ਔਰਤ ਸਮੇਤ ਦੋ ਵਿਅਕਤੀ ਨਸ਼ਿਆਂ ਦੀ ਤਸਕਰੀ ਕਰਦੇ ਕਾਬੂ, ਇਕ ਫਰਾਰ
Saturday, Dec 05, 2020 - 02:08 PM (IST)
 
            
            ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ, ਸੁਖਪਾਲ) : ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਸ ਨੇ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਸਮੇਤ ਇਕ ਔਰਤ ਸਮੇਤ ਤਿੰਨ ਸਮੱਗਲਰਾਂ ਨੂੰ ਕਾਬੂ ਕੀਤਾ ਹੈ, ਜਦਕਿ ਇਕ ਫਰਾਰ ਹੈ। ਇਹ ਮਾਮਲੇ ਥਾਣਾ ਲੱਖੇਵਾਲੀ ਤੇ ਸਦਰ ਵਿਖੇ ਦਰਜ ਹੋਏ ਹਨ। ਥਾਣਾ ਸਦਰ ਪੁਲਸ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿਚ ਨਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਪਿੰਡ ਖੱਪਿਆਂਵਾਲੀ ਦੇ ਬੱਸ ਸਟੈਂਡ ਵਿਖੇ ਚੈਕਿੰਗ ਦੌਰਾਨ ਪਿੰਡ ਦੇ ਵਾਸੀ ਹੀਰਾ ਸਿੰਘ ਪੁੱਤਰ ਬਲਕਾਰ ਸਿੰਘ ਨੂੰ 8 ਬੋਤਲਾਂ ਸ਼ਰਾਬ ਤੇ ਪਿੰਡ ਮੁਕੰਦ ਸਿੰਘ ਵਾਲਾ ਦੇ ਵਾਸੀ ਇਕਬਾਲ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ 7 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਬਧਾਈ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਉਰਫ਼ ਕਾਲਾ ਪੁੱਤਰ ਹਰਬੰਸ ਲਾਲ ਦੇ ਘਰੋਂ 50 ਲਿਟਰ ਲਾਹਣ ਫੜੀ ਗਈ ਹੈ, ਜਦਕਿ ਸੁਰਿੰਦਰ ਕੁਮਾਰ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ। ਉਕਤ ਸਾਰੇ ਕਥਿਤ ਮੁਲਜ਼ਮਾਂ ਖ਼ਿਲਾਫ਼ ਪੁਲਸ ਨੇ ਐਕਸਾਈਜ਼ ਐਕਟ ਤਹਿਤ ਮਾਮਲੇ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ
ਥਾਣਾ ਲੱਖੇਵਾਲੀ ਪੁਲਸ ਨੇ ਇਕ ਔਰਤ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਟੀਮ ਵੱਲੋਂ ਪਿੰਡ ਖੁੰਨਣ ਕਲਾਂ ਰੋਡ ਸ਼ੇਰੇਵਾਲਾ ਵਿਖੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਔਰਤ ਦਿਖਾਈ ਦਿੱਤੀ, ਜੋ ਪੁਲਸ ਨੂੰ ਦੇਖ ਕੇ ਘਬਰਾ ਗਈ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਰੋਕ ਕੇ ਜਦੋਂ ਉਸਦੇ ਹੱਥ ਵਿਚ ਫੜੇ ਲਿਫ਼ਾਫ਼ੇ ਦੀ ਤਲਾਸ਼ੀ ਲਈ ਤਾਂ ਲਿਫ਼ਾਫ਼ੇ ਅੰਦਰੋਂ 780 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਕਥਿਤ ਮੁਲਜ਼ਮ ਦੀ ਪਛਾਣ ਮਨਪ੍ਰੀਤ ਕੌਰ ਪਤਨੀ ਸਵਰਨ ਸਿੰਘ ਵਾਸੀ ਚੱਕ ਸ਼ੇਰੇਵਾਲਾ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            