ਕੈਨੇਡਾ ਦਾ ਵਰਕ ਵੀਜ਼ਾ ਲਵਾਉਣ ਦੇ ਮਾਮਲੇ ’ਚ ਫ਼ਰਾਰ ਔਰਤ ਕਾਬੂ
Thursday, May 25, 2023 - 02:46 PM (IST)
ਚੰਡੀਗੜ੍ਹ (ਸੁਸ਼ੀਲ) : ਕੈਨੇਡਾ ਦਾ ਵਰਕ ਵੀਜ਼ਾ ਲਵਾਉਣ ਦੇ ਨਾਂ ’ਤੇ ਪਲੈਨੇਟ ਵੀਜ਼ਾ ਸਾਲਿਊਸ਼ਨ ਇੰਮੀਗ੍ਰੇਸ਼ਨ ਕੰਪਨੀ ਵਲੋਂ ਠੱਗੀ ਦੇ ਮਾਮਲੇ 'ਚ ਫ਼ਰਾਰ ਔਰਤ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਸਿਰਸਾ ਨਿਵਾਸੀ ਸ਼ਾਲੂ ਰਾਣੀ ਉਰਫ਼ ਪ੍ਰੀਤੀ ਵਜੋਂ ਹੋਈ। ਪ੍ਰੀਤੀ ਹਰਿਆਣਾ ਦੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਜਾਲ 'ਚ ਫਸਾ ਕੇ ਠੱਗੀ ਕਰਦੀ ਸੀ। ਔਰਤ ਕੋਲੋਂ ਪੁਲਸ ਨੂੰ ਲੈਪਟਾਪ ਅਤੇ ਦਫ਼ਤਰ ਦੀਆਂ ਚਾਬੀਆਂ ਮਿਲੀਆਂ ਹਨ।
ਇਸ ਤੋਂ ਪਹਿਲਾਂ ਪੁਲਸ ਮਾਮਲੇ 'ਚ ਬਲਾਚੌਰ ਨਿਵਾਸੀ ਵਿਪਨ ਕੌਸ਼ਲ ਉਰਫ਼ ਕਰਨ ਸ਼ਰਮਾ ਅਤੇ ਸੰਗਰੂਰ ਦੇ ਵਾਰਡ ਨੰਬਰ-18 ਨਿਵਾਸੀ ਗੁਰਬੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਚੁੱਕੀ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 16 ਪਾਸਪੋਰਟ, ਜਿਨ੍ਹਾਂ ਵਿਚੋਂ ਦੋ ਨੇਪਾਲ ਦੇ ਹਨ, ਤੋਂ ਇਲਾਵਾ 11 ਸਿੰਮ ਕਾਰਡ, 4 ਮੋਬਾਇਲ ਫੋਨ, ਖਿਡੌਣਾ ਪਿਸਤੌਲ, ਮੁਲਜ਼ਮਾਂ ਦੇ ਆਧਾਰ ਕਾਰਡ, 14 ਚੈੱਕ ਬੁੱਕ, 8 ਡੈਬਿਟ ਕਾਰਡ, ਅੱਧਾ ਦਰਜਨ ਪੈਨ ਕਾਰਡ, ਵੋਟਰ ਕਾਰਡ ਅਤੇ ਗੱਡੀ ਜ਼ਬਤ ਕੀਤੀ ਸੀ।