ਔਰਤਾਂ ਮਲਟੀਟਾਸਕਿੰਗ ’ਚ ਹੁੰਦੀਆਂ ਹਨ ਮਾਹਿਰ : ਗਨੀਵ ਮਜੀਠੀਆ

Tuesday, Feb 15, 2022 - 05:33 PM (IST)

ਔਰਤਾਂ ਮਲਟੀਟਾਸਕਿੰਗ ’ਚ ਹੁੰਦੀਆਂ ਹਨ ਮਾਹਿਰ : ਗਨੀਵ ਮਜੀਠੀਆ

ਮਜੀਠਾ ਵਿਚ ਔਰਤਾਂ ਦੀਆਂ ਜੋ ਵੀ ਸਮੱਸਿਆਵਾਂ ਹਨ, ਉਹ ਆ ਕੇ ਮੈਨੂੰ ਦੱਸ ਸਕਦੀਆਂ ਹਨ, ਅਸੀਂ ਮਿਲ ਕੇ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਾਂਗੇ।

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਜੀਠਾ ਵਿਚ ਮਾਹੌਲ ਕਾਫ਼ੀ ਗਰਮ ਹੈ। ਚੋਣ ਤਿਆਰੀਆਂ ਜ਼ੋਰਾਂ ’ਤੇ ਹਨ। ਚੋਣਾਂ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਨੇ ‘ਜਗ ਬਾਣੀ’ ਦੇ ਨਵੀਨ ਸੇਠੀ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼-

-ਪਹਿਲੀ ਵਾਰ ਚੋਣ ਮੈਦਾਨ ’ਚ ਉੱਤਰੇ ਹੋ ਤੁਸੀਂ, ਪ੍ਰਚਾਰ ਚੱਲ ਰਿਹਾ ਹੈ, ਕਿਵੇਂ ਲੱਗ ਰਿਹਾ ਹੈ?

-ਬਹੁਤ ਚੰਗਾ ਪ੍ਰਚਾਰ ਚੱਲ ਰਿਹਾ ਹੈ। ਜੋ ਪਿਆਰ ਸੰਗਤ ਨੇ ਬਿਕਰਮ ਜੀ ਨੂੰ ਦਿੱਤਾ ਹੈ, ਉਹੀ ਪਿਆਰ ਮੈਨੂੰ ਵੀ ਮਿਲ ਰਿਹਾ ਹੈ। ਚੰਗਾ ਲੱਗ ਰਿਹਾ ਹੈ। ਇੰਨਾ ਵੱਡਾ ਪਰਿਵਾਰ ਹੋ ਗਿਆ ਹੈ। ਜ਼ਿੰਮੇਵਾਰੀਆਂ ਵਧ ਗਈਆਂ ਹਨ। ਪਹਿਲਾਂ ਤਾਂ ਛੋਟਾ ਪਰਿਵਾਰ ਸੀ, ਦੋ ਬੱਚੇ ਸਨ। ਹੁਣ ਹਲਕੇ ਵਿਚ ਇੰਨੇ ਬੱਚੇ ਹੋ ਗਏ ਹਨ, ਇੰਨੀਆਂ ਭੈਣਾਂ ਅਤੇ ਭਰਾ ਹੋ ਗਏ ਹੈ।

-ਤੁਹਾਡੇ ਬੱਚੇ ਚੰਡੀਗੜ੍ਹ ਹੀ ਹਨ ਜਾਂ ਲੈ ਆਏ?

-ਬੱਚੇ ਹਾਲੇ ਚੰਡੀਗੜ੍ਹ ਵਿਚ ਹੀ ਹਨ। ਹਰ ਰੋਜ਼ ਸ਼ਾਮ ਨੂੰ ਬੱਚਿਆਂ ਨਾਲ ਗੱਲ ਹੁੰਦੀ ਹੈ। ਉਹ ਮੈਨੂੰ ਪੜ੍ਹਾਈ ਬਾਰੇ ਦੱਸਦੇ ਹਨ। ਜੋ ਹੋਮਵਰਕ ਹੁੰਦਾ ਹੈ, ਉਸ ਨੂੰ ਕਰ ਕੇ ਦਿਖਾਉਂਦੇ ਹਨ। ਸਵੇਰੇ ਡਿਊਟੀ ਇੱਧਰ ਹੁੰਦੀ ਹੈ ਅਤੇ ਸ਼ਾਮ ਨੂੰ ਉੱਧਰ ਹੁੰਦੀ ਹੈ।

-ਔਰਤਾਂ ਵਿਚ ਇਸ ਵਾਰ ਬਹੁਤ ਉਤਸ਼ਾਹ ਨਜ਼ਰ ਆ ਰਿਹਾ ਹੈ। ਮਜੀਠੀਆ ਸਾਹਿਬ ਦੀ ਪਿਛਲੀ ਵਾਰ ਦੀ ਕੰਪੇਨਿੰਗ ਵਿਚ ਇੰਨਾ ਉਤਸ਼ਾਹ ਨਹੀਂ ਦਿਸਿਆ ਸੀ?

-ਮੇਰੇ ਖਿਆਲ ਨਾਲ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੁੰਦੀਆਂ ਹਨ, ਜੋ ਇੱਕ ਭੈਣ ਦੂਜੀ ਭੈਣ ਨਾਲ ਕਰ ਸਕਦੀ ਹੈ। ਇਸ ਕਰ ਕੇ ਸ਼ਾਇਦ ਔਰਤਾਂ ਜ਼ਿਆਦਾ ਨਿਕਲ ਕੇ ਚੋਣ ਪ੍ਰਚਾਰ ਵਿਚ ਆ ਰਹੀਆਂ ਹਨ।

-ਤੁਸੀਂ ਪ੍ਰਚਾਰ ਲਈ ਕਈ ਹਲਕਿਆਂ ਵਿਚ ਜਾ ਰਹੇ ਹੋ। ਜੋ ਲੀਡਰ ਚੋਣ ਲੜ ਰਿਹਾ ਹੁੰਦਾ ਹੈ, ਉਹ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਦਾ ਹੈ ਪਰ ਤੁਸੀਂ ਲੋਕਾਂ ਦੀਆਂ ਗੱਲਾਂ ਜ਼ਿਆਦਾ ਸੁਣਦੇ ਹੋ, ਆਪਣੀ ਗੱਲ ਘੱਟ ਕਹਿੰਦੇ ਹੋ। ਅਜਿਹਾ ਕਿਉਂ?

-ਮੈਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਆਈ ਹਾਂ। ਉਨ੍ਹਾਂ ਨਾਲ ਵਿਚਾਰ ਸਾਂਝੇ ਕਰਨ ਲਈ ਆਈ ਹਾਂ। ਉਹ ਦੱਸਣਗੇ ਤਾਂ ਹੀ ਤਾਂ ਮੈਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੀਆਂ ਕੀ ਮੁਸ਼ਕਲਾਂ ਹਨ।

-ਇੰਸਪੀਰੇਸ਼ਨ ਕਿੱਥੋਂ ਮਿਲਦੀ ਹੈ ਤੁਹਾਨੂੰ?

-ਹਰਸਿਮਰਤ ਭੈਣ ਜੀ ਤੋਂ ਮੈਨੂੰ ਇੰਸਪੀਰੇਸ਼ਨ ਮਿਲਦੀ ਹੈ। ਉਹ ਜਿਸ ਤਰ੍ਹਾਂ ਔਰਤਾਂ ਵਿਚਕਾਰ ਜਾਂਦੇ ਹਨ ਅਤੇ ਉਨ੍ਹਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੇ ਮਸਲੇ ਹੱਲ ਕਰਦੇ ਹਨ।

-ਜੇਕਰ ਤੁਸੀਂ ਵਿਧਾਇਕ ਬਣਦੇ ਹੋ ਤਾਂ ਪਹਿਲਾ ਕੰਮ ਕੀ ਕਰੋਗੇ?

-ਹਰਸਿਮਰਤ ਭੈਣ ਜੀ ਨੇ ਔਰਤਾਂ ਲਈ ਕਿੰਨਾ ਕੁਝ ਕੀਤਾ ਹੈ। ਉਹ ਮੈਂ ਇੱਧਰ ਕਰਨਾ ਚਾਹਾਂਗੀ।

-ਤੁਸੀਂ ਔਰਤਾਂ ਨੂੰ ਮਿਲ ਰਹੇ ਹੋ। ਉਹ ਤੁਹਾਨੂੰ ਆਪਣੀਆਂ ਸਮੱਸਿਆਵਾਂ ਦੱਸ ਰਹੀਆਂ ਹਨ। ਉਨ੍ਹਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ?

-ਮੇਰੇ ਖਿਆਲ ਨਾਲ ਜੇਕਰ ਔਰਤਾਂ ਦੀ ਤਰੱਕੀ ਹੁੰਦੀ ਹੈ ਤਾਂ ਸੁਸਾਇਟੀ ਦੀ ਉੱਨਤੀ ਖੁਦ ਹੀ ਹੋ ਜਾਂਦੀ ਹੈ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਔਰਤਾਂ ਨੂੰ ਜੋ ਵੀ ਸਮੱਸਿਆਵਾਂ ਹੋਣਗੀਆਂ, ਉਹ ਆ ਕੇ ਮੈਨੂੰ ਦੱਸਣ ਅਤੇ ਜੋ ਵੀ ਅਸੀਂ ਕਰ ਸਕਦੇ ਹਾਂ ਮਿਲ ਕੇ ਜ਼ਰੂਰ ਕਰਾਂਗੇ। ਔਰਤਾਂ ਮਲਟੀਟਾਸਕਿੰਗ ਵਿਚ ਮਾਹਿਰ ਹੁੰਦੀਆਂ ਹਨ। ਉਨ੍ਹਾਂ ਨੂੰ ਹਰ ਕੰਮ ਵਿਚ ਆਪਣੀ ਭੂਮਿਕਾ ਨਿਭਾਉਣੀ ਆਉਂਦੀ ਹੈ।


author

Rakesh

Content Editor

Related News