ਕੁੱਟ-ਮਾਰ ਨਾਲ ਔਰਤ ਦੀ ਮੌਤ, ਇਕ ਗ੍ਰਿਫਤਾਰ

Thursday, Jun 28, 2018 - 06:46 AM (IST)

ਕੁੱਟ-ਮਾਰ ਨਾਲ ਔਰਤ ਦੀ ਮੌਤ, ਇਕ ਗ੍ਰਿਫਤਾਰ

ਖਰੜ,   (ਅਮਰਦੀਪ)–  ਪਿੰਡ ਮਗਰ ਦੀ ਇਕ ਔਰਤ ਨਾਲ ਉਸ ਦੇ ਗੁਆਂਢੀਆਂ ਵਲੋਂ ਕੁੱਟ-ਮਾਰ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰਨ ਤੋਂ ਬਾਅਦ ਉਸਦੀ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜਾ ਕੇ ਮੌਤ ਹੋ ਗਈ।
ਥਾਣਾ ਸਦਰ ਦੇ ਐੱਸ. ਐੱਚ. ਓ. ਭਗਵੰਤ ਸਿੰਘ ਨੇ ਦੱਸਿਆ ਕਿ ਪਿੰਡ ਮਗਰ ਦੀ ਪਾਲ ਕੌਰ ਪਤਨੀ ਬਹਾਦਰ ਸਿੰਘ ਦੀ ਪਿਛਲੀ 16 ਜੂਨ ਨੂੰ ਉਸ ਦੇ ਗੁਆਂਢੀ ਮਨਦੀਪ ਸਿੰਘ ਸੋਨੀ ਨੇ ਬਿਜਲੀ ਦੀ ਤਾਰ ਤੋਂ ਹੋਏ ਝਗੜੇ ਦੌਰਾਨ ਕੁੱਟ-ਮਾਰ ਕੀਤੀ ਸੀ ਤੇ ਉਸ ਦੇ ਸਿਰ ਵਿਚ ਰੋੜੇ ਵੱਜਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ। ਸਿਵਲ ਹਸਪਤਾਲ ਖਰੜ ਦੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਸਰਕਾਰੀ ਹਸਪਤਾਲ ਸੈਕਟਰ-16 ਚੰਡੀਗੜ੍ਹ ਰੈਫਰ ਕਰ ਦਿੱਤਾ ਤੇ ਉਸ ਤੋਂ ਬਾਅਦ ਉਸ ਦੀ ਹਾਲਤ ਵਿਗੜਨ ਕਾਰਨ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਸੀ, ਜਿਥੇ ਕਿ ਉਸ ਦੀ ਮੌਤ ਹੋ ਗਈ। 
ਪੁਲਸ ਨੇ ਮਨਦੀਪ ਸਿੰਘ ਉਰਫ ਸੋਨੀ, ਪਰਮਜੀਤ ਸਿੰਘ ਤੇ ਬਲਵੰਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਮੁੱਖ ਲੋੜੀਂਦੇ ਮੁਲਜ਼ਮ ਮਨਦੀਪ ਸਿੰਘ ਸੋਨੀ ਨੂੰ ਗ੍ਰਿਫਤਾਰ ਕਰਕੇ ਖਰੜ ਦੀ ਅਦਾਲਤ ਵਿਚ ਪੇਸ਼ 
ਕੀਤਾ ਗਿਆ, ਜਿਥੇ ਮਾਣਯੋਗ ਜੱਜ ਨੇ ਉਸ ਨੂੰ ਜੇਲ ਭੇਜਣ ਦੇ ਹੁਕਮ ਸੁਣਾਏ ਹਨ।


Related News