ਕੀ ਕੋਰੋਨਾ ਵਾਇਰਸ ਨਾਲ ਲੜ ਸਕੇਗੀ ਮਨੁੱਖੀ ਨਸਲ ?

Thursday, Mar 19, 2020 - 11:02 PM (IST)

ਕੀ ਕੋਰੋਨਾ ਵਾਇਰਸ ਨਾਲ ਲੜ ਸਕੇਗੀ ਮਨੁੱਖੀ ਨਸਲ ?

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਵਿਸ਼ਵ ਦੇ ਇਤਿਹਾਸ ਵਿਚ ਅੱਜ ਤੱਕ ਕਿਸੇ ਵੀ ਹੋਰ ਬਿਮਾਰੀ ਜਾਂ ਵਿਸ਼ਾਣੂ ਨਾਲ ਏਨੀ ਵੱਡੀ ਪੱਧਰ ’ਤੇ ਦੁਨੀਆ ਕੈਦ ਨਹੀਂ ਹੋਈ ਜਿਵੇਂ ਮੌਜੂਦਾ ਸਮੇਂ ਵਿਚ ਫੈਲੇ ਕੋਰੋਨਾ ਵਾਇਰਸ ਨਾਲ ਹੋਈ ਹੈ। ਇਸ ਨਾਮੁਰਾਦ ਵਾਇਰਸ ਨਾਲ ਦੁਨੀਆਂ ਭਰ ਦੇ ਕਰੀਬ 400 ਮਿਲੀਅਨ ਲੋਕਾਂ ਦੀਆਂ ਗਤੀਵਿਧੀਆਂ ਨੂੰ ਕੁਝ ਦਿਨਾਂ ਵਿਚ ਹੀ ਬ੍ਰੇਕਾਂ ਲੱਗ ਗਈਆਂ। ਵਾਇਰਸ ਦੀ ਦਹਿਸ਼ਤ ਇਸ ਤਰ੍ਹਾਂ ਫੈਲੀ ਕੇ ਦੇਸ਼ਾਂ ਦੇ ਦੇਸ਼ ਲਾਕਡਾਊਨ ਕਰ ਦਿੱਤੇ ਗਏ ਲੋਕਾਂ ਨੂੰ ਜ਼ਬਰਦਸਤੀ ਆਈਸੋਲੇਟ ਕਰਕੇ ਘਰਾਂ ਵਿਚ ਕੈਦ ਕਰ ਦਿੱਤਾ ਗਿਆ। ਕਈ ਦੇਸ਼ਾਂ ਨੇ ਹਵਾਈ ਫਲਾਈਟਾਂ ਬੰਦ ਕਰ ਦਿੱਤੀਆਂ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਆਈਸੋਲੇਟ ਕਰ ਲਿਆ। ਮਰੀਜ਼ਾਂ ਦੀ ਗਿਣਤੀ ਮਰੀਜਾਂ ਦੀ ਗਿਣਤੀ ਹਰ ਤੀਜੇ ਦਿਨ ਦੁੱਗਣੀ ਹੋ ਰਹੀ ਹੈ। 

ਆਖਰ ਕਿੱਥੋਂ ਆਇਆ ਇਹ ਵਾਇਰਸ ?
ਅਜੇ ਤੱਕ ਇਹ ਸ਼ਨਾਖ਼ਤ ਨਹੀਂ ਹੋ ਸਕੀ ਕਿ ਇਹ ਵਾਇਰਸ ਕਿੱਥੋਂ ਅਤੇ ਕਿਵੇਂ ਆਇਆ ? ਕੁਝ ਸਿਹਤ ਮਾਹਰਾਂ ਦੀ ਰਾਇ ਹੈ ਕਿ ਇਹ ਵਾਇਰਸ ਸਦੀਆਂ ਪੁਰਾਣੇ ਦੂਜੇ ਫਲੂ ਵਾਇਰਸਾਂ ਦਾ ਹੀ ਇਕ ਰੂਪ ਹੈ। ਜ਼ਿਆਦਤਰ ਸਿਹਤ ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਕੋਰੋਨਾਵਾਇਰਸ ਭਾਵੇਂ ਸਾਡੇ ਲਈ ਨਵਾਂ ਨਹੀਂ ਹੈ, ਪਰ ਕੋਵਿਡ-19 ਬਿਲਕੁਲ ਨਵਾਂ ਹੈ। ਇਸ ਵਾਇਰਸ ਦੇ ਫੈਲਣ ਬਾਰੇ ਵੀ ਵੱਖੋ-ਵੱਖਰੀਆਂ ਦਲੀਲਾਂ ਹਨ ਕੁਝ ਸਿਹਤ ਮਾਹਰ ਇਸ ਨੂੰ ਜਾਨਵਰਾਂ ਤੋਂ ਮਨੁੱਖੀ ਨਸਲ ਵਿਚ ਆਇਆ ਦੱਸ ਰਹੇ ਹਨ ਅਤੇ ਕੁਝ ਇਸ ਨੂੰ ਮਨੁੱਖ ਦੀ ਹੀ ਪਦਾਇਸ਼ ਦੱਸ ਰਹੇ ਹਨ। ਅਜੇ ਤੱਕ ਜੋ ਸੱਚਾਈ ਸਾਹਮਣੇ ਆਈ ਹੈ ਉਸ ਮੁਤਾਬਕ ਇਹ ਵਾਇਰਸ ਹੱਦ ਤੋਂ ਵੱਧ ਤੇਜੀ ਨਾਲ ਫੈਲਦਾ ਹੈ। ਇਸੇ ਲਈ ਹਰ ਕਿਸੇ ਨੂੰ ਇਕ ਦੂਜੇ ਤੋਂ 1 ਮੀਟਰ ਦੂਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। 

ਭਾਰਤ ਦੀ 60 ਫੀਸਦੀ ਆਬਾਦੀ ਆ ਜਾਵੇਗੀ ਵਾਇਰਸ ਦੀ ਲਪੇਟ ’ਚ
ਮਾਈਕਰੋਬਾਇਓਲੋਜੀ ਅਤੇ ਵਾਇਰਲੌਜੀ ਬਾਰੇ 25 ਸਾਲਾਂ ਤੋਂ ਵੱਧ ਦਾ ਤਜ਼ੁਰਬਾ ਰੱਖਣ ਵਾਲੇ ਬਾਲ ਰੋਗ ਵਿਗਿਆਨੀ ਟੀ. ਜੈਕਬ ਜੋਹਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ “ਇਕ ਸਾਲ ਵਿਚ ਭਾਰਤ ਦੀ 60 ਫੀਸਦੀ ਤੋਂ ਵੱਧ ਆਬਾਦੀ ਇਸ ਵਾਇਰਸ ਦੀ ਲਪੇਟ ਵਿਚ ਹੋਵੇਗੀ। ਇੰਨੀ ਵੱਡੀ ਗਿਣਤੀ ਦਾ ਦਾਅਵਾ ਕਰਨ ਦਾ ਕਾਰਨ ਇਹ ਤੱਥ ਹੈ ਕਿ ਇਹ ਵਾਇਰਸ ਹਵਾ ਰਾਹੀਂ ਫੈਲਦਾ ਹੈ ਜੋ ਮੱਛਰ ਜਾਂ ਪਾਣੀ ਨਾਲ ਫੈਲਣ ਵਾਲੇ ਹੋਰ ਵਾਇਰਸਾਂ ਤੋਂ ਵੱਖ ਹੈ।

ਕੋਰੋਨਾ ਵਾਇਰਸ ਨਾਲ ਆਖਰ ਕਿਵੇਂ ਲੜੇਗੀ ਮਨੁੱਖੀ ਨਸਲ ?
ਹੁਣ ਤੱਕ ਦੀ ਖੋਜ ਮੁਤਾਬਕ ਇਸ ਵਾਇਰਸ ਦੀ ਕੋਈ ਵੀ ਕਾਰਗਰ ਦਵਾਈ ਸਾਹਮਣੇ ਨਹੀਂ ਆਈ। ਇਸ ਵਾਇਰਸ ਦੀ ਕਾਰਗਰ ਦਵਾਈ ਲੱਭਣ ਅਜੇ ਹੋਰ ਕਿੰਨਾ ਸਮਾਂ ਲੱਗੇਗਾ ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ। ਜ਼ਿਆਦਾਤਰ ਸਿਹਤ ਮਾਹਰ ਇਸ ਭਿਆਨਕ ਬਿਮਾਰੀ ਨੂੰ ਰੋਕਣ ਤੋਂ ਹੱਥ ਖੜੇ ਕਰਦੇ ਦਿਖਾਈ ਦੇ ਰਹੇ ਹਨ। ਇਸ ਦੇ ਉਲਟ ਬਹੁਤ ਸਾਰੇ ਸਿਹਤ ਮਾਹਰਾਂ ਵੱਲੋਂ ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ ਜਦੋਂ ਵਾਇਰਸ ਥੋੜ੍ਹਾ ਪੁਰਾਣਾ ਹੋ ਜਾਵੇਗਾ ਮਨੁੱਖ ਦੀ ਰੱਖਿਆਤਮਕ ਪ੍ਰਣਾਲੀ ਦੀ ਇਸ ਨਾਲ ਲੜਨ ਦੀ ਯੋਗਤਾ ਵੀ ਵਧ ਜਾਵੇਗੀ। ਇਸ ਵਿਚ ਕਿੰਨਾਂ ਸਮਾਂ ਲੱਗੇਗਾ ਇਸ ਬਾਰੇ ਵੀ ਸਿਹਤ ਮਾਹਰਾਂ ਦੀ ਰਾਇ ਵੱਖੋ-ਵੱਖ ਹੈ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਮਨੁੱਖੀ ਨਸਲ ਦੀ ਰੱਖਿਆਤਮਕ ਪ੍ਰਣਾਲੀ ਇਸ ਵਾਇਰਸ ਨਾਲ ਲੜਨ ਦੇ ਕਾਬਿਲ ਹੋਵੇਗੀ ਉਦੋਂ ਤੱਕ ਇਹ ਵਾਇਰਸ ਸਾਡੀ ਵੱਡੀ ਆਬਾਦੀ ਨੂੰ ਨਿਗਲ ਚੁੱਕਾ ਹੋਵੇਗਾ।


ਇਹ ਵੀ ਪੜ੍ਹੋ : ਕੀ ਗਊ ਮੂਤਰ ਨਾਲ ਵਾਕਿਆ ਹੀ ਖਤਮ ਹੁੰਦਾ ਹੈ ਕੋਰੋਨਾ ਵਾਇਰਸ ?

ਇਹ ਵੀ ਪੜ੍ਹੋ : 
 ਹੋਮਿਓਪੈਥੀ ਅਤੇ ਅੰਗਰੇਜੀ ਦਵਾਈਆਂ ਨਾਲ ‘ਕੋਰੋਨਾ ਵਾਇਰਸ’ ਦੇ ਠੀਕ ਹੋਣ ਦਾ ਕੀ ਹੈ ਸੱਚ ?


author

jasbir singh

News Editor

Related News