ਮੋਟਰਸਾਈਕਲ ਦੀ ਫੇਟ ਵੱਜਣ ਨਾਲ ਜਨਾਨੀ ਦੀ ਮੌਤ, ਦੋ ਗੰਭੀਰ ਜ਼ਖਮੀ
Monday, Nov 02, 2020 - 06:02 PM (IST)
ਬੱਧਨੀ ਕਲਾਂ, ਚੜਿੱਕ (ਬੱਬੀ) : ਪਿੰਡ ਬੱਧਨੀ ਖੁਰਦ ਕੋਲ ਬੁੱਟਰ ਕਲਾਂ ਵਾਲੇ ਪਾਸਿਓਂ ਪੈਦਲ ਆ ਰਹੀਆਂ ਪਿੰਡ ਬੁਰਜ ਦੁਨਾ ਦੀਆਂ ਤਿੰਨ ਜਨਾਨੀਆਂ ਵਿਚ ਇਕ ਤੇਜ਼ ਰਫਤਾਰ ਮੋਟਰਸਾਈਕਲ ਵੱਜਣ ਨਾਲ ਇਕ ਜਨਾਨੀ ਦੀ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਜ਼ਖਮੀ ਹੋ ਗਈਆਂ। ਪਤਾ ਲੱਗਾ ਹੈ ਕੇ ਉਕਤ ਤਿੰਨੇ ਜਨਾਨੀਆਂ ਮਿਹਨਤ ਮਜ਼ਦੂਰੀ ਦਾ ਕੰਮ ਕਰਦੀਆਂ ਸਨ ਤੇ ਆਪਣਾ ਕੰਮ ਧੰਦਾ ਖਤਮ ਹੋਣ ਤੋਂ ਬਾਅਦ ਆਪਣੇ ਘਰ ਜਾਣ ਲਈ ਪੈਦਲ ਵਾਪਸ ਆ ਬੱਧਨੀ ਕਲਾਂ ਵੱਲ ਰਹੀਆਂ ਸਨ। ਇਸ ਦੌਰਾਨ ਬੱਧਨੀ ਖੁਰਦ ਕੋਲ ਇਕ ਤੇਜ਼ ਰਫਤਾਰ ਮੋਟਰਸਾਈਕਲ ਚਾਲਕ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਇਕ ਜਨਾਨੀ ਗੁਰਮੇਲ ਕੌਰ ਵਾਸੀ ਬੁਰਜ ਦੁੱਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਨਾਲ ਵਾਲੀਆਂ ਦੋ ਜਨਾਨੀਆਂ ਸਰਬਜੀਤ ਕੌਰ ਅਤੇ ਛਿੰਦਰ ਕੌਰ ਗੰਭੀਰ ਰੂਪ ਫੱਟੜ ਹੋ ਗਈਆਂ ਜਿਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕ ਮਹਿਲਾ ਦੇ ਲੜਕੇ ਰਾਮ ਆਸਰਾ ਪੁੱਤਰ ਬਲਵਿੰਦਰ ਸਿੰਘ ਵਾਸੀ ਬੁੱਰਜ ਦੁੱਨਾ ਨੇ ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਕਿਹਾ ਹੈ ਕੇ ਉਸ ਦੀ ਮਾਤਾ ਪਿੰਡ ਦੀਆਂ ਕੁਝ ਜਨਾਨੀਆਂ ਨਾਲ ਸ਼ਾਮ ਨੂੰ 6.30 ਵਜੇ ਦੇ ਕਰੀਬ ਬੁੱਟਰ ਕਲਾਂ ਤੋਂ ਮਜ਼ਦੂਰੀ ਦਾ ਕੰਮ ਕਰਨ ਤੋਂ ਬਾਅਦ ਵਾਪਸ ਪਿੰਡ ਬੁਰਜ ਦੁੱਨਾ ਜਾਣ ਲਈ ਬੱਧਨੀ ਕਲਾਂ ਵੱਲ ਨੂੰ ਪੈਦਲ ਆ ਰਹੀਆਂ ਸਨ, ਜਦੋਂ ਉਹ ਬੱਧਨੀ ਖੁਰਦ ਕੋਲ ਪਹੁੰਚੀਆਂ ਤਾਂ ਇਕ ਗਲਤ ਸਾਈਡ 'ਤੇ ਲਾਪ੍ਰਵਾਹੀ ਨਾਲ ਤੇਜ਼ ਰਫਤਾਰ ਮੋਟਰਸਾਈਕਲ ਚਲਾਉਂਦੇ ਆ ਰਹੇ ਗੁਰਪ੍ਰੀਤ ਸਿੰਘ ਉਰਫ ਗੋਰੀ ਵਾਸੀ ਬੱਧਨੀ ਖੁਰਦ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨਾਲ ਉਸ ਦੀ ਮਾਤਾ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਤੇ ਮਾਤਾ ਨਾਲ ਜਾ ਰਹੀਆਂ ਦੋ ਔਰਤਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ।
ਮ੍ਰਿਤਕਾ ਦੇ ਲੜਕੇ ਰਾਮ ਆਸਰਾ ਵਲੋਂ ਦਿੱਤੇ ਗਏ ਬਿਆਨਾਂ ਨੂੰ ਗੰਭੀਰਤਾਂ ਨਾਲ ਲੈਂਦਿਆਂ ਬੱਧਨੀ ਕਲਾਂ ਪੁਲਸ ਵਲੋਂ ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਜਸਵੀਰ ਸਿੰਘ ਭੋਲਾ ਵਾਸੀ ਬੱਧਨੀ ਖੁਰਦ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਸਹਾਇਕ ਥਾਣੇਦਾਰ ਜਗਸੀਰ ਸਿੰਘ ਵਲੋਂ ਅਮਲ ਵਿਚ ਲਿਆਂਦੀ ਜਾ ਰਹੀ ਹੈ।