20 ਹਜ਼ਾਰ ਰੁਪਏ ਖਾਤਿਰ ਭਤੀਜੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਚਾਚੀ

04/04/2019 5:10:18 PM

ਨਵਾਂਸ਼ਹਿਰ (ਤ੍ਰਿਪਾਠੀ)– ਗਲਾ ਵੱਢ ਕੇ ਔਕਤ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਪੁਲਸ ਨੇ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਗ੍ਰਿਫਤਾਰ ਕਰਕੇ ਕਤਲ ਵਿਚ ਵਰਤੇ ਤੇਜ਼ਧਾਰ ਚਾਕੂ ਅਤੇ ਖੂਨ ਨਾਲ ਲਥਪਥ ਕੱਪੜੇ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਨੂੰ ਥਾਣਾ ਸਦਰ ਬੰਗਾ ਦੀ ਪੁਲਸ ਨੂੰ ਇਕ ਔਰਤ ਦੀ ਹੱਤਿਆ ਹੋਣ ਦੀ ਜਾਣਕਾਰੀ ਮਿਲੀ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਤਲ ਕੀਤੀ ਗਈ ਔਰਤ ਕੁਲਵਿੰਦਰ ਕੌਰ ਉਰਫ ਪੂਜਾ ਦੇ ਪਤੀ ਰਾਜੂ ਪੁੱਤਰ ਹਰੀ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਸ ਦੀ ਦੂਰ ਦੀ ਰਿਸ਼ਤੇਦਾਰੀ 'ਚ ਭਤੀਜਾ ਲੱਗਦਾ ਪਰਮਜੀਤ ਉਰਫ ਬਿੱਲਾ ਵਾਸੀ ਵਰਿਆਣੀ ਜ਼ਿਲਾ ਜਲੰਧਰ ਪਿਛਲੇ ਕਰੀਬ 6 ਮਹੀਨਿਆਂ ਤੋਂ ਉਨ੍ਹਾਂ ਦੇ ਨਾਲ ਹੀ ਰਹਿ ਰਿਹਾ ਸੀ।

ਉਕਤ ਬਿੱਲਾ ਉਸ ਦੀ ਪਤਨੀ ਕੁਲਵਿੰਦਰ ਕੌਰ 'ਤੇ ਮਾੜੀ ਨਜ਼ਰ ਰੱਖਦਾ ਸੀ। ਜਿਸ ਸਬੰਧੀ ਉਸ ਨੇ ਆਪਣੀ ਪਤਨੀ ਨੂੰ ਸੁਚੇਤ ਵੀ ਕੀਤਾ ਸੀ। ਬੀਤੀ 30 ਮਾਰਚ ਨੂੰ ਉਕਤ ਬਿੱਲਾ ਉਸ ਦੀ ਪਤਨੀ ਕੁਲਵਿੰਦਰ ਅਤੇ 2 ਲੜਕੀਆਂ ਨੂੰ 1 ਧਾਰਮਿਕ ਸਥਾਨ ਦੇ ਬਹਾਨੇ ਆਪਣੀ ਰਿਸ਼ਤੇਦਾਰੀ 'ਚ ਥਾਣਾ ਸਦਰ ਬੰਗਾ ਦੇ ਪਿੰਡ ਰਸੂਲਪੁਰ ਲੈ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਦੱਸਿਆ ਕਿ ਉਸ ਦੀ ਪਤਨੀ ਕੁਲਵਿੰਦਰ ਕੌਰ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ 20-25 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ ਅਤੇ ਹੁਣ ਉਹ ਉਸ ਤੋਂ ਪਿੱਛਾ ਛੁਡਵਾਉਣਾ ਚਾਹੁੰਦੀ ਹੈ, ਜਿਸ ਕਾਰਨ ਉਸ ਨੇ ਕੁਲਵਿੰਦਰ ਦਾ ਕਤਲ ਕਰਕੇ ਉਸ ਦੀ ਲਾਸ਼ ਖੇਤਾਂ 'ਚ ਸੁੱਟ ਦਿੱਤੀ ਹੈ।

ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ 'ਤੇ ਥਾਣਾ ਸਦਰ ਬੰਗਾ ਦੀ ਪੁਲਸ ਨੇ ਮੁਲਜ਼ਮ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਤਲਾਸ਼ ਕਰਕੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ। ਇਸ ਮੌਕੇ ਐੱਸ. ਪੀ. ਵਜੀਦ ਸਿੰਘ, ਡੀ. ਐੱਸ. ਪੀ. ਬੰਗਾ ਨਵਨੀਤ ਸਿੰਘ ਮਾਹਿਲ, ਐੱਸ. ਐੱਚ. ਓ. ਸਦਰ ਮੋਹਨ ਦਾਸ ਅਤੇ ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਜੀਤਪਾਲ ਸਿੰਘ ਹਾਜ਼ਰ ਸਨ।


shivani attri

Content Editor

Related News