ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ ਆਈ ਸਾਹਮਣੇ
Sunday, Dec 22, 2024 - 06:31 PM (IST)
ਚੰਡੀਗੜ੍ਹ- ਚੰਡੀਗੜ੍ਹ ਪੀ. ਜੀ. ਆਈ. ’ਚ ਇਲਾਜ ਲਈ ਜਾਣ ਵਾਲੇ ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੀ. ਜੀ. ਆਈ. ਵਿਚ ਸਰਦ ਰੁੱਤ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਜਿਸ ਦਾ ਇਕ ਪੜ੍ਹਾਅ ਖ਼ਤਮ ਹੋ ਚੁੱਕਾ ਹੈ ਅਤੇ ਦੂਜਾ ਪੜ੍ਹਾਅ ਭਲਕੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੇ ਪੜ੍ਹਾਅ ਵਿਚ 7 ਤੋਂ ਲੈ ਕੇ 21 ਦਸੰਬਰ ਤੱਕ ਅੱਧੇ ਡਾਕਟਰਾਂ ਦੀਆਂ ਛੁੱਟੀਆਂ ਸਨ, ਹੁਣ ਬਾਕੀ ਦੇ ਰਹਿੰਦੇ ਡਾਕਟਰ 23 ਦਸੰਬਰ ਤੋਂ 6 ਜਨਵਰੀ ਤੱਕ ਛੁੱਟੀਆਂ 'ਤੇ ਰਹਿਣਗੇ।
ਫੈਕਲਟੀ ਮੈਂਬਰਾਂ ਦੀ ਗਿਣਤੀ ਨਾ ਹੋਣ ਦਿੱਤੀ ਜਾਵੇ 50 ਫ਼ੀਸਦੀ ਤੋਂ ਘੱਟ
ਪੀ. ਜੀ. ਆਈ. ਪ੍ਰਸ਼ਾਸਨ ਨੇ ਸਰਦੀਆਂ ਦੀਆਂ ਛੁੱਟੀਆਂ ਲਈ ਦੋ ਹਿੱਸਿਆਂ ਵਿਚ ’ਚ ਛੁੱਟੀਆਂ ਦੇਣ ਦੀ ਯੋਜਨਾ ਬਣਾਈ। ਪਹਿਲੇ ਪੜ੍ਹਾਅ ’ਚ 7 ਤੋਂ 21 ਦਸੰਬਰ ਤੱਕ ਛੁੱਟੀਆਂ ਰੱਖੀਆਂ ਗਈਆਂ ਸਨ, ਜੋਕਿ ਹੁਣ ਪੂਰਾ ਹੋ ਚੁੱਕਾ ਹੈ ਅਤੇ ਦੂਜੇ ਪੜਾਅ ’ਚ 23 ਦਸੰਬਰ ਤੋਂ 6 ਜਨਵਰੀ ਤੱਕ ਛੁੱਟੀਆਂ ਰੱਖੀਆਂ ਹਨ। 23 ਦਸੰਬਰ ਤੋਂ 6 ਜਨਵਰੀ ਤੱਕ ਪੀ. ਜੀ. ਆਈ. ਵਿਚ ਛੁੱਟੀਆਂ ਰਹਿਣਗੀਆਂ।
ਇਹ ਵੀ ਪੜ੍ਹੋ- ਮੋਹਾਲੀ ਬਿਲਡਿੰਗ ਹਾਦਸੇ ਦੀ ਰੂਹ ਕੰਬਾਊ ਲਾਈਵ ਵੀਡੀਓ ਆਈ ਸਾਹਮਣੇ, 6 ਸਕਿੰਟਾਂ 'ਚ ਹੋਈ ਢਹਿ-ਢੇਰੀ
ਇਥੇ ਦੱਸ ਦੇਈਏ ਕਿ ਛੁੱਟੀ ਤੋਂ ਪਹਿਲਾਂ ਵਿਭਾਗ ਮੁਖੀ ਅਤੇ ਯੂਨਿਟ ਮੁਖੀ ਨੂੰ ਇਹ ਯਕੀਨੀ ਬਣਾਉਣਾ ਸੀ ਕਿ ਛੁੱਟੀ ਸਮੇਂ ਫੈਕਲਟੀ ਮੈਂਬਰਾਂ ਦੀ ਗਿਣਤੀ 50 ਫ਼ੀਸਦੀ ਤੋਂ ਘੱਟ ਨਾ ਹੋਵੇ। ਇਸ ਸਮੇਂ ਸਾਰਾ ਬੋਝ ਸੰਸਥਾ ਦੇ ਜੂਨੀਅਰ ਅਤੇ ਸੀਨੀਅਰ ਰੈਜ਼ੀਡੈਂਟਸ ’ਤੇ ਰਹਿੰਦਾ ਹੈ, ਉਹੋ ਓ. ਪੀ. ਡੀ. ਦਾ ਕੰਮ ਸੰਭਾਲਦੇ ਹਨ। ਪੀ. ਜੀ. ਆਈ. ਸਾਲ ’ਚ ਦੋ ਵਾਰ ਡਾਕਟਰਾਂ ਨੂੰ ਛੁੱਟੀ ਦਿੰਦਾ ਹੈ। ਇਕ ਗਰਮੀਆਂ ਅਤੇ ਦੂਜਾ ਸਰਦੀਆਂ ਦੀ। ਗਰਮੀਆਂ ’ਚ ਡਾਕਟਰ ਪੂਰਾ ਇਕ ਮਹੀਨਾ ਛੁੱਟੀ ’ਤੇ ਰਹਿੰਦੇ ਹਨ, ਜਦਕਿ ਸਰਦੀਆਂ ’ਚ 15 ਦਿਨਾਂ ਦੀਆਂ ਛੁੱਟੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ- ਡਿਊਟੀ ਦੌਰਾਨ ਪੰਜਾਬ ਹੋਮਗਾਰਡ ਨਾਲ ਵਾਪਰੀ ਅਣਹੋਣੀ, ਦੋ ਧੀਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਇਸ ਦੇ ਚੱਲਦੇ ਪੀ. ਜੀ. ਆਈ. ਦੇ ਅੱਧੇ ਡਾਕਟਰ 6 ਜਨਵਰੀ ਤੱਕ ਛੁੱਟੀ ’ਤੇ ਰਹਿਣਗੇ। ਇਸ ਨੂੰ ਲੈ ਕੇ ਪੀ. ਜੀ. ਆਈ. ਨੇ ਰੋਸਟਰ ਵੀ ਜਾਰੀ ਕੀਤਾ ਗਿਆ। ਰੋਸਟਰ ਅਨੁਸਾਰ ਅੱਧੇ ਡਾਕਟਰ 21 ਦਸੰਬਰ ਅਤੇ ਬਾਕੀ 6 ਜਨਵਰੀ ਤੱਕ ਛੁੱਟੀ ’ਤੇ ਰਹਿਣਗੇ। ਸਾਰੇ ਵਿਭਾਗਾਂ ਦੇ ਐੱਚ. ਓ. ਡੀ. ਨੂੰ ਕਿਹਾ ਕਿ ਉਹ ਆਪੋ-ਆਪਣੇ ਵਿਭਾਗਾਂ ਦਾ ਪ੍ਰਬੰਧ ਕਰਨ ਕਿ ਛੁੱਟੀਆਂ ਦੌਰਾਨ ਕਿਵੇਂ ਮੈਨੇਜ ਕਰਨਾ ਹੈ। ਹਾਲਾਂਕਿ ਐਮਰਜੈਂਸੀ ’ਚ ਹਰ ਤਰ੍ਹਾਂ ਦੀਆਂ ਡਿਊਟੀਆਂ ਅਤੇ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ। ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਜਦਕਿ ਹਰ ਵਾਰ ਛੁੱਟੀਆਂ ਦੌਰਾਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਸਰਜਰੀ ਅਤੇ ਓ. ਪੀ. ਡੀ. ’ਚ ਪਹਿਲਾਂ ਹੀ ਭੀੜ ਹੁੰਦੀ ਸੀ। ਸਰਜਰੀ ਲਈ ਲੰਬਾ ਇੰਤਜ਼ਾਰ ਹੁੰਦਾ ਸੀ। ਵੇਟਿੰਗ ਲਿਸਟ ਅਤੇ ਛੁੱਟੀਆਂ ਹੋਣ ਕਾਰਨ ਇਹ ਲਿਸਟ ਹੋਰ ਵੱਧ ਜਾਂਦੀ ਹੈ। ਮਰੀਜ਼ਾਂ ਨੂੰ ਤਾਰੀਖ਼ ’ਤੇ ਤਾਰੀਖ਼ ਮਿਲਦੀ ਰਹਿੰਦੀ ਹੈ। ਦੂਜੇ ਪਾਸੇ ਸਪੈਸ਼ਲ ਕਲੀਨਿਕਾਂ ’ਚ ਵਿਖਾਉਣ ਵਾਲੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਵੀ ਵੱਧ ਜਾਂਦੀਆਂ ਹਨ।
ਬਾਹਰੋਂ ਆਉਂਦੇ ਹਨ 60 ਫ਼ੀਸਦੀ ਮਰੀਜ਼
ਪੀ. ਜੀ. ਆਈ. ’ਚ ਹਰਿਆਣਾ, ਹਿਮਾਚਲ, ਪੰਜਾਬ ਅਤੇ ਜੰਮੂ ਤੋਂ ਮਰੀਜ਼ ਆਉਂਦੇ ਹਨ। ਇਥੇ ਸਭ ਤੋਂ ਵੱਡੀ ਮੁਸ਼ਕਲ ਕਾਰਡ ਬਣਵਾਉਣ ਦੀ ਹੈ। ਕਈ ਘੰਟੇ ਲਾਈਨਾਂ ’ਚ ਖੜ੍ਹਾ ਹੋਣਾ ਪੈਂਦਾ ਹੈ। ਨਵੀਂ ਓ. ਪੀ. ਡੀ. ’ਚ ਹਰੇਕ ਵਿਭਾਗ ਦੇ ਮਰੀਜ਼ਾਂ ਦੀ ਵੱਖੋ-ਵੱਖ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਭੀੜ ਘੱਟ ਨਹੀਂ ਹੁੰਦੀ। ਪੀ. ਜੀ. ਆਈ. ’ਚ ਹਰ ਰੋਜ਼ 10 ਹਜ਼ਾਰ ਮਰੀਜ਼ ਇਲਾਜ ਲਈ ਆਉਂਦੇ ਹਨ। ਇਨ੍ਹਾਂ ’ਚੋਂ 60 ਫ਼ੀਸਦੀ ਮਰੀਜ਼ ਬਾਹਰਲੇ ਸੂਬਿਆਂ ਤੋਂ ਆਉਂਦੇ ਹਨ, 40 ਫ਼ੀਸਦੀ ਮਰੀਜ਼ ਟ੍ਰਾਈਸਿਟੀ ਦੇ ਹੁੰਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e