ਇਹ ਕਿਹੋ ਜਿਹਾ ਮਹਿਲਾ ਪੁਲਸ ਸਟੇਸ਼ਨ ਜਿਥੇ ਔਰਤਾਂ ਦੀ ਸ਼ਿਕਾਇਤ ''ਤੇ ਦਰਜ ਨਹੀਂ ਹੁੰਦੀ ਐੱਫ. ਆਈ. ਆਰ.

Monday, Dec 04, 2017 - 07:46 AM (IST)

ਇਹ ਕਿਹੋ ਜਿਹਾ ਮਹਿਲਾ ਪੁਲਸ ਸਟੇਸ਼ਨ ਜਿਥੇ ਔਰਤਾਂ ਦੀ ਸ਼ਿਕਾਇਤ ''ਤੇ ਦਰਜ ਨਹੀਂ ਹੁੰਦੀ ਐੱਫ. ਆਈ. ਆਰ.

ਚੰਡੀਗੜ੍ਹ  (ਸੁਸ਼ੀਲ) - ਔਰਤਾਂ ਨਾਲ ਜਬਰ-ਜ਼ਨਾਹ, ਛੇੜਛਾੜ ਤੇ ਸੈਕਸੁਅਲ ਹਰਾਸਮੈਂਟ ਦੇ ਕੇਸ ਮਹਿਲਾ ਪੁਲਸ ਸਟੇਸ਼ਨ 'ਚ ਦਰਜ ਹੋਣ ਦੀ ਬਜਾਏ ਸਿਟੀ ਥਾਣਿਆਂ 'ਚ ਦਰਜ ਹੋ ਰਹੇ ਹਨ। ਇਸ ਕਾਰਨ ਪੀੜਤਾਂ ਨੂੰ ਆਪਣੀ ਆਪਬੀਤੀ ਦੱਸਣ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰਤਾਂ ਨਾਲ ਜੁੜੇ ਕੇਸ ਮਹਿਲਾ ਪੁਲਸ ਸਟੇਸ਼ਨ 'ਚ ਦਰਜ ਨਾ ਕਰਨ 'ਤੇ ਚੰਡੀਗੜ੍ਹ ਪੁਲਸ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਚੰਡੀਗੜ੍ਹ ਪ੍ਰਸ਼ਾਸਨ ਨੇ ਮਹਿਲਾ ਪੁਲਸ ਸਟੇਸ਼ਨ ਬਣਨ ਤੋਂ ਬਾਅਦ ਔਰਤਾਂ ਨਾਲ ਸਬੰਧਤ ਸਾਰੇ ਕੇਸ ਮਹਿਲਾ ਪੁਲਸ
ਸਟੇਸ਼ਨ 'ਚ ਦਰਜ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਚੰਡੀਗੜ੍ਹ ਪੁਲਸ ਨੇ ਪ੍ਰਸ਼ਾਸਨ ਦੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕੀਤੀ। ਚੰਡੀਗੜ੍ਹ 'ਚ ਔਰਤਾਂ ਦੇ ਨਾਲ ਹੋਣ ਵਾਲੇ ਜ਼ੁਰਮ ਦੇ ਸਾਰੇ ਕੇਸ ਥਾਣਿਆਂ 'ਚ ਦਰਜ ਹੁੰਦੇ ਹਨ। ਪੁਲਸ ਸੂਤਰਾਂ ਦੀ ਮੰਨੀਏ ਤਾਂ ਮਹਿਲਾ ਪੁਲਸ ਸਟੇਸ਼ਨ 'ਚ ਤਾਇਨਾਤ ਸਟਾਫ ਆਰਾਮ ਦੀ ਨੌਕਰੀ ਕਰ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚੰਡੀਗੜ੍ਹ 'ਚ ਜੇਕਰ ਕਿਸੇ ਔਰਤ ਨਾਲ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਮਹਿਲਾ ਪੁਲਸ ਸਟੇਸ਼ਨ ਦਾ ਇਕ ਵੀ ਸਟਾਫ ਮੈਂਬਰ ਮੌਕੇ 'ਤੇ ਜਾਣ ਦੀ ਜਹਿਮਤ ਤਕ ਨਹੀਂ ਕਰਦਾ। ਜਦੋਂ ਮਾਮਲੇ 'ਚ ਪੁਲਸ ਦੇ  ਅਫਸਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਕੋਈ ਵੀ ਜਵਾਬ ਦੇਣ ਲਈ ਤਿਆਰ ਨਹੀਂ ਸੀ।
ਦਾਜ ਸਬੰਧੀ ਕੇਸਾਂ ਦੀ ਹੁੰਦੀ ਹੈ ਸੁਣਵਾਈ
ਮਹਿਲਾ ਪੁਲਸ ਸਟੇਸ਼ਨ 'ਚ ਸਿਰਫ ਦਾਜ ਸਬੰਧੀ ਕੇਸਾਂ ਦੀ ਹੀ ਸੁਣਵਾਈ ਹੁੰਦੀ ਹੈ। ਇਸ ਤੋਂ ਇਲਾਵਾ ਮਹਿਲਾ ਪੁਲਸ ਸਟੇਸ਼ਨ ਦਾ ਸਟਾਫ ਕੁਝ ਨਹੀਂ ਕਰਦਾ ਹੈ। ਜਦੋਂ ਤੋਂ ਮਹਿਲਾ ਪੁਲਸ ਸਟੇਸ਼ਨ ਬਣਿਆ ਹੈ, ਉਦੋਂ ਤੋਂ ਲੈ ਕੇ ਹੁਣ ਤਕ ਇੱਥੇ ਸਿਰਫ ਦਾਜ ਸਬੰਧੀ ਕੇਸ ਹੀ ਦਰਜ ਕੀਤੇ ਗਏ ਹਨ।
2015 'ਚ ਬਣਾਇਆ ਸੀ ਵੂਮੈਨ ਪੁਲਸ ਸਟੇਸ਼ਨ
ਚੰਡੀਗੜ੍ਹ ਪੁਲਸ ਨੇ ਔਰਤਾਂ ਨਾਲ ਜੁੜੇ ਕੇਸਾਂ ਦੀ ਸੁਣਵਾਈ ਲਈ 1987 'ਚ ਵੂਮੈਨ ਪੁਲਸ ਸੈੱਲ ਬਣਾਇਆ ਸੀ। ਇਸ ਤੋਂ ਬਾਅਦ 2002 'ਚ ਵੂਮੈਨ ਐਂਡ ਚਾਇਲਡ ਸੇਫਟੀ ਯੂਨਿਟ 'ਚ ਅੱਪਗ੍ਰੇਡ ਕਰ ਦਿੱਤਾ ਸੀ। 2015 'ਚ ਔਰਤਾਂ ਨਾਲ ਜੁੜੇ ਜ਼ੁਰਮ ਦੇ ਮਾਮਲਿਆਂ ਦੀ ਸੁਣਵਾਈ ਲਈ ਸਪੈਸ਼ਲ ਵੂਮੈਨ ਪੁਲਸ ਸਟੇਸ਼ਨ ਬਣਾਇਆ ਗਿਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਵੂਮੈਨ ਪੁਲਸ ਸੈੱਲ 'ਚ ਔਰਤਾਂ ਨਾਲ ਜੁੜੇ ਸਾਰੇ ਕੇਸ ਸਿਟੀ ਪੁਲਸ ਸਟੇਸ਼ਨ ਦੀ ਥਾਂ ਮਹਿਲਾ ਪੁਲਸ ਸਟੇਸ਼ਨ 'ਚ ਦਰਜ ਕਰਨ ਦੇ ਹੁਕਮ ਦਿੱਤੇ ਸਨ।


Related News