ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਖੁੱਲ੍ਹਣ ਦੇ ਐਲਾਨ ਨਾਲ ਗੁਰੂ ਨਾਨਕ ਨਾਮਲੇਵਾ ਸੰਗਤਾਂ ਹੋਈਆਂ ਬਾਗੋ-ਬਾਗ
Tuesday, Nov 16, 2021 - 03:51 PM (IST)
ਡੇਰਾ ਬਾਬਾ ਨਾਨਕ (ਵਤਨ)-ਪੰਜਾਬ ਦੇ ਭਾਜਪਾ ਆਗੂਆਂ ਵੱਲੋਂ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤਾਂ ਤੋਂ ਬਾਅਦ ਅੱਜ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 17 ਨਵੰਬਰ ਤੋਂ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੋਂ 4 ਕਿਲੋਮੀਟਰ ਦੂਰ ਪਾਕਿਸਤਾਨ ਵਿਖੇ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ- ਦੀਦਾਰਿਆਂ ਲਈ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਬਣੇ ਕਰਤਾਰਪੁਰ ਕਾਰੀਡੋਰ ਨੂੰ ਖੋਲ੍ਹਣ ਦੇ ਐਲਾਨ ਨਾਲ ਜਿਥੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਬਾਗੋ-ਬਾਗ ਹੋ ਗਈਆਂ ਹਨ, ਉਥੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਲੋਕਾਂ ਵੱਲੋਂ ਵੀ ਇਸ ਕਾਰੀਡੋਰ ਦੇ ਖੁੱਲ੍ਹਣ ਨਾਲ ਕਾਰੋਬਾਰ ਵਧਣ ਦੀ ਆਸ ਪ੍ਰਗਟਾਈ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ 9 ਨਵੰਬਰ 2019 ’ਚ ਭਾਰਤ ਦੇ ਪ੍ਰਧਾਨ ਨਰਿੰਦਰ ਮੋਦੀ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਕਰਤਾਰਪੁਰ ਕੋਰੀਡੋਰ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ ਅਤੇ ਇਸ ਦੇ ਨਾਲ-ਨਾਲ ਪਾਕਿਸਤਾਨ ਸਰਕਾਰ ਵੱਲੋਂ ਵੀ ਭਾਰਤੀ ਸੰਗਤ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰਿਆਂ ਲਈ ਪਹੁੰਚਣ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਪਰ ਕੋਰੋਨਾ ਮਹਾਮਾਰੀ ਦੇ ਚਲਦਿਆਂ 2020 ’ਚ ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਗਿਆ ਸੀ। ਸੰਗਤਾਂ ਵੱਲੋਂ ਵਾਰ-ਵਾਰ ਅਰਦਾਸ ਕੀਤੀ ਜਾ ਰਹੀ ਸੀ ਕਿ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਘਟਣ ’ਤੇ ਜਦੋਂ ਸਾਰੇ ਗੁਰਧਾਮ ਖੋਲ੍ਹ ਦਿੱਤੇ ਗਏ ਹਨ ਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਕਾਰੀਡੋਰ ’ਚ ਬੇਲੋੜੀ ਦੇਰੀ ਕਿਉਂ ਕੀਤੀ ਜਾ ਰਹੀ ਹੈ ਅਤੇ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ 19 ਨਵੰਬਰ ਨੂੰ ਪ੍ਰਕਾਸ਼ ਪੁਰਬ ’ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅਰਦਾਸ-ਬੇਨਤੀਆਂ ਕਰ ਰਹੀਆਂ ਸਨ, ਜਿਸ ਨੂੰ ਮੰਨਦਿਆਂ ਅੱਜ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਕਾਰੀਡੋਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਭਾਰਤ-ਪਾਕਿ ਦਰਮਿਆਨ ਸ਼ਾਂਤੀ ਦਾ ਦੂਤ ਬਣ ਸਕਦੈ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ
ਸੰਗਤਾਂ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ ਕਈ ਧਾਰਮਿਕ ਸੰਸਥਾਵਾਂ ਆਪੋ-ਆਪਣੇ ਪੱਧਰ ’ਤੇ ਲਾਂਘਾ ਖੁੱਲ੍ਹਵਾਉਣ ਲਈ ਕੋਸ਼ਿਸ਼ਾਂ ਕਰਦੀਆਂ ਆ ਰਹੀਆਂ ਸਨ, ਜਿਸ ਵਿਚ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ, ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ, ਸੰਗਤ ਲਾਂਘਾ ਆਦਿ ਜਥੇਬੰਦੀਆਂ ਪ੍ਰਮੁੱਖ ਹਨ, ਇਸ ਦੇ ਨਾਲ-ਨਾਲ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਂਦੀ ਰਹੀ ਸੀ। ਸਾਰੀਆਂ ਧਾਰਮਿਕ ਸੰਸਥਾਵਾਂ ਦਾ ਇਹ ਵੀ ਮੰਨਣਾ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਇਸ ਖਿੱਤੇ ’ਚ ਜਿਥੇ ਅਮਨ-ਸ਼ਾਂਤੀ ਲਿਆ ਸਕਦਾ ਹੈ, ਉਥੇ ਹੀ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਦੀਆਂ ਸੰਭਾਵਨਾਵਾਂ ਵੀ ਵਧ ਸਕਦੀਆਂ ਹਨ। ਭਾਵੇਂ ਕਰਤਾਰਪੁਰ ਕੋਰੀਡੋਰ ਬਣਨ ਤੋਂ ਬਾਅਦ ਕੁਝ ਕੁ ਮਹੀਨਿਆਂ ਬਾਅਦ ਹੀ ਕੋਰੋਨਾ ਮਹਾਮਾਰੀ ਦੇ ਚਲਦਿਆਂ ਇਹ ਲਾਂਘਾ ਬੰਦ ਹੋ ਗਿਆ ਪਰ ਸਰਹੱਦੀ ਅਤੇ ਪਿਛੜੇ ਡੇਰਾ ਬਾਬਾ ਨਾਨਕ ਲਈ ਵਪਾਰ ਦੇ ਰਾਹ ਵੀ ਖੋਲ੍ਹ ਗਿਆ।
ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਸਰਹੱਦੀ ਖੇਤਰ ’ਚ ਵਧ ਸਕਦੈ ਵਪਾਰ : ਡੇਰਾ ਬਾਬਾ ਨਾਨਕ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਇਸ ਸਰਹੱਦੀ ਖੇਤਰ ’ਚ ਵਪਾਰ ਵਧਣ ਦੀਆਂ ਭਰਪੂਰ ਸੰਭਾਵਨਾਵਾਂ ਹਨ ਪਰ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰ ਕੇ ਆਧਾਰ ਕਾਰਡ ਜਾਂ ਹੋਰ ਦਸਤਾਵੇਜ਼ਾਂ ’ਤੇ ਹੀ ਜਾਣ ਦੀ ਇਜਾਜ਼ਤ ਮਿਲਣੀ ਚਾਹਿਦੀ ਹੈ ਤਾਂ ਹੀ ਵੱਡੀ ਗਿਣਤੀ ’ਚ ਸੰਗਤਾਂ ਆਪਣੇ ਗੁਰਧਾਮ ਦੇ ਦਰਸ਼ਨ ਕਰ ਸਕਣਗੀਆਂ।
ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ’ਤੇ ਭਾਰਤ ਸਰਕਾਰ ਦਾ ਸ਼ੁਕਰਾਨਾ
ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਹੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ’ਤੇ ਗੁਰੂ ਨਾਨਕ ਵੰਸ਼ਜ ਬਾਬਾ ਸੁਖਦੀਪ ਸਿੰਘ ਬੇਦੀ, ਗੁਰੂ ਨਾਨਕ ਵੰਸ਼ਜ ਮਹੰਤ ਬਾਬਾ ਅਵਤਾਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲੇ, ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਨਾਲ ਸਬੰਧਿਤ ਬਾਬਾ ਬਲਬੀਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਆਦਿ ਵੱਲੋਂ ਭਾਰਤ ਸਰਕਾਰ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਵਧਾਈ ਵੀ ਦਿੱਤੀ ਗਈ।