾ ਸਦਰ ਪੁਲਸ ਨੇ ਸ਼ਾਮ ਨੂੰ ਲਾਸ਼ ਨੂੰ ਘਰ 'ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ 'ਚ ਮ੍ਰਿਤਕਾ ਸਰਬਜੀਤ ਕੌਰ ਦੇ ਪਿਤਾ ਮਹਿੰਦਰ ਲਾਲ ਨਿਵਾਸੀ ਪਿੰਡ ਸਥਿਆਨਾ ਨੇ ਦੋਸ਼ ਲਾਇਆ ਕਿ ਸਰਬਜੀਤ ਕੌਰ ਨੂੰ ਉਸਦੇ ਸਹੁਰੇ ਨਾ ਸਿਰਫ ਕੁੱਟ-ਮਾਰ ਕਰਦੇ ਸੀ ਸਗੋਂ 3 ਧੀਆਂ ਹੋਣ ਕਾਰਨ ਲਗਾਤਾਰ ਪ੍ਰੇਸ਼ਾਨ ਵੀ ਕਰਦੇ ਸੀ। ਕਰੀਬ 7 ਸਾਲ ਪਹਿਲਾਂ ਸਰਬਜੀਤ ਦਾ ਵਿਆਹ ਪੇਂਟਰ ਕੁਲਵੰਤ ਰਾਏ ਨਾਲ ਕੀਤਾ ਸੀ। ਵਿਆਹ ਦੇ ਬਾਅਦ 3 ਧੀਆਂ ਹੋਣ ਨੂੰ ਲੈ ਕੇ ਸਰਬਜੀਤ ਨੂੰ ਸਹੁਰਾ ਪਰਿਵਾਰ ਵੱਲੋਂ ਤੰਗ ਕੀਤਾ ਜਾ ਰਿਹਾ ਸੀ। ਅੱਜ ਦੁਪਹਿਰ ਦੇ ਸਮੇਂ ਬੰਜਰਬਾਗ ਤੋਂ ਹੀ ਕਿਸੇ ਨੇ ਫੋਨ 'ਤੇ ਦੱਸਿਆ ਕਿ ਤੁਹਾਡੀ ਧੀ ਦੀ ਹਾਲਤ ਕਾਫ਼ੀ ਖ਼ਰਾਬ ਹੈ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਥੋੜ੍ਹੀ ਹੀ ਦੇਰ ਵਿਚ ਇਲਾਜ ਦੇ ਦੌਰਾਨ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੀ ਧੀ ਨੇ ਦਮ ਤੋੜ ਦਿੱਤਾ।

ਜਦੋਂ ਇਸ ਸਬੰਧ ਵਿਚ ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਏ. ਐੱਸ. ਆਈ. ਰਸ਼ਵਿੰਦਰ ਸਿੰਘ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਮ੍ਰਿਤਕਾ ਦੇ ਪਰਿਵਾਰ ਦੇ ਸਾਹਮਣੇ ਹੀ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਵਿਚ ਦੋਹਾਂ ਹੀ ਧਿਰਾਂ ਨੂੰ ਬੁੱਧਵਾਰ ਦੇ ਦਿਨ ਥਾਣੇ ਵਿਚ ਬੁਲਾਇਆ ਹੈ। ਦੋਹਾਂ ਧਿਰਾਂ ਦੀ ਗੱਲ ਸੁਣਨ ਦੇ ਬਾਅਦ ਪੁਲਸ ਜਾਂਚ ਦੇ ਆਧਾਰ 'ਤੇ ਇਸ ਮਾਮਲੇ ਵਿਚ ਕੋਈ ਅਗਲੀ ਕਾਰਵਾਈ ਕਰੇਗੀ। ਲਾਸ਼ ਦਾ ਪੋਸਟਮਾਰਟਮ ਵੀ ਹੁਣ ਬੁੱਧਵਾਰ ਨੂੰ ਹੋਵੇਗਾ।


Related News