ਪੰਜਾਬ : ਵਿਧਵਾ ਨਾਲ ਗੈਂਗਰੇਪ ਦੇ ਮਾਮਲੇ ''ਚ ਨਵਾਂ ਮੋੜ, ਸਾਹਮਣੇ ਆਏ ਸੱਚ ਨੇ ਉਡਾ ਸਭ ਦੇ ਹੋਸ਼
Friday, May 23, 2025 - 05:55 PM (IST)

ਹਲਵਾਰਾ (ਲਾਡੀ) : ਦਿਨ-ਦਿਹਾੜੇ ਘਰ ਵਿਚ ਡਕੈਤੀ ਅਤੇ ਸਮੂਹਿਕ ਬਲਾਤਕਾਰ ਦੀ ਘਟਨਾ ਝੂਠੀ ਨਿਕਲੀ ਹੈ। ਉਕਤ ਸ਼ਿਕਾਇਤ ਕਰਵਾਉਣ ਵਾਲੀ ਭਾਰਤੀ ਹਵਾਈ ਸੈਨਾ ਕੇਂਦਰ ਹਲਵਾਰਾ ਦੀ ਰਹਿਣ ਵਾਲੀ 30 ਸਾਲਾ ਵਿਧਵਾ ਨੂੰ ਸੁਧਾਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਨੇ ਆਪਣੇ ਸਹੁਰਿਆਂ ਦੇ ਸੋਨੇ, ਚਾਂਦੀ ਅਤੇ ਨਕਦੀ ਦੇ ਲਾਲਚ ਵਿਚ, ਲੁੱਟ ਅਤੇ ਸਮੂਹਿਕ ਬਲਾਤਕਾਰ ਦੀ ਝੂਠੀ ਕਹਾਣੀ ਘੜੀ ਸੀ, ਜਿਸਦਾ ਪੁਲਸ ਨੇ ਪਰਦਾਫਾਸ਼ ਕਰ ਦਿੱਤਾ ਹੈ। ਸੁਧਾਰ ਪੁਲਸ ਨੇ ਗਗਨ ਕੁਮਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ 5 ਤੋਲੇ ਸੋਨੇ ਦੇ ਗਹਿਣੇ, 1 ਕਿਲੋ ਚਾਂਦੀ ਅਤੇ 5 ਹਜ਼ਾਰ ਰੁਪਏ ਬਰਾਮਦ ਕੀਤੇ ਜੋ ਉਸਨੇ ਆਪਣੇ ਘਰ ਵਿਚ ਲੁਕਾਏ ਹੋਏ ਸਨ। ਬਾਅਦ ਦੁਪਹਿਰ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਅੰਕੁਰ ਗੁਪਤਾ, ਡੀਐੱਸਪੀ ਦਾਖਾ ਵਰਿੰਦਰ ਸਿੰਘ ਖੋਸਾ ਅਤੇ ਥਾਣਾ ਸੁਧਾਰ ਦੇ ਇੰਚਾਰਜ ਜਸਵਿੰਦਰ ਸਿੰਘ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਮਾਮਲੇ ਦੇ ਵੇਰਵਿਆਂ ਦਾ ਖੁਲਾਸਾ ਕਰਨਗੇ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਨੇ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਬੁੱਧਵਾਰ ਦੁਪਹਿਰ ਕਰੀਬ 4:15 ਵਜੇ ਉਕਤ ਮਹਿਲਾ ਨੇ ਆਪਣੇ ਗੁਆਂਢੀਆਂ ਨੂੰ ਫ਼ੋਨ ਕੀਤਾ ਅਤੇ ਉਸਨੂੰ ਚਾਰ ਲੁਟੇਰਿਆਂ ਦੁਆਰਾ ਘਰ ਵਿਚ ਹੋਈ ਲੁੱਟ ਬਾਰੇ ਦੱਸਿਆ ਜਿਸ ਤੋਂ ਬਾਅਦ ਲੁਧਿਆਣਾ ਵਿਖੇ ਆਪਣੀ ਦਵਾਈ ਲੈਣ ਗਏ ਉਸਦੇ ਸਹੁਰੇ ਸੇਵਾਮੁਕਤ ਹਵਾਈ ਸੈਨਾ ਅਧਿਕਾਰੀ ਅਤੇ ਸੱਸ ਤੁਰੰਤ ਵਾਪਸ ਆ ਗਏ ਸੀ। ਜਦੋਂ ਮਹਿਲਾ ਨੇ ਆਪਣੀ ਸੱਸ ਨੂੰ ਤਿੰਨਾਂ ਲੁਟੇਰਿਆਂ ਵੱਲੋਂ ਕੀਤੀ ਗਈ ਲੁੱਟ-ਖੋਹ ਅਤੇ ਸਮੂਹਿਕ ਬਲਾਤਕਾਰ ਬਾਰੇ ਦੱਸਿਆ ਤਾਂ ਉਹ ਹੈਰਾਨ ਰਹਿ ਗਈ। ਸੁਧਾਰ ਪੁਲਸ ਨੇ ਮਹਿਲਾ ਦਾ ਪਹਿਲਾਂ ਸੁਧਾਰ ਅਤੇ ਫਿਰ ਲੁਧਿਆਣਾ ਸਿਵਲ ਹਸਪਤਾਲ ਵਿਚ ਡਾਕਟਰੀ ਮੁਆਇਨਾ ਕਰਵਾਇਆ। ਪੁਲਸ ਨੂੰ ਉਸ ਦੀ ਕਹਾਣੀ 'ਤੇ ਸ਼ੱਕ ਹੋਇਆ ਜਿਸ ਕਾਰਨ ਇਲਾਕੇ ਦੇ ਸਾਰੇ ਸੀਸੀਟੀਵੀ ਕੈਮਰੇ ਗੁਪਤ ਤਰੀਕੇ ਨਾਲ ਚੈੱਕ ਕੀਤੇ ਗਏ ਪਰ ਲੁਟੇਰਿਆਂ ਦੇ ਆਉਣ-ਜਾਣ ਦਾ ਕੋਈ ਸਬੂਤ ਨਹੀਂ ਮਿਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਉਪਭੋਗਤਾਵਾਂ ਲਈ ਵੱਡੀ ਖ਼ਬਰ, PSPCL ਵੱਲੋਂ ਆਇਆ ਨਵਾਂ ਸੁਨੇਹਾ
ਵੀਰਵਾਰ ਸ਼ਾਮ ਨੂੰ ਜਦੋਂ ਮਹਿਲਾ ਪੁਲਸ ਟੀਮ ਨੇ ਮਹਿਲਾ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਹ ਟੁੱਟ ਗਈ ਅਤੇ ਸਾਰੀ ਸੱਚਾਈ ਦੱਸ ਦਿੱਤੀ। ਉਸ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਨੂੰ 6 ਮਹੀਨੇ ਹੋ ਗਏ ਹਨ ਅਤੇ ਉਸਦੇ ਸਹੁਰੇ ਵਾਲੇ ਉਸਨੂੰ ਖਰਚ ਲਈ ਪੈਸੇ ਵੀ ਨਹੀਂ ਦਿੰਦੇ। ਉਹ ਆਪਣੇ 5 ਸਾਲ ਦੇ ਪੁੱਤਰ ਅਤੇ ਖੁਦ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਅਸਮਰੱਥ ਸੀ, ਜਿਸ ਕਾਰਨ ਉਸਨੇ ਲੁੱਟ ਅਤੇ ਸਮੂਹਿਕ ਬਲਾਤਕਾਰ ਦੀ ਝੂਠੀ ਕਹਾਣੀ ਘੜ ਲਈ। ਇਸ ਸਨਸਨੀਖੇਜ਼ ਘਟਨਾ ਦੀ ਖ਼ਬਰ ਫੈਲਣ ਨਾਲ ਇਲਾਕੇ ਵਿਚ ਹਫੜਾ-ਦਫੜੀ ਮਚ ਗਈ ਸੀ।
ਇਹ ਵੀ ਪੜ੍ਹੋ : ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤ ਚਿਤਾਵਨੀ