5 ਗ੍ਰਾਮ ਹੈਰੋਇਨ ਸਮੇਤ ਪਿੰਡ ਜੌਲੀਆਂ ਦੀ ਇਕ ਔਰਤ ਗ੍ਰਿਫ਼ਤਾਰ

Saturday, Jul 20, 2024 - 04:01 PM (IST)

5 ਗ੍ਰਾਮ ਹੈਰੋਇਨ ਸਮੇਤ ਪਿੰਡ ਜੌਲੀਆਂ ਦੀ ਇਕ ਔਰਤ ਗ੍ਰਿਫ਼ਤਾਰ

ਭਵਾਨੀਗੜ੍ਹ (ਕਾਂਸਲ) : ਸਥਾਨਕ ਪੁਲਸ ਵੱਲੋਂ ਔਰਤ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਚੈੱਕ ਪੋਸਟ ਘਰਾਚੋਂ ਦੇ ਸਹਾਇਕ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਆਲੋਅਰਖ ਪਹੁੰਚੇ ਤਾਂ ਸਹਾਮਣੇ ਤੋਂ ਇਕ ਔਰਤ ਪੈਦਲ ਆਉਂਦੀ ਦਿਖਾਈ ਦਿੱਤੀ। ਪੁਲਸ ਪਾਰਟੀ ਨੇ ਜਦੋਂ ਸ਼ੱਕ ਦੇ ਆਧਾਰ ’ਤੇ ਉਕਤ ਔਰਤ ਨੂੰ ਰੋਕਿਆਂ ਤਾਂ ਉਸ ਔਰਤ ਨੇ ਇਕ ਦਮ ਇੱਕ ਲਿਫ਼ਾਫ਼ਾ ਸੜਕ ਦੇ ਦੂਜੇ ਪਾਸੇ ਸੁੱਟ ਦਿੱਤਾ।

ਪੁਲਸ ਪਾਰਟੀ ਨੇ ਜਦੋਂ ਲਿਫ਼ਾਫ਼ੇ ਨੂੰ ਚੁੱਕਿਆ ਤਾਂ ਇਸ ’ਚੋਂ 5 ਗ੍ਰਾਮ ਨਸ਼ੀਲਾ ਪਾਊਡਰ ਹੈਰੋਇਨ ਬਰਾਮਦ ਹੋਈ। ਉਕਤ ਔਰਤ ਦੀ ਪਛਾਣ ਕਰਮਜੀਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਪਿੰਡ ਜੌਲੀਆ ਦੇ ਤੌਰ ’ਤੇ ਹੋਈ। ਪੁਲਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੂਰੇ ਇਲਾਕੇ ਅੰਦਰ ਨਸ਼ਿਆਂ ਦੀ ਰਾਜਧਾਨੀ ਦੇ ਨਾਂ ਨਾਲ ਜਾਣੇ ਜਾਂਦੇ ਪਿੰਡ ਜੌਲੀਆਂ ਵਿਖੇ ਬੀਤੇ ਦਿਨੀਂ ਐੱਸ. ਟੀ. ਐੱਫ਼. ਪਟਿਆਲਾ ਦੀ ਇਕ ਟੀਮ ਵੱਲੋਂ ਸਵੇਰੇ ਤੜਕਸਾਰ ਹੀ ਛਾਪੇਮਾਰੀ ਕੀਤੀ ਗਈ ਸੀ ਪਰ ਪੁਲਸ ਨੂੰ ਕੁੱਝ ਵੀ ਹਾਸਲ ਨਹੀਂ ਹੋਇਆ।

ਉਥੋਂ ਦੀ ਚੈੱਕ ਪੋਸਟ ਦੇ ਇੰਚਾਰਜ ਵੱਲੋਂ ਵੀ ਇਹ ਦਾਅਵਾ ਕੀਤਾ ਗਿਆ ਸੀ ਕਿ ਜਦੋਂ ਤੋਂ ਉਨ੍ਹਾਂ ਨੇ ਇੱਥੇ ਚਾਰਜ ਸੰਭਾਲਿਆ ਹੈ, ਉਨ੍ਹਾਂ ਪਿੰਡ ’ਚ ਕਰਫ਼ਿਊ ਵਰਗੇ ਹਾਲਾਤ ਬਣਾ ਕੇ ਨਸ਼ਿਆਂ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਰੋਕ ਲਗਾ ਰੱਖੀ ਹੈ ਪਰ ਇਸ ਸਭ ਤੋਂ ਬਾਅਦ ਹੁਣ ਫਿਰ ਪਿੰਡ ਜੌਲੀਆਂ ਦੇ ਵਸਨੀਕਾਂ ਤੋਂ ਹੀ ਨਸ਼ੀਲੇ ਪਦਾਰਥਾਂ ਦਾ ਬਰਾਮਦ ਹੋਣਾ ਇਹ ਸਾਬਤ ਕਰਦਾ ਹੈ ਕਿ ਉਕਤ ਪਿੰਡ ’ਚ ਨਸ਼ਿਆਂ ਦਾ ਗੋਰਖਧੰਦਾ ਅਜੇ ਵੀ ਜਾਰੀ ਹੈ ਅਤੇ ਲੋਕਾਂ ਵੱਲੋਂ ਇਹ ਸਵਾਲ ਵੀ ਖੜ੍ਹੇ ਕੀਤੇ ਜਾ ਰਹੇ ਹਨ ਕਿ ਇਸ ਛਾਪੇਮਾਰੀ ਬਾਰੇ ਸਾਇਦ ਨਸ਼ੇ ਦੇ ਸੌਦਾਗਰ ਪਹਿਲਾਂ ਤੋਂ ਹੀ ਜਾਣੂੰ ਸਨ। 


author

Babita

Content Editor

Related News