ਪਤਨੀ ਨੇ ਕਿਹਾ ਸੱਚਾ ਪਿਆਰ ਹੈ ਤਾਂ ਚਾਹ ਪੀ ਕੇ ਦਿਖਾ, ਘੁੱਟ ਭਰਦੇ ਹੀ ਪਤੀ ਦੀ...

Saturday, May 24, 2025 - 05:05 AM (IST)

ਪਤਨੀ ਨੇ ਕਿਹਾ ਸੱਚਾ ਪਿਆਰ ਹੈ ਤਾਂ ਚਾਹ ਪੀ ਕੇ ਦਿਖਾ, ਘੁੱਟ ਭਰਦੇ ਹੀ ਪਤੀ ਦੀ...

ਖਰੜ (ਰਣਬੀਰ) : ਟੈਕਸੀ ਚਾਲਕ ਬਲਵੀਰ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਇਕ ਪਾਸੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੀ ਪਤਨੀ ਨੇ ਉਸ ਨੂੰ ਕਿਹਾ ਕਿ ਜੇ ਉਹ ਉਸ ਨੂੰ ਸੱਚਾ ਪਿਆਰ ਕਰਦਾ ਹੈ ਤਾਂ ਉਹ ਚਾਹ ਪੀ ਕੇ ਦਿਖਾਵੇ ਤੇ ਪੀਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਉਸ ਦੀ ਮੌਤ ਨੂੰ ਖ਼ੁਦਕੁਸ਼ੀ ਦੱਸਿਆ ਜਾ ਰਿਹਾ ਹੈ।

ਸਿਟੀ ਥਾਣਾ ਖਰੜ ਪੁਲਸ ਨੇ ਉਸ ਦੀ ਪਤਨੀ ਸਣੇ ਸਹੁਰੇ ਪਰਿਵਾਰ ਦੇ ਬਾਕੀ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸੇ ਦੌਰਾਨ ਬਲਵੀਰ ਸਿੰਘ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਵਾਇਰਲ ਕੀਤੀ ਗਈ ਵੀਡੀਓ ਦੇ ਆਧਾਰ ’ਤੇ ਉਸ ਵੱਲੋਂ ਸਿੱਧੇ ਤੌਰ ’ਤੇ ਉਸ ਦੀ ਮੌਤ ਲਈ ਪਤਨੀ ਸਣੇ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ, ਜਿਸ ਨੂੰ ਆਧਾਰ ਮੰਨ ਕੇ ਪੁਲਸ ਵੱਲੋਂ ਕਤਲ ਦੇ ਐਂਗਲ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਸਾਰੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਵੱਖ-ਵੱਖ ਸ਼ੱਕੀ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਲਵੀਰ ਸਿੰਘ ਉਰਫ ਵੀਰੂ ਨੂੰ ਵੀਰਵਾਰ ਰਾਤੀਂ ਕੋਈ ਜ਼ਹਿਰੀਲਾ ਪਦਾਰਥ ਖਾ ਲੈਣ ਦੀ ਵਜ੍ਹਾ ਨਾਲ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਅੱਗੋਂ ਸੈਕਟਰ -32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਰਾਤੀਂ ਕਰੀਬ 10 ਵਜੇ ਉਸ ਦੀ ਮੌਤ ਹੋ ਗਈ। ਇਸੇ ਦੌਰਾਨ ਉਸ ਦੇ ਸਹੁਰੇ ਪਰਿਵਾਰ ਨੇ ਥਾਣੇ ਆ ਕੇ ਪੁਲਸ ਨੂੰ ਦੱਸਿਆ ਕਿ ਬਲਬੀਰ ਸਿੰਘ ਦਾ ਆਪਣੀ ਪਤਨੀ ਨਾਲ ਥੋੜ੍ਹਾ ਬਹੁਤ ਘਰੇਲੂ ਵਿਵਾਦ ਚੱਲ ਰਿਹਾ ਸੀ, ਜਿਸ ਨਾਲ ਸਮਝੌਤੇ ਦੇ ਇਰਾਦੇ ਨਾਲ ਉਹ ਉਨ੍ਹਾਂ ਦੇ ਘਰ ਆਇਆ ਸੀ, ਜਿੱਥੇ ਬੈਠ ਕੇ ਚਾਹ ਪੀਣ ਲੱਗਾ। ਉਹ ਪਹਿਲਾਂ ਹੀ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਇਆ ਸੀ, ਇਸ ਲਈ ਉਸ ਦੀ ਤਬੀਅਤ ਖ਼ਰਾਬ ਹੋ ਗਈ। ਉਸ ਦਾ ਸਹੁਰਾ ਪਰਿਵਾਰ ਅਜੇ ਥਾਣੇ ਪਹੁੰਚ ਕੇ ਇਸ ਬਾਰੇ ਪੁਲਸ ਨੂੰ ਸੂਚਿਤ ਕਰ ਹੀ ਰਿਹਾ ਸੀ ਕਿ ਇਸੇ ਦੌਰਾਨ ਪੁਲਸ ਨੂੰ ਜਾਣਕਾਰੀ ਮਿਲੀ ਕਿ ਬਲਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ। 

ਉਸ ਦੇ ਪਿਤਾ ਮੁਤਾਬਕ ਘਰੇਲੂ ਵਿਵਾਦ ਕਾਰਨ ਬਲਵੀਰ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਮ੍ਰਿਤਕ ਦੇ ਸਹੁਰੇ ਪਰਿਵਾਰ ਘਰਵਾਲੀ, ਸੱਸ, ਸਹੁਰਾ, ਸਾਲਾ, ਸਾਲੀ ਤੇ ਮਾਮੇ ਖ਼ਿਲਾਫ਼ ਧਾਰਾ 108 ਤਹਿਤ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ। ਪੁਲਸ ਨੇ ਸੈਕਟਰ 32 ਹਸਪਤਾਲ ਤੋਂ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਲਿਆ ਕੇ ਪੋਸਟਮਾਰਟਮ ਦੀ ਤਿਆਰੀ ਸ਼ੁਰੂ ਕੀਤੀ ਤਾਂ ਅਚਾਨਕ ਉੱਥੇ ਬਲਵੀਰ ਸਿੰਘ ਦੇ ਬਚਪਨ ਦੇ ਦੋਸਤ ਸੋਨੂੰ ਖ਼ਾਨ ਨੇ ਬਲਵੀਰ ਸਿੰਘ ਦੀ ਆਖ਼ਰੀ ਵੀਡੀਓ ਦਿਖਾਉਂਦਿਆਂ ਦੱਸਿਆ ਕਿ ਬਲਬੀਰ ਸਿੰਘ ਦਾ ਕਤਲ ਕੀਤਾ ਗਿਆ। ਉਸ ਦੇ ਸਹੁਰੇ ਪਰਿਵਾਰ ਦੇ ਉਪਰੋਕਤ ਮੈਂਬਰਾਂ ਵੱਲੋਂ ਜਾਣ-ਬੁੱਝ ਕੇ ਚਾਹ ’ਚ ਉਸ ਨੂੰ ਸਲਫਾਸ ਮਿਲਾ ਕੇ ਪਿਆਈ ਗਈ ਸੀ, ਜਿਸ ਕਾਰਨ ਉਸ ਨੇ ਇਕ ਵੀਡੀਓ ਬਣਾਉਂਦਿਆਂ ਬਿਆਨ ਰਿਕਾਰਡ ਕੀਤਾ ਤੇ ਆਪਣੇ ਟੈਕਸੀ ਸਟੈਂਡ ਦੇ ਮਾਲਕ ਤੇ ਦੋਸਤ ਜਗਤਾਰ ਸਿੰਘ ਨੂੰ ਭੇਜਦਿਆਂ ਸਾਰੀ ਘਟਨਾ ਉਸ ਨੂੰ ਫੋਨ ਉੱਤੇ ਮਰਨ ਤੋਂ ਪਹਿਲਾਂ ਦੱਸੀ ਸੀ।

ਇਹ ਵੀਡੀਓ ਵਾਇਰਲ ਹੋਣ ਮਗਰੋਂ ਮ੍ਰਿਤਕ ਦੇ ਸਾਥੀ ਟੈਕਸੀ ਚਾਲਕ, ਦੋਸਤ ਆਦਿ ਵੱਡੀ ਗਿਣਤੀ ’ਚ ਥਾਣੇ ਪਹੁੰਚ ਗਏ ਤੇ ਪੋਸਟਮਾਰਟਮ ਰੋਕਣ ਦੀ ਗੱਲ ਆਖਦਿਆਂ ਇਸ ਮਾਮਲੇ ਨੂੰ ਕਤਲ ਦੇ ਕੇਸ ’ਚ ਤਬਦੀਲ ਕਰ ਕੇ ਇਸ ਦੀ ਮੁੜ ਤੋਂ ਤਫ਼ਤੀਸ਼ ਕਰਨ ਲਈ ਆਖਣ ਲੱਗੇ। ਇਸ ਤੋਂ ਬਾਅਦ ਪੁਲਸ ਵੱਲੋਂ ਇਸ ਪੂਰੇ ਮਾਮਲੇ ਦੀ ਦੂਜੇ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ।

ਥਾਣੇ ’ਚ ਮੌਜੂਦ ਮ੍ਰਿਤਕ ਦੇ ਪਿਤਾ ਤੇ ਉਸ ਦੇ ਦੋਸਤਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਲਵੀਰ ਸਿੰਘ ਦੀ ਪਤਨੀ ਉਸ ਨਾਲ ਲੜ ਕੇ ਆਪਣੀ ਵੱਡੀ ਧੀ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਚਲੀ ਗਈ ਸੀ ਜਦਕਿ ਛੋਟਾ ਪੁੱਤਰ ਬਲਵੀਰ ਸਿੰਘ ਕੋਲ ਹੀ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਹੀ ਟੈਕਸੀ ਸਟੈਂਡ ਆਉਂਦਾ ਹੁੰਦਾ ਸੀ। ਇਸ ਦੌਰਾਨ ਅਕਸਰ ਉਹ ਪ੍ਰੇਸ਼ਾਨ ਨਜ਼ਰ ਆਉਂਦਾ ਸੀ ਤੇ ਆਪਣੀ ਪਤਨੀ ਨਾਲ ਸੁਲ੍ਹਾ ਦੀ ਗੱਲ ਕਰਦਾ ਸੀ। ਬੀਤੀ ਰਾਤ ਮੌਤ ਤੋਂ ਪਹਿਲਾਂ ਬਣਾਈ ਵੀਡੀਓ ’ਚ ਉਸ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਉਹ ਆਪਣੇ ਸਹੁਰੇ ਪਰਿਵਾਰ ’ਚ ਆਪਣੀ ਪਤਨੀ ਨੂੰ ਮਨਾ ਕੇ ਲੈ ਜਾਣ ਲਈ ਉੱਥੇ ਗਿਆ ਤਾਂ ਉੱਥੇ ਕੋਈ ਵੀ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ।

ਤਬੀਅਤ ਵਿਗੜਨ ’ਤੇ ਜਦੋਂ ਬਲਵੀਰ ਸਿੰਘ ਦੇ ਦੋਸਤ ਉਸ ਕੋਲ ਹਸਪਤਾਲ ਪੁੱਜੇ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਆਪਣੇ ਸਹੁਰੇ ਪਰਿਵਾਰ ਪੁੱਜਿਆ ਸੀ ਤਾਂ ਉੱਥੇ ਉਸ ਨੂੰ ਕਿਹਾ ਗਿਆ ਸੀ ਕਿ ਜੇ ਉਹ ਆਪਣੀ ਘਰ ਵਾਲੀ ਨੂੰ ਸੱਚਾ ਪਿਆਰ ਕਰਦਾ ਹੈ ਤਾਂ ਟੇਬਲ ਉੱਤੇ ਰੱਖੀ ਹੋਈ ਚਾਹ ਪੀ ਕੇ ਦਿਖਾਵੇ। ਚਾਹ ਪੀਂਦਿਆਂ ਸਾਰ ਉਸ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਲੱਗੀ। ਇਸੇ ਦੌਰਾਨ ਉਸ ਨੇ ਵੀਡੀਓ ਬਣਾ ਕੇ ਆਪਣੇ ਦੋਸਤਾਂ ਨੂੰ ਵਾਇਰਲ ਕਰ ਦਿੱਤੀ।


author

Inder Prajapati

Content Editor

Related News