ਫ਼ਰੀਦਕੋਟ : ਸਿਖਰ ਦੁਪਹਿਰੇ ਘਰ ਅੰਦਰ ਦਾਖਲ ਹੋ ਔਰਤ ਦਾ ਬੇਰਹਿਮੀ ਕਤਲ

Monday, Jul 13, 2026 - 06:43 PM (IST)

ਫ਼ਰੀਦਕੋਟ : ਸਿਖਰ ਦੁਪਹਿਰੇ ਘਰ ਅੰਦਰ ਦਾਖਲ ਹੋ ਔਰਤ ਦਾ ਬੇਰਹਿਮੀ ਕਤਲ

ਫ਼ਰੀਦਕੋਟ (ਰਾਜਨ) : ਫ਼ਰੀਦਕੋਟ ਦੇ ਮੁਹੱਲਾ ਜਾਨੀਆਂ ਵਿਚ ਸੋਮਵਾਰ ਦੁਪਹਿਰ ਇਕ ਵਿਆਹੁਤਾ ਦਾ ਘਰ ਅੰਦਰ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਨੀਤੂ ਵਜੋਂ ਹੋਈ ਹੈ, ਜੋ ਦਿਵਿਆਂਗ ਸੀ ਅਤੇ ਘਰੇਲੂ ਔਰਤ ਸੀ। ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਪਤੀ ਪ੍ਰਦੀਪ ਕੁਮਾਰ ਜੋ ਖੁਦ ਵੀ ਦਿਵਿਆਂਗ ਹੈ, ਸਰਕਾਰੀ ਸਕੂਲ ਵਿਚ ਅਧਿਆਪਕ ਵਜੋਂ ਸੇਵਾ ਨਿਭਾਅ ਰਿਹਾ ਹੈ। ਸੋਮਵਾਰ ਦੁਪਹਿਰ ਜਦੋਂ ਉਹ ਡਿਊਟੀ ਤੋਂ ਘਰ ਪਰਤਿਆ ਤਾਂ ਕਾਫ਼ੀ ਦੇਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਗੁਆਂਢ ਵਿਚ ਰਹਿਣ ਵਾਲੀ ਇਕ ਮਹਿਲਾ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਬੈੱਡਰੂਮ ਵਿਚ ਨੀਤੂ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਮਿਲੀ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ ਅਤੇ ਕਮਰੇ ਵਿਚ ਖੂਨ ਫੈਲਿਆ ਹੋਇਆ ਸੀ।

ਇਹ ਵੀ ਪੜ੍ਹੋ : ਭਾਖੜਾ ਨਹਿਰ 'ਚ ਫਿਰ ਹਾਦਸਾ, ਨਹਾਉਂਦੇ ਸਮੇਂ ਦੇ ਨੌਜਵਾਨ ਰੁੜ੍ਹੇ

ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀ, ਫੋਰੈਂਸਿਕ ਮਾਹਿਰਾਂ ਦੀ ਟੀਮ ਅਤੇ ਹੋਰ ਪੁਲਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕਾ ਦੇ ਪਤੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਦੋਵੇਂ ਦਿਵਿਆਂਗ ਹਨ। ਘਟਨਾ ਸਮੇਂ ਉਹ ਡਿਊਟੀ ’ਤੇ ਸੀ, ਜਦਕਿ ਉਨ੍ਹਾਂ ਦੇ ਦੋਵੇਂ ਬੱਚੇ ਸਕੂਲ ਗਏ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਅਤੇ ਨਾ ਹੀ ਘਰ ਵਿਚ ਕੋਈ ਅਜਿਹੀ ਕੀਮਤੀ ਚੀਜ਼ ਸੀ, ਜਿਸ ਲਈ ਇਸ ਤਰ੍ਹਾਂ ਦੀ ਵਾਰਦਾਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਸਮਝ ਨਹੀਂ ਪਾ ਰਹੇ ਕਿ ਉਨ੍ਹਾਂ ਦੀ ਪਤਨੀ ਦਾ ਇੰਨੀ ਬੇਰਹਿਮੀ ਨਾਲ ਕਤਲ ਕਿਉਂ ਕੀਤਾ ਗਿਆ। ਇਸ ਸਬੰਧੀ ਡੀਐੱਸਪੀ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਹ ਵਾਰਦਾਤ ਦੁਪਹਿਰ ਕਰੀਬ 12 ਤੋਂ 1 ਵਜੇ ਦਰਮਿਆਨ ਵਾਪਰੀ ਹੈ। ਉਨ੍ਹਾਂ ਕਿਹਾ ਕਿ ਪੁਲਸ ਦੀਆਂ ਵੱਖ-ਵੱਖ ਟੀਮਾਂ ਜਾਂਚ ਵਿਚ ਜੁਟੀਆਂ ਹੋਈਆਂ ਹਨ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।


author

Gurminder Singh

Content Editor

Related News