ਪਤੀ ਦੇ ਜੇਲ ਜਾਣ ਤੋਂ ਬਾਅਦ ਵੀ ਪਤਨੀ ਨੇ ਜਾਰੀ ਰੱਖਿਆ ਧੰਦਾ, ਹੋਇਆ ਪਰਦਾਫਾਸ਼

Friday, Aug 04, 2017 - 12:43 PM (IST)

ਪਤੀ ਦੇ ਜੇਲ ਜਾਣ ਤੋਂ ਬਾਅਦ ਵੀ ਪਤਨੀ ਨੇ ਜਾਰੀ ਰੱਖਿਆ ਧੰਦਾ, ਹੋਇਆ ਪਰਦਾਫਾਸ਼

ਚੰਡੀਗੜ੍ਹ (ਸੁਸ਼ੀਲ) : ਅੰਬਾਲਾ ਤੋਂ ਨਸ਼ੀਲੇ ਟੀਕੇ ਲਿਆ ਕੇ ਚੰਡੀਗੜ੍ਹ 'ਚ ਸਪਲਾਈ ਕਰਨ ਵਾਲੀ ਔਰਤ ਨੂੰ ਪੁਲਸ ਨੇ ਸੈਕਟਰ-50 ਨੇੜੇ ਦਬੋਚ ਲਿਆ। ਫੜ੍ਹੀ ਗਈ ਔਰਤ ਦੀ ਪਛਾਣ ਪੰਚਕੂਲਾ ਦੇ ਪਿੰਡ ਮਨਕਾਇਆ ਵਾਸੀ ਪਰਮਜੀਤ ਕੌਰ ਦੇ ਰੂਪ 'ਚ ਹੋਈ ਹੈ। ਤਲਾਸ਼ੀ ਦੌਰਾਨ ਉਸ ਦੇ ਬੈਗ 'ਚੋਂ 200 ਨਸ਼ੀਲੇ ਟੀਕੇ ਬਰਾਮਦ ਹੋਏ। ਔਰਤ ਨੇ ਦੱਸਿਆ ਕਿ ਉਹ ਟੀਕੇ ਚੰਡੀਗੜ੍ਹ ਤੇ ਪੰਚਕੂਲਾ 'ਚ ਵੇਚਣ ਵਾਲੇ ਲੋਕਾਂ ਨੂੰ ਸਪਲਾਈ ਕਰਦੀ ਸੀ। ਪਰਮਜੀਤ ਨੇ ਦੱਸਿਆ ਕਿ ਪਹਿਲਾਂ ਉਸ ਦਾ ਪਤੀ ਨਸ਼ੀਲੇ ਟੀਕੇ ਸਪਲਾਈ ਕਰਦਾ ਸੀ। ਪਤੀ ਨੂੰ ਪੁਲਸ ਨੇ ਫੜ੍ਹ ਲਿਆ ਸੀ, ਜਿਸ ਦੇ ਬਾਅਦ ਹੁਣ ਉਹ ਨਸ਼ੀਲੇ ਟੀਕੇ ਸਪਲਾਈ ਕਰਦੀ ਹੈ। ਉਸ ਨੇ ਦੱਸਿਆ ਕਿ ਉਹ ਇਕ ਟੀਕਾ 200 ਤੋਂ 300 ਰੁਪਏ 'ਚ ਵੇਚਦੀ ਹੈ।
ਸੈਕਟਰ-49 ਥਾਣਾ ਪੁਲਸ ਨੇ ਪਰਮਜੀਤ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੈਕਟਰ 49 ਥਾਣਾ ਮੁਖੀ ਰਣਜੋਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਅੰਬਾਲਾ ਤੋਂ ਨਸ਼ੀਲੇ ਟੀਕੇ ਲਿਆ ਕੇ ਇਕ ਮਹਿਲਾ ਚੰਡੀਗੜ੍ਹ 'ਚ ਸਪਲਾਈ ਕਰਨ ਜਾ ਰਹੀ ਹੈ। ਸੂਚਨਾ ਮਿਲਦਿਆਂ ਹੀ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਸੈਕਟਰ-50 ਨੇੜੇ ਨਾਕਾ ਲਾਇਆ। ਨਾਕੇ 'ਤੇ ਪੁਲਸ ਨੂੰ ਵੇਖ ਕੇ ਬੈਗ ਲੈ ਕੇ ਆ ਰਹੀ ਔਰਤ ਵਾਪਸ ਮੁੜ ਕੇ ਜਾਣ ਲੱਗੀ। ਪੁਲਸ ਕਰਮਚਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਔਰਤ ਨੂੰ ਫੜ੍ਹ ਲਿਆ। ਪੁਲਸ ਨੇ ਉਸ ਦਾ ਬੈਗ ਚੈੱਕ ਕੀਤਾ ਤਾਂ ਉਸ 'ਚੋਂ 200 ਨਸ਼ੀਲੇ ਟੀਕੇ ਮਿਲੇ।


Related News