ਸਰਦੀਆਂ ਦੇ ਮੌਸਮ ’ਚ ਫਲਦਾਰ ਬੂਟਿਆਂ ਲਈ ਬੇਹੱਦ ਘਾਤਕ ਹੁੰਦੈ ਕੋਹਰੇ ਦਾ ਪ੍ਰਕੋਪ

01/20/2020 9:59:14 AM

ਗੁਰਦਾਸਪੁਰ (ਹਰਮਨਪ੍ਰੀਤ) - ਪੰਜਾਬ ਅੰਦਰ ਸਰਦੀ ਦੇ ਮੌਸਮ ’ਚ ਪੈ ਰਿਹਾ ਕੋਹਰਾ ਕਈ ਫਸਲਾਂ ਲਈ ਬੇਹੱਦ ਨੁਕਸਾਨਦੇਹ ਸਿੱਧ ਹੋ ਰਿਹਾ ਹੈ। ਇਸ ਦੌਰਾਨ ਦਸਬੰਰ ਤੇ ਜਨਵਰੀ ਦੇ ਮਹੀਨੇ ਤਾਪਮਾਨ ’ਚ ਗਿਰਾਵਟ ਤੇ ਕੋਹਰੇ ਦੀ ਮਾਰ ਫਲਦਾਰ ਬੂਟਿਆਂ ਲਈ ਘਾਤਕ ਸਿੱਧ ਹੋ ਰਹੀ ਹੈ। ਜੇਕਰ ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਸਮੇਂ ਸਿਰ ਸਹੀ ਪ੍ਰਬੰਧ ਨਾ ਕੀਤੇ ਜਾਣ ਤਾਂ ਇਹ ਬੂਟੇ ਕੋਹਰੇ ਦੇ ਪ੍ਰਭਾਵ ਨਾਲ ਮਰ ਜਾਂਦੇ ਹਨ। ਇਸ ਲਈ ਸਰਦੀਆਂ ਦੇ ਦਿਨਾਂ ’ਚ ਫਲਦਾਰ ਬੂਟਿਆਂ ਦੀ ਦੇਖਭਾਲ ਪ੍ਰਤੀ ਵਰਤੀ ਗਈ ਥੋੜੀ ਜਿਹੀ ਅਣਗਹਿਲੀ ਬਾਗਾਂ ਦੇ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਜਿੱਥੇ ਬਾਗ ਲਾਉਣ ਤੋਂ ਪਹਿਲਾਂ ਬੂਟੇ ਲਾਉਣ ਦੀ ਦਿਸ਼ਾ ਅਤੇ ਹੋਰ ਕਈ ਅਹਿਮ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ, ਉੱਥੇ ਹੀ ਜਦੋਂ ਤਾਪਮਾਨ ’ਚ ਗਿਰਾਵਟ ਆਉਂਦੀ ਹੈ ਤਾਂ ਬੂਟੇ ਦੀ ਕਿਸਮ ਤੇ ਠੰਡ ਨਾਲ ਉਸ ’ਤੇ ਪੈਣ ਵਾਲੇ ਪ੍ਰਭਾਵ ਦੀ ਪੂਰੀ ਜਾਣਕਾਰੀ ਲੈ ਕੇ ਢੁੱਕਵੇਂ ਕਦਮ ਚੁੱਕਣ ਦੀ ਲੋੜ ਹੁੰਦੀ ਹੈ।

PunjabKesari

ਕਿਹੜੇ-ਕਿਹੜੇ ਬੂਟਿਆਂ ’ਤੇ ਹੁੰਦਾ ਹੈ ਜ਼ਿਆਦਾ ਅਸਰ
ਮਾਹਿਰਾਂ ਅਨੁਸਾਰ ਲੀਚੀ, ਅੰਬ, ਅਮਰੂਦ, ਅੰਬ, ਕੇਲਾ, ਨਿੰਬੂ ਜਾਤੀ ਦੇ ਫਲ ਅਤੇ ਆਵਲਾ ਆਦਿ ਦੇ ਬੂਟੇ ਕੋਹਰੇ ਦੀ ਮਾਰ ਕਾਰਨ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ ਨਾਖ, ਆੜੂ, ਅਲੂਚਾ, ਅੰਗੂਰ ਆਦਿ ਪਤਝੜੀ ਫਲਦਾਰ ਬੂਟੇ ਕੋਹਰੇ ਦੇ ਪ੍ਰਕੋਪ ਕਾਰਣ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦੇ ਪਰ ਆੜੂ ਦੇ ਫੁੱਲ ਪੈਣ ਸਮੇਂ ਜੇਕਰ ਕੋਹਰਾ ਪੈ ਜਾਵੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ।

ਬੇਹੱਦ ਨੁਕਸਾਨਦੇਹ ਹੁੰਦਾ ਹੈ ਕੋਹਰਾ
ਖੇਤੀ ਮਾਹਿਰਾਂ ਅਨੁਸਾਰ ਕੋਹਰੇ ਕਾਰਣ ਫਲਦਾਰ ਬੂਟਿਆਂ ਦੀਆਂ ਟਾਹਣੀਆਂ ਅਤੇ ਨਵੇਂ ਨਿਕਲੇ ਪੱਤਿਆਂ ਅਤੇ ਫੁੱਲਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ। ਕਈ ਵਾਰ ਤਾਂ ਇਨ੍ਹਾਂ ਟਾਹਣੀਆਂ ਅਤੇ ਪੱਤਿਆਂ ’ਤੇ ਬਰਫ ਜੰਮਣ ਕਾਰਨ ਬੂਟੇ ਮਰ ਵੀ ਜਾਂਦੇ ਹਨ। ਇਕ ਵਾਰ ਨੁਕਸਾਨੇ ਗਏ ਜਾਂ ਮਰੇ ਹੋਏ ਬੂਟੇ ਕਾਰਨ ਹੋਏ ਨੁਕਸਾਨ ਨੂੰ ਕਵਰ ਕਰਨਾ ਆਸਾਨ ਨਹੀਂ ਹੁੰਦਾ, ਕਿਉਂਕਿ ਫਲਦਾਰ ਬੂਟੇ ਇਕ ਬਹੁਤ ਲੰਮਾ ਸਮਾਂ ਚੱਲਣ ਵਾਲੇ ਬੂਟੇ ਹਨ ਜਿਨ੍ਹਾਂ ਦੇ ਖਤਮ ਹੋਣ ਨਾਲ ਕਾਫੀ ਨੁਕਸਾਨ ਹੋ ਜਾਂਦਾ ਹੈ।

PunjabKesari

ਕਿਵੇਂ ਕੀਤਾ ਜਾਵੇ ਬਚਾਅ
ਕੋਹਰੇ ਤੋਂ ਬਚਾਅ ਕਰਨ ਲਈ ਸਰਦੀਆਂ ਵੇਲੇ ਬਾਗਾਂ ਦੀ ਸਿੰਚਾਈ ਕਰਨੀ ਚਾਹੀਦੀ ਹੈ, ਜਿਸ ਨਾਲ ਬਾਗ ਦੇ ਤਾਪਮਾਨ ’ਚ 2 ਡਿਗਰੀ ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ ਪਰ ਸਿੰਚਾਈ ਕਰਨ ਮੌਕੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜ਼ਿਆਦਾ ਸਿੰਚਾਈ ਬੂਟਿਆਂ ਨੂੰ ਨੁਕਸਾਨ ਨਾ ਕਰੇ। ਇਸੇ ਤਰ੍ਹਾਂ ਬਾਗ ਨੂੰ ਠੰਡੀਆਂ ਹਵਾਵਾਂ ਤੋਂ ਬਚਾਉਣ ਲਈ ਆਲੇ-ਦੁਆਲੇ ਵਾੜ ਲਾਉਣੀ ਚਾਹੀਦੀ ਹੈ। ਮਾਹਿਰਾਂ ਅਨੁਸਾਰ ਬਾਗ ਦੀ ਉੱਤਰ-ਪੱਛਮ ਦਿਸ਼ਾ ਵਿਚ ਵਾੜ ਲਾਉਣੀ ਚਾਹੀਦੀ ਹੈ ਜਿਸ ਤਹਿਤ ਟਾਹਲੀ, ਅਰਜਨ, ਸਫੈਦਾ, ਅੰਬ, ਤੂਤ ਆਦਿ ਰੁੱਖ ਲਾਏ ਜਾ ਸਕਦੇ ਹਨ। ਉਕਤ ਤੋਂ ਇਲਾਵਾ ਪਰਾਲੀ, ਸਰਕੰਡੇ, ਕਮਾਦ ਦੀ ਰਹਿੰਦ-ਖੂੰਹਦ ਨਾਲ ਵੀ ਬੂਟਿਆਂ ਨੂੰ ਠੰਡ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ। ਸਰਦੀਆਂ ਤੋਂ ਪਹਿਲਾਂ ਫਲਦਾਰ ਬੂਟਿਆਂ ਦੀ ਕਾਂਟ-ਛਾਂਟ ਕਰ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਸੁੱਕੀ ਰਹਿੰਦ-ਖੂੰਹਦ, ਘਾਹ, ਸੁੱਕੇ ਪੱਤਿਆਂ ਦੇ ਢੇਰਾਂ ਨੂੰ ਸਰਦੀ ਦੇ ਮੌਸਮ ਵਿਚ ਅੱਗ ਲਾ ਕੇ ਹੌਲੀ-ਹੌਲੀ ਧੂੰਆਂ ਪੈਦਾ ਕੀਤਾ ਜਾਂਦਾ ਹੈ ਜੋ ਕੋਰੇ ਦੇ ਅਸਰ ਨੂੰ ਘੱਟ ਕਰਦਾ ਹੈ। ਬੂਟਿਆਂ ਦੇ ਤਣਿਆਂ ਨੂੰ ਕੋਹਰੇ ਤੋਂ ਬਚਾਉਣ ਲਈ ਬੋਰੀਆਂ ਨਾਲ ਕਵਰ ਕੀਤਾ ਜਾ ਸਕਦਾ ਹੈ। ਕੇਲੇ ਦੇ ਬੂਟਿਆਂ ’ਤੇ ਲੱਗੇ ਫਲਾਂ ਨੂੰ ਪਾਰਦਰਸ਼ੀ ਪਾਲੀਥੀਨ ਦੀ ਸ਼ੀਟ ਨਾਲ ਢੱਕ ਕੇ ਬਚਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਹੋਰ ਵੱਖ-ਵੱਖ ਫਲਦਾਰ ਬੂਟਿਆਂ ਨੂੰ ਬਚਾਉਣ ਲਈ ਬਾਗਬਾਨੀ ਮਾਹਿਰਾਂ ਦੀ ਸਲਾਹ ਸਮੇਂ ਸਿਰ ਲੈਂਦੇ ਰਹਿਣਾ ਚਾਹੀਦਾ ਹੈ।
 


rajwinder kaur

Content Editor

Related News