ਪਤੀ ਨਾਲ ਤਲਾਕ ਮਗਰੋਂ ਗਰਭਵਤੀ ਹੋਈ 3 ਬੱਚਿਆਂ ਦੀ ਮਾਂ, ਹੁਣ ਮੰਗੇਗੀ ਮੌਤ, ਹੈਰਾਨ ਕਰਨ ਵਾਲਾ ਹੈ ਪੂਰਾ ਮਾਜਰਾ

Saturday, Jul 15, 2023 - 11:23 AM (IST)

ਪਤੀ ਨਾਲ ਤਲਾਕ ਮਗਰੋਂ ਗਰਭਵਤੀ ਹੋਈ 3 ਬੱਚਿਆਂ ਦੀ ਮਾਂ, ਹੁਣ ਮੰਗੇਗੀ ਮੌਤ, ਹੈਰਾਨ ਕਰਨ ਵਾਲਾ ਹੈ ਪੂਰਾ ਮਾਜਰਾ

ਫਿਲੌਰ (ਭਾਖੜੀ) : ਪਤੀ ਤੋਂ ਤਲਾਕ ਲੈਣ ਲਈ ਜਿਸ ਵਕੀਲ ਕੋਲ ਜਾ ਕੇ ਕੇਸ ਲਗਵਾਇਆ, ਉਸੇ ਦੇ ਮੁਨਸ਼ੀ ਨੇ ਪ੍ਰੇਮ ਜਾਲ ’ਚ ਫਸਾ ਕੇ 3 ਬੱਚਿਆਂ ਦੀ ਮਾਂ ਨੂੰ 5 ਮਹੀਨਿਆਂ ਦੀ ਗਰਭਵਤੀ ਕਰ ਦਿੱਤਾ। ਹੁਣ ਮੁਨਸ਼ੀ ਉਸ ਨੂੰ ਅਪਣਾਉਣ ਲਈ ਤਿਆਰ ਨਹੀਂ। ਬਿਨਾਂ ਪਿਓ ਦੇ ਨਾਂ ਤੋਂ ਉਹ ਬੱਚੇ ਨੂੰ ਜਨਮ ਨਹੀਂ ਦੇਵੇਗੀ। ਉਹ ਅਦਾਲਤ 'ਚ ਪੇਸ਼ ਹੋ ਕੇ ਪੱਤਰ ਦਾਖ਼ਲ ਕਰ ਕੇ ਸਵੈ-ਇੱਛਾ ਨਾਲ ਮਰਨ ਦੀ ਮੰਗ ਰੱਖੇਗੀ, ਜਿਸ ਨਾਲ ਉਹ ਨਾ ਤਾਂ ਦੁਨੀਆਂ ’ਚ ਰਹੇ ਅਤੇ ਨਾ ਹੀ ਬੱਚਾ ਜਨਮ ਲੈ ਸਕੇ, ਜਿਸ ਨੂੰ ਪਿਤਾ ਦਾ ਨਾਂ ਨਹੀਂ ਮਿਲਣ ਵਾਲਾ। ਉਹ ਪੁਲਸ ਕੋਲ ਸ਼ਿਕਾਇਤਾਂ ਕਰ-ਕਰ ਕੇ ਥੱਕ ਚੁੱਕੀ ਹੈ। ਸਥਾਨਕ ਸਿਵਲ ਹਸਪਤਾਲ ’ਚ ਪ੍ਰੈੱਸ ਕਾਨਫਰੰਸ ਕਰ ਕੇ ਸਥਾਨਕ ਸ਼ਹਿਰ ਦੀ ਰਹਿਣ ਵਾਲੀ ਔਰਤ ਰੀਨਾ ਨੇ ਦੱਸਿਆ ਕਿ ਸਾਲ 2003 ’ਚ ਉਸ ਦਾ ਵਿਆਹ ਹੋ ਗਿਆ ਸੀ, ਜਿਸ ਦੇ 3 ਬੱਚੇ ਦੋ ਵੱਡੀਆਂ ਧੀਆਂ ਅਤੇ ਇਕ ਛੋਟਾ ਪੁੱਤਰ ਹੈ। ਉਸ ਦਾ ਪਤੀ ਕੋਈ ਕੰਮ-ਧੰਦਾ ਨਹੀਂ ਕਰਦਾ ਸੀ। ਪਤੀ ਦੀ ਕੁੱਟਮਾਰ ਤੋਂ ਤੰਗ ਆ ਕੇ ਉਸ ਨੇ ਵੱਖ ਹੋਣ ਦਾ ਫ਼ੈਸਲਾ ਲੈਂਦੇ ਹੋਏ ਸਾਲ 2018 ’ਚ ਉਸ ’ਤੇ ਖ਼ਰਚ ਦਾ ਕੇਸ ਦਾਇਰ ਕਰ ਦਿੱਤਾ। ਉਸ ਨੇ ਦੱਸਿਆ ਕਿ ਜਿਸ ਵਕੀਲ ਰਾਹੀਂ ਉਸ ਨੇ ਅਦਾਲਤ ’ਚ ਕੇਸ ਕੀਤਾ, ਉਸੇ ਦੇ ਇੱਥੇ ਲੱਗੇ ਮੁਨਸ਼ੀ ਸੰਨੀ ਨੇ ਉਸ ਨੂੰ ਆਪਣੇ ਪ੍ਰੇਮ ਜਾਲ ’ਚ ਫਸਾ ਕੇ ਵਿਆਹ ਦਾ ਝਾਂਸਾ ਦੇ ਕੇ 2 ਵਾਰ ਗਰਭਵਤੀ ਕਰ ਦਿੱਤਾ। ਉਸ ਨੇ ਇਹ ਕਹਿ ਕੇ 2 ਵਾਰ ਗਰਭ ਨਿਰੋਧਕ ਗੋਲੀਆਂ ਖੁਆ ਕੇ ਗਰਭਪਾਤ ਕਰਵਾ ਦਿੱਤਾ ਕਿ ਉਹ ਆਪਣੇ ਪਤੀ ਤੋਂ ਪਹਿਲਾਂ ਤਲਾਕ ਲੈ ਲਵੇ, ਉਸ ਤੋਂ ਬਾਅਦ ਵਿਆਹ ਕਰਵਾਵਾਂਗੇ। ਉਸ ਨੇ ਆਪਣੇ ਪਤੀ ਖ਼ਿਲਾਫ਼ ਤਲਾਕ ਦਾ ਕੇਸ ਦਰਜ ਕਰ ਦਿੱਤਾ। ਅਦਾਲਤ ਨੇ ਉਸ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ।

ਇਹ ਵੀ ਪੜ੍ਹੋ : ਬੰਬੀਹਾ ਗੈਂਗ ਦਾ ਗੁਰਗਾ ਹਸਪਤਾਲ 'ਚੋਂ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ, ਇੱਥੇ ਹੀ ਦਾਖ਼ਲ ਹੈ ਲਾਰੈਂਸ ਬਿਸ਼ਨੋਈ

ਹੁਣ ਉਹ ਤੀਜੀ ਵਾਰ ਫਿਰ ਸੰਨੀ ਤੋਂ 5 ਮਹੀਨਿਆਂ ਦੀ ਗਰਭਵਤੀ ਹੋ ਚੁੱਕੀ ਹੈ। ਹੁਣ ਜਦੋਂ ਵੀ ਉਹ ਸੰਨੀ ਨਾਲ ਵਿਆਹ ਦੀ ਗੱਲ ਕਰਦੀ ਹੈ ਤਾਂ ਉਹ ਆਪਣੇ ਵਾਅਦੇ ਤੋਂ ਸਾਫ਼ ਮੁੱਕਰ ਜਾਂਦਾ ਹੈ। ਉਲਟਾ ਉਸ ਨਾਲ ਵਿਆਹ ਦੀ ਗੱਲ ਨੂੰ ਲੈ ਕੇ ਕੁੱਟਮਾਰ ਕਰਦਾ ਹੈ। ਕਈ ਵਾਰ ਪੰਚਾਇਤ ਹੋ ਚੁੱਕੀ ਹੈ, ਉਹ ਪੁਲਸ ਕੋਲ ਸ਼ਿਕਾਇਤਾਂ ਕਰ ਚੁੱਕੀ ਹੈ ਪਰ ਕਿਤੋਂ ਵੀ ਇਨਸਾਫ਼ ਨਹੀਂ ਮਿਲ ਰਿਹਾ, ਉਲਟਾ ਉਸ ਨੂੰ ਮੂੰਹ ਬੰਦ ਰੱਖਣ ਲਈ ਧਮਕਾਇਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ 3 ਦਿਨ ਪਹਿਲਾਂ ਉਸ ਦੀ 15 ਸਾਲ ਦੀ ਧੀ ਨੂੰ ਰਸਤੇ ’ਚ ਸੰਨੀ, ਉਸ ਦੀ ਭੈਣ ਖੁਸ਼ੀ, ਜੋਤੀ ਅਤੇ ਇਕ ਹੋਰ ਰਿਸ਼ਤੇਦਾਰ ਨੇ ਘੇਰ ਕੇ ਉਸ ’ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਉਸ ਦੀ ਧੀ ਦਾ ਇਲਾਜ ਸਥਾਨਕ ਸਿਵਲ ਹਸਪਤਾਲ ’ਚ ਚੱਲ ਰਿਹਾ ਹੈ। ਰੀਨਾ ਨੇ ਕਿਹਾ ਕਿ ਜੇਕਰ ਸੰਨੀ ਹੁਣ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਨਹੀਂ ਤਾਂ ਉਸ ਕੋਲ ਹੁਣ ਕੋਈ ਚਾਰਾ ਨਹੀਂ ਬਚਿਆ। ਉਹ ਹੁਣ ਅਦਾਲਤ ’ਚ ਪੇਸ਼ ਹੋ ਕੇ ਜੱਜ ਸਾਹਿਬ ਨੂੰ ਪੱਤਰ ਦੇ ਕੇ ਮੰਗ ਕਰੇਗੀ ਕਿ ਉਸ ਨੂੰ ਸਵੈ-ਇੱਛਾ ਨਾਲ ਮੌਤ ਦਾ ਅਧਿਕਾਰ ਦਿੱਤਾ ਜਾਵੇ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਨਿਹੰਗ ਸਿੰਘ ਨੇ ਸਵਾਰੀ ਪਿੱਛੇ ਕਰ ਦਿੱਤਾ ਖ਼ੌਫ਼ਨਾਕ ਕਾਰਾ

ਉਹ ਇਸ ਤਰ੍ਹਾਂ ਬੱਚੇ ਨੂੰ ਜਨਮ ਦੇ ਕੇ ਦੁਨੀਆਂ ’ਚ ਨਹੀਂ ਲਿਆਵੇਗੀ, ਜਿਸ ਨੂੰ ਪਿਤਾ ਦਾ ਨਾਂ ਹੀ ਨਾ ਮਿਲ ਸਕੇ ਅਤੇ ਅਦਾਲਤ ਤੋਂ ਮੰਗ ਕਰੇਗੀ ਕਿ ਸੰਨੀ ਖ਼ਿਲਾਫ਼ ਉਸ ਦੀ ਮੌਤ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇ। ਉਸ ਨੇ ਇਹ ਵੀ ਕਿਹਾ ਕਿ ਹੁਣ ਸੰਨੀ ਉਸ ਦੇ ਹੋਣ ਵਾਲੇ ਬੱਚੇ ਦਾ ਡੀ. ਐੱਨ. ਏ. ਕਰਵਾਉਣ ਦੀ ਮੰਗ ਰੱਖ ਰਿਹਾ ਹੈ। ਉਹ ਕਰਵਾਉਣ ਲਈ ਤਿਆਰ ਹੈ ਕਿਉਂਕਿ ਉਸ ਦੇ ਦਿਲ ’ਚ ਕੋਈ ਖੋਟ ਨਹੀਂ ਹੈ। ਦੂਜੇ ਪਾਸੇ ਸਿਵਲ ਹਸਪਤਾਲ ਦੇ ਬਾਹਰ ਮੌਜੂਦ ਸੰਨੀ ਅਤੇ ਉਸੇ ਵਾਰਡ ਦੀ ਮਹਿਲਾ ਕੌਂਸਲਰ ਦੇ ਪਤੀ ਸੋਨੂ ਪੰਮਾ ਨੇ ਦੱਸਿਆ ਕਿ ਦੋਸ਼ ਲਾਉਣ ਵਾਲੀ ਗਰਭਵਤੀ ਔਰਤ ਰੀਨਾ ਆਪਣੇ ਕਿਸੇ ਵੀ ਬਿਆਨ ’ਤੇ ਪੂਰਾ ਨਹੀਂ ਉਤਰ ਰਹੀ। ਪੰਚਾਇਤ ’ਚ ਫ਼ੈਸਲਾ ਹੋਇਆ ਸੀ ਕਿ ਜੇਕਰ ਰੀਨਾ ਨੂੰ ਸੰਨੀ ਨੇ ਗਰਭਵਤੀ ਕੀਤਾ ਹੈ ਤਾਂ ਉਸ ਦਾ ਟੈਸਟ ਕਰਵਾਇਆ ਜਾਵੇਗਾ। ਉਸ ਨਾਲ ਪੰਚਾਇਤ ਮੈਂਬਰ 2 ਔਰਤਾਂ ਭੇਜਣਗੇ। ਅਗਲੇ ਹੀ ਦਿਨ ਰੀਨਾ ਖ਼ੁਦ ਕਿਸੇ ਨਿੱਜੀ ਹਸਪਤਾਲ ’ਚ ਇਕੱਲੀ ਜਾ ਕੇ ਰਿਪੋਰਟ ਬਣਵਾ ਕੇ ਲੈ ਆਈ ਕਿ ਉਹ ਗਰਭਵਤੀ ਹੈ। ਸੰਨੀ ਨੇ ਮੰਨਿਆ ਕਿ ਉਹ ਰੀਨਾ ਦੇ ਸੰਪਰਕ 'ਚ ਸੀ ਪਰ ਰੀਨਾ ਦੇ ਢਿੱਡ ’ਚ ਜੋ ਬੱਚਾ ਪਲ ਰਿਹਾ ਹੈ, ਉਹ ਉਸ ਦਾ ਨਹੀਂ ਹੈ। ਉਸ ਨੇ ਕਿਹਾ ਕਿ ਰੀਨਾ ਦੇ ਬੱਚਾ ਹੋਣ ਤੋਂ ਬਾਅਦ ਉਸ ਦਾ ਡੀ. ਐੱਨ. ਏ. ਟੈਸਟ ਕਰਵਾਇਆ ਜਾਵੇ।

ਉਹ ਉਸ ਨਾਲ ਮਿਲਦਾ ਹੋਇਆ ਤਾਂ ਉਹ ਰੀਨਾ ਅਤੇ ਉਸ ਦੇ ਬੱਚੇ ਨੂੰ ਅਪਣਾਉਣ ਲਈ ਤਿਆਰ ਹੈ। ਉਹ ਰੀਨਾ ਦੇ ਪਹਿਲਾਂ ਤੋਂ ਜੋ 3 ਬੱਚੇ ਹਨ, ਉਨ੍ਹਾਂ ਨੂੰ ਕਿਸੇ ਕੀਮਤ ’ਤੇ ਨਹੀਂ ਅਪਣਾਏਗਾ ਕਿਉਂਕਿ ਉਹ ਉਸ ਦੇ ਪਹਿਲੇ ਪਤੀ ਦੇ ਹਨ। ਦੂਜਾ ਸੰਨੀ ਨੇ ਕਿਹਾ ਕਿ ਇਸ ਦੌਰਾਨ ਜੇਕਰ ਰੀਨਾ ਦਾ ਗਰਭਪਾਤ ਹੋ ਜਾਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਉਹ ਨਹੀਂ ਕਿਉਂਕਿ ਰੀਨਾ ਉਸ ਨਾਲ ਅਜਿਹਾ ਕੁੱਝ ਵੀ ਕਰਵਾ ਸਕਦੀ ਹੈ। ਸੰਨੀ ਨੇ ਕਿਹਾ ਕਿ ਰੀਨਾ ਨੇ ਆਪਣੀਆਂ ਦੋਵੇਂ ਧੀਆਂ ਅਤੇ ਦੋ ਹੋਰ ਕੁੜੀਆਂ ਨਾਲ ਮਿਲ ਕੇ ਜਦੋਂ ਉਸ ਦੀ ਭੈਣ ਫਗਵਾੜਾ ਤੋਂ ਫਿਲੌਰ ਆਪਣੇ ਘਰ ਵੱਲ ਵਾਪਸ ਆ ਰਹੀ ਸੀ ਤਾਂ ਰਸਤੇ ’ਚ ਉਸ ਨੂੰ ਘੇਰ ਕੇ ਸਰੇ ਬਾਜ਼ਾਰ ਸ਼ਾਮ ਸਾਢੇ 4 ਵਜੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਬਾਕਾਇਦਾ ਉਸ ਨਾਲ ਕੁੱਟਮਾਰ ਕਰਨ ਦੀ ਵੀਡੀਓ ਵੀ ਬਣਾਈ। ਉਸ ਦੀ ਭੈਣ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੋਇਆ ਹੈ। ਇਸ ਸੰਬਧੀ ਪੁੱਛਣ ’ਤੇ ਥਾਣੇਦਾਰ ਸੁਭਾਸ਼ ਨੇ ਕਿਹਾ ਕਿ ਦੋਵੇਂ ਪਾਰਟੀਆਂ ਦੀਆਂ ਸ਼ਿਕਾਇਤਾਂ ਉਨ੍ਹਾਂ ਨੂੰ ਮਿਲ ਚੁੱਕੀਆਂ ਹਨ, ਜਿਨ੍ਹਾਂ ਦੇ ਬਿਆਨ ਦਰਜ ਕਰ ਕੇ ਉਹ ਇਸ ਦੀ ਜਾਂਚ ਕਰਵਾਏਗੀ, ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News