ਬਰਫ ਦੇ ਪਾਣੀ ਨਾਲ ਹੀ ਜ਼ਮੀਨ ਨੂੰ ਲੱਗਾ ਖੌਰਾ ; ਕੀ ਹੋਵੇਗਾ ਬਰਸਾਤ ਦੇ ਮੌਸਮ ''ਚ
Tuesday, Jun 13, 2017 - 02:26 AM (IST)
ਗੁਰਦਾਸਪੁਰ, (ਵਿਨੋਦ)— ਅਜੇ ਪੰਜਾਬ ਵਿਚ ਬਰਸਾਤ ਦਾ ਮੌਸਮ ਸ਼ੁਰੂ ਨਹੀਂ ਹੋਇਆ ਪਰ ਜਿਸ ਤਰ੍ਹਾਂ ਜ਼ਿਲਾ ਗੁਰਦਾਸਪੁਰ ਵਿਚ ਬਿਆਸ ਦਰਿਆ ਕਾਰਨ ਪਿੰਡ ਮਾੜੀ ਬੁੱਚੀਆਂ, ਫੱਤੂ ਬਰਕਤਾਂ, ਮੁੱਲੇਵਾਲ, ਪਸਵਾਲ ਦੇ ਕੋਲ ਪਾਣੀ ਨਾਲ ਜ਼ਮੀਨ ਖੁਰਣ ਲੱਗੀ ਹੈ। ਉਸ ਨਾਲ ਸਥਿਤੀ ਇਸ ਵਾਰ ਵੀ ਕਾਫੀ ਖਰਾਬ ਹੋਣ ਦੀ ਸੰਭਾਵਨਾ ਹੈ।
ਇਨ੍ਹਾਂ ਹੜ੍ਹ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਲੱਗਦਾ ਹੈ ਕਿ ਨਾ ਤਾਂ ਰਾਜਨੀਤਿਕ ਨੇਤਾ ਗੰਭੀਰ ਹਨ ਅਤੇ ਨਾ ਹੀ ਜ਼ਿਲਾ ਪ੍ਰਸ਼ਾਸਨ, ਜੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਬਿਆਸ ਦਰਿਆ ਨਾਲ ਹੋਣ ਵਾਲੇ ਭੂਮੀ ਕਟਾਅ ਨੂੰ ਰੋਕਣ ਲਈ ਮਜ਼ਬੂਤ ਹੜ੍ਹ ਸੁਰੱਖਿਆ ਪ੍ਰਬੰਧ ਨਾ ਕੀਤੇ ਗਏ ਤਾਂ ਨਿਸ਼ਚਿਤ ਰੂਪ ਵਿਚ ਬਿਆਸ ਦਰਿਆ ਦੇ ਪਾਣੀ ਨਾਲ ਇਨ੍ਹਾਂ ਇਲਾਕਿਆਂ ਦੀ ਹਜ਼ਾਰਾਂ ਏਕੜ ਜ਼ਮੀਨ ਦਰਿਆ ਦੀ ਭੇਟ ਚੜ੍ਹ ਜਾਵੇਗੀ। ਜੂਨ 2009 ਨੂੰ ਜਦੋਂ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਕਾਹਨੂੰਵਾਨ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਅਧੀਨ ਦੋ ਦਿਨ ਲਈ ਆਏ ਸਨ ਤਾਂ ਉਦੋਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਕਾਫੀ ਸ਼ੋਰ ਮਚਾਇਆ ਸੀ।
ਸਾਬਕਾ ਮੁੱਖ ਮੰਤਰੀ ਨੇ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਕਦਮ ਚੁੱਕਣ ਦਾ ਆਦੇਸ਼ ਜਾਰੀ ਕੀਤਾ ਸੀ ਪਰ ਇਸ ਦੇ ਬਾਵਜੂਦ ਅੱਜ 8 ਸਾਲ ਬੀਤਣ ਦੇ ਬਾਅਦ ਵੀ ਅਜੇ ਤੱਕ ਵਿਭਾਗ ਨੇ ਕੁਝ ਨਹੀਂ ਕੀਤਾ।
