ਬਿਨਾਂ ਕਿਤਾਬਾਂ ਦੇ ਅੱਖਰ ਗਿਆਨ ਹਾਸਲ ਕਰ ਰਹੇ ਨੇ ''ਪਾੜ੍ਹੇ''

Friday, Jul 07, 2017 - 12:47 AM (IST)

ਬਿਨਾਂ ਕਿਤਾਬਾਂ ਦੇ ਅੱਖਰ ਗਿਆਨ ਹਾਸਲ ਕਰ ਰਹੇ ਨੇ ''ਪਾੜ੍ਹੇ''

ਮੋਗਾ,   (ਪਵਨ ਗਰੋਵਰ/ਗੋਪੀ ਰਾਊਕੇ)-  ਇਕ ਪਾਸੇ ਜਿੱਥੇ ਸਰਕਾਰ ਅਤੇ ਸਿੱਖਿਆ ਮਹਿਕਮੇ ਵੱਲੋਂ ਸੂਬੇ ਭਰ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਹੀ ਦੂਜੇ ਪਾਸੇ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਨਾਲ ਰੱਤੀ ਭਰ ਵੀ ਮੇਲ ਖਾਂਦੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਸੂਬੇ ਭਰ ਦੇ ਪ੍ਰਾਇਮਰੀ ਸਕੂਲਾਂ 'ਚ ਪੜ੍ਹਦੇ 'ਪਾੜ੍ਹਿਆਂ' ਨੂੰ ਅਜੇ ਤੱਕ ਪੂਰੀਆਂ ਕਿਤਾਬਾਂ ਹੀ ਹਾਸਲ ਨਹੀਂ ਹੋਈਆਂ ਹਨ, ਜਿਸ ਕਾਰਨ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲੱਗਾ ਹੋਇਆ ਹੈ। ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਅੱਖਰ ਗਿਆਨ ਹਾਸਲ ਕਰਦੇ 'ਪਾੜ੍ਹੇ' ਬਿਨਾਂ ਕਿਤਾਬਾਂ ਤੋਂ ਵੀ ਹੀ ਪੜ੍ਹਾਈ ਕਰਨ ਲਈ ਸਕੂਲਾਂ ਵਿਚ ਜਾਂਦੇ ਹਨ। 
'ਜਗ ਬਾਣੀ' ਵੱਲੋਂ ਇਕੱਤਰ ਕੀਤੀ ਜਾਣਕਾਰੀ 'ਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਸਕੂਲਾਂ 'ਚ ਕਿਤਾਬਾਂ ਨਾ ਆਉਣ ਕਰ ਕੇ ਵਿਦਿਆਰਥੀਆਂ ਦੇ ਮਾਪਿਆਂ ਦੇ ਨਾਲ-ਨਾਲ ਅਧਿਆਪਕ ਵੀ ਚਿੰਤਤ ਹਨ। ਇਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੇ ਸਕੂਲਾਂ 'ਚ ਕਿਤਾਬਾਂ ਅਜੇ ਤੱਕ ਨਾ ਆਉਣ ਦੀ ਪੁਸ਼ਟੀ ਕੀਤੀ ਹੈ। ਇਸ ਸਕੂਲੀ ਅਧਿਆਪਕ ਦਾ ਦੱਸਣਾ ਹੈ ਕਿ ਪ੍ਰਾਇਮਰੀ ਸਿੱਖਿਆ ਵਿਦਿਆਰਥੀਆਂ ਦੇ ਭਵਿੱਖ ਦੀ ਨੀਂਹ ਹੁੰਦੀ ਹੈ ਅਤੇ ਕਿਤਾਬਾਂ ਨਾ ਆਉਣ ਕਾਰਨ ਇਸ ਸੀਜ਼ਨ 'ਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਪੜ੍ਹਾਈ ਕਰਦੇ ਵਿਦਿਆਰਥੀਆਂ ਦੀ ਨੀਂਹ ਕਮਜ਼ੋਰ ਹੋ ਰਹੀ ਹੈ। 
ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲਾਂ 'ਚ ਬਹੁਤੇ ਆਰਥਿਕ ਪੱਖੋਂ ਕਮਜ਼ੋਰ ਮਾਪਿਆਂ ਦੇ ਬੱਚੇ ਪੜ੍ਹਦੇ ਹਨ, ਜਿਸ ਕਰ ਕੇ ਇਹ ਵਿਦਿਆਰਥੀ ਆਪਣੇ ਪੱਲਿਓਂ ਪੈਸੇ ਖਰਚ ਕਰ ਕੇ ਕਿਤਾਬਾਂ ਲੈਣ ਲਈ ਅਸਮਰਥ ਹਨ। ਇਕ ਹੋਰ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਾ ਕਹਿਣਾ ਸੀ ਕਿ ਸਕੂਲਾਂ ਦੇ ਅਧਿਆਪਕਾਂ ਨੂੰ ਆਸ ਸੀ ਕਿ ਛੁੱਟੀਆਂ ਦੇ ਸੀਜ਼ਨ 'ਚ ਕਿਤਾਬਾਂ ਆ ਜਾਣਗੀਆਂ ਪਰ ਹੁਣ ਤੱਕ ਕਿਤਾਬਾਂ ਨਾ ਆਉਣ ਕਾਰਨ ਅਧਿਆਪਕ ਚਿੰਤਤ ਹਨ ਕਿ ਕਿਤਾਬਾਂ ਨਾ ਹੋਣ ਕਰ ਕੇ ਵਿਦਿਆਰਥੀਆਂ ਦਾ ਬੋਰਡ ਦੀ ਪੰਜਵੀਂ ਜਮਾਤ ਦਾ ਨਤੀਜਾ ਮਾੜਾ ਆ ਸਕਦਾ ਹੈ। 
ਇਨ੍ਹਾਂ ਵਿਸ਼ਿਆਂ ਦੀਆਂ ਨਹੀਂ ਆਈਆਂ ਅਜੇ ਤੱਕ ਕਿਤਾਬਾਂ : 'ਜਗ ਬਾਣੀ' ਵੱਲੋਂ ਇਸ ਸਬੰਧੀ ਕੀਤੀ ਗਈ ਪੜਤਾਲ ਅਨੁਸਾਰ ਪਹਿਲੀ ਜਮਾਤ ਦੀ ਸਿਰਫ ਪੰਜਾਬੀ ਵਿਸ਼ੇ ਦੀ ਕਿਤਾਬ ਵਿਦਿਆਰਥੀਆਂ ਨੂੰ ਮਿਲੀ ਹੈ, ਜਦਕਿ ਅੰਗਰੇਜ਼ੀ ਅਤੇ ਗਣਿਤ ਵਿਸ਼ੇ ਦੀਆਂ ਕਿਤਾਬਾਂ ਨਹੀਂ ਮਿਲੀਆਂ, ਦੂਜੀ ਜਮਾਤ ਅੰਗਰੇਜ਼ੀ ਵਿਸ਼ੇ ਦੀ ਕਿਤਾਬ ਤਾਂ ਆਈ ਹੈ ਪਰ ਪੰਜਾਬੀ ਅਤੇ ਹਿਸਾਬ ਵਿਸ਼ੇ ਦੀਆਂ ਕਿਤਾਬਾਂ ਨਹੀਂ ਮਿਲੀਆਂ। ਇਸੇ ਤਰ੍ਹਾਂ ਹੀ ਤੀਜੀ ਜਮਾਤ ਦੀਆਂ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ੇ ਦੀਆਂ ਕਿਤਾਬਾਂ ਨਹੀਂ ਮਿਲੀਆਂ, ਚੌਥੀ ਜਮਾਤ ਦੀ ਪੰਜਾਬੀ ਅਤੇ ਹਿਸਾਬ ਤੋਂ ਇਲਾਵਾ ਪੰਜਵੀਂ ਜਮਾਤ ਦੀਆਂ ਗਣਿਤ, ਹਿੰਦੀ ਅਤੇ ਵਾਤਾਵਰਣ ਵਿਸ਼ੇ ਦੀਆਂ ਕਿਤਾਬਾਂ ਨਹੀਂ ਮਿਲੀਆਂ। 
ਜ਼ਿਲਾ ਸਿੱਖਿਆ ਅਧਿਕਾਰੀ ਦਾ ਪੱਖ : ਇਸ ਮਾਮਲੇ ਸਬੰਧੀ ਜਦੋਂ ਜ਼ਿਲਾ ਸਿੱਖਿਆ ਅਫਸਰ (ਅ.) ਜਸਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਕਿਤਾਬਾਂ ਨਾ ਆਉਣ ਕਰ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸਕੂਲਾਂ 'ਚ ਕਿਤਾਬਾਂ ਭੇਜਣ ਸਬੰਧੀ ਪੱਤਰ ਲਿਖਿਆ ਗਿਆ ਹੈ।


Related News