ਜਲੰਧਰ: 3 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਕੀਤੀ ਖੁਦਕੁਸ਼ੀ

01/07/2020 6:25:13 PM

ਜਲੰਧਰ (ਵਰੁਣ)— ਇਥੋਂ ਦੇ ਸੰਤੋਖਪੁਰਾ ਦੇ ਨੀਵੀ ਆਬਾਦੀ 'ਚ ਤਿੰਨ ਮਹੀਨੇ ਪਹਿਲਾਂ ਵਿਆਹੀ ਇਕ ਵਿਆਹੁਤਾ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਨਵਦੀਪ ਕੌਰ ਪੁੱਤਰੀ ਦਰਸ਼ਨ ਸਿੰਘ ਵਾਸੀ ਸੰਤੋਖਪੁਰਾ ਨੀਵੀਂ ਆਬਾਦੀ ਵਜੋਂ ਹੋਈ ਹੈ, ਜੋਕਿ ਫਗਵਾੜਾ ਵਿਖੇ ਵਿਆਹੀ ਹੋਈ ਸੀ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਬੇਟੀ ਦੇ ਸਹੁਰੇ ਪਹਿਲਾਂ ਦਾਜ ਲਈ ਤੰਗ ਕਰਦੇ ਰਹੇ ਅਤੇ ਬਾਅਦ 'ਚ ਉਨ੍ਹਾਂ ਦੀ ਬੇਟੀ ਨੂੰ ਆਈਲੈਟਸ ਕਰਵਾ ਕੇ ਵਿਦੇਸ਼ ਭੇਜਣ ਦੀ ਜ਼ਿੱਦ ਕਰਦਿਆਂ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਬੀਤੇ ਦਿਨ ਨਵਦੀਪ ਕੌਰ ਪੁੱਤਰੀ ਦਰਸ਼ਨ ਸਿੰਘ ਇਸੇ ਕਲੇਸ਼ ਦੇ ਚਲਦਿਆਂ ਦੀ ਪੇਕੇ ਘਰ ਆਈ ਹੋਈ ਸੀ। ਮੰਗਲਵਾਰ ਨੂੰ ਨਵਦੀਪ ਨੇ ਆਪਣੇ ਕਮਰੇ 'ਚ ਪੱਖੇ ਨਾਲ ਲਟਕ ਕੇ ਜੀਵਨਲੀਲਾ ਖਤਮ ਕਰ ਲਈ। ਨਵਦੀਪ ਦੇ ਪਰਿਵਾਰ ਵਾਲਿਆਂ ਨੇ ਕਮਰੇ 'ਚ ਉਸ ਦੀ ਲਟਕਦੀ ਲਾਸ਼ ਦੇਖੀ ਤਾਂ ਘਰੋਂ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਨੇੜੇ ਦੇ ਲੋਕ ਇਕੱਠੇ ਹੋ ਗਏ।

PunjabKesari

ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਰੱਖਵਾ ਦਿੱਤਾ ਹੈ। ਥਾਣਾ ਨੰ. 8 ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਨਵਦੀਪ ਦੇ ਪਿਤਾ ਕਾਰਪੇਂਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਬੇਟੀ ਦਾ ਵਿਆਹ 3 ਮਹੀਨੇ ਪਹਿਲਾਂ ਫਗਵਾੜਾ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਨਵਦੀਪ ਨੂੰ ਹੋਰ ਦਾਜ ਲਿਆਉਣ ਲਈ ਤੰਗ ਕੀਤਾ ਜਾਣ ਲੱਗਾ। ਕੁਝ ਦਿਨਾਂ ਤੋਂ ਸ਼ਮਸ਼ੇਰ ਅਤੇ ਉਸ ਦੀ ਮਾਂ ਮਨਜੀਤ ਕੌਰ ਨਵਦੀਪ ਦੇ ਪੇਕੇ ਪਰਿਵਾਰ 'ਤੇ ਜ਼ੋਰ ਪਾ ਰਹੇ ਸਨ ਕਿ ਨਵਦੀਪ ਨੂੰ ਆਈਲੈਟਸ ਕਰਵਾ ਕੇ ਵਿਦੇਸ਼ ਭੇਜ ਦਿੱਤਾ ਜਾਵੇ ਤਾਂ ਜੋ ਉਹ ਵਿਦੇਸ਼ ਵਿਚ ਸੈਟਲ ਹੋ ਕੇ ਉਨ੍ਹਾਂ ਦੇ ਬੇਟੇ ਨੂੰ ਵੀ ਬੁਲਾ ਲਵੇ।

ਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਇਹ ਕਰਨਾ ਸੰਭਵ ਨਹੀਂ ਸੀ, ਇਸ ਲਈ ਉਨ੍ਹਾਂ ਨਵਦੀਪ ਦੇ ਸਹੁਰਿਆਂ ਨਾਲ ਗੱਲ ਵੀ ਕੀਤੀ ਪਰ ਉਹ ਲਗਾਤਾਰ ਨਵਦੀਪ ਨੂੰ ਤੰਗ ਕਰਦੇ ਰਹੇ। ਪ੍ਰੇਸ਼ਾਨ ਹੋ ਕੇ ਨਵਦੀਪ ਆਪਣੇ ਪੇਕੇ ਆ ਗਈ। ਮੰਗਲਵਾਰ ਸਵੇਰੇ ਨਵਦੀਪ ਆਪਣੇ ਕਮਰੇ 'ਚ ਸੀ। ਕਰੀਬ 12 ਵਜੇ ਉਸ ਦੀ ਮਾਂ ਕਮਰੇ 'ਚ ਗਈ ਤਾਂ ਦੇਖਿਆ ਕਿ ਪੱਖੇ ਨਾਲ ਬੰਨ੍ਹੀ ਚੁੰਨੀ ਨਾਲ ਨਵਦੀਪ ਦੀ ਲਾਸ਼ ਲਟਕ ਰਹੀ ਸੀ। ਮੌਕੇ 'ਤੇ ਪਹੁੰਚੀ ਥਾਣਾ ਨੰ. 8 ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਇੰਸ. ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਿਤਾ ਦਰਸ਼ਨ ਸਿੰਘ ਦੇ ਬਿਆਨਾਂ 'ਤੇ ਪਤੀ ਸ਼ਮਸ਼ੇਰ ਸਿੰਘ ਅਤੇ ਸੱਸ ਮਨਜੀਤ ਕੌਰ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਉਹ ਫਰਾਰ ਹਨ ਪਰ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


shivani attri

Content Editor

Related News