''ਚੰਡੀਗੜ੍ਹ'' ''ਚ ਪੈ ਰਹੀ ਜੂਨ ਵਰਗੀ ਤਪਿਸ਼, ਮੌਸਮ ਮਹਿਕਮੇ ਨੇ ਆਉਣ ਵਾਲੇ ਦਿਨਾਂ ਲਈ ਕੀਤੀ ਭਵਿੱਖਬਾਣੀ
Sunday, Sep 20, 2020 - 12:05 PM (IST)
ਚੰਡੀਗੜ੍ਹ (ਪਾਲ) : ਸਤੰਬਰ ਮਹੀਨਾ ਅੱਧਾ ਲੰਘ ਚੁੱਕਿਆ ਹੈ ਪਰ ਅਜੇ ਤੱਕ ਸਿਰਫ ਦੋ ਵਾਰ ਮੀਂਹ ਪਿਆ ਹੈ। 4 ਸਤੰਬਰ ਨੂੰ 3.6 ਐੱਮ. ਐੱਮ. ਅਤੇ 7 ਸਤੰਬਰ ਨੂੰ 1.8 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ। ਮੌਸਮ ਮਹਿਕਮੇ ਦੇ ਅੰਕੜੇ ਦੇਖੀਏ ਤਾਂ ਸ਼ਹਿਰ 'ਚ ਪਿਛਲੇ ਸਾਲ ਸਤੰਬਰ 'ਚ 120.5 ਐੱਮ. ਐੱਮ. ਮੀਂਹ ਪਿਆ ਸੀ ਪਰ ਇਸ ਵਾਰ ਲੋਕਾਂ ਦੇ ਪਸੀਨੇ ਛੁੱਟ ਰਹੇ ਹਨ। ਕਈ ਦਿਨ ਤੋਂ ਪਾਰਾ 36 ਡਿਗਰੀ ਸੈਲਸੀਅਸ ਚੱਲ ਰਿਹਾ ਹੈ ਅਤੇ ਸਤੰਬਰ 'ਚ ਵੀ ਜੂਨ ਵਰਗੀ ਤਪਿਸ਼ ਮਹਿਸੂਸ ਹੋ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਕੋਰੋਨਾ' ਨਾਲ ਆਈ ਨਵੀਂ ਆਫ਼ਤ ਨੇ ਹੋਰ ਵਿਗਾੜੇ ਹਾਲਾਤ, ਹੁਣ ਤੱਕ 4 ਲੋਕਾਂ ਦੀ ਮੌਤ
ਇਸ ਵਾਰ ਅੱਧਾ ਮਹੀਨਾ ਨਿਕਲ ਚੁੱਕਿਆ ਹੈ ਪਰ ਮੀਂਹ ਅੱਧਾ ਵੀ ਨਹੀਂ ਪਿਆ। ਮੌਸਮ ਮਹਿਕਮੇ ਦੇ ਡਾਇਰੈਕਟਰ ਸੁਰਿੰਦਰ ਪਾਲ ਕਹਿੰਦੇ ਹਨ ਕਿ ਮਾਨਸੂਨ ਸੀਜ਼ਨ ਦਾ ਇਹ ਆਖ਼ਰੀ ਮਹੀਨਾ ਹੈ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੀਂਹ ਦੁੱਗਣਾ ਪਿਆ ਹੈ ਪਰ ਸਤੰਬਰ 'ਚ ਮੀਂਹ ਦੀ ਸੰਭਾਵਨਾ ਘੱਟ ਹੀ ਹੈ। ਵੈਸਟ ਆਫ਼ ਬੰਗਾਲ ਤੋਂ 21 ਤੋਂ 23 ਸਤੰਬਰ ਨੂੰ ਮੀਂਹ ਦਾ ਸਪੈੱਲ ਆਉਣ ਦੀ ਉਮੀਦ ਹੈ। ਮਾਨਸੂਨ ਫਿਲਹਾਲ ਕਮਜ਼ੋਰ ਹੈ, ਜਿਸ ਕਾਰਣ ਮੀਂਹ ਨਹੀਂ ਪੈ ਰਿਹਾ ਹੈ। ਜੇਕਰ ਸਪੈੱਲ ਆਉਂਦਾ ਵੀ ਹੈ ਤਾਂ ਵੀ ਕੁੱਝ ਖਾਸ ਨਹੀਂ ਹੋਵੇਗਾ। ਸ਼ਨੀਵਾਰ ਨੂੰ ਇਸ ਮਹੀਨੇ ਦਾ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ।
ਹੋਰ ਵੀ ਵਧ ਸਕਦਾ ਹੈ ਪਾਰਾ
ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਰਿਹਾ, ਜੋ ਕਿ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੈ। ਤਿੰਨ ਸਾਲ ਤੋਂ ਪਹਿਲਾਂ ਸਾਲ 2017 'ਚ ਵੱਧ ਤੋਂ ਵੱਧ ਤਾਪਮਾਨ 19 ਸਤੰਬਰ ਨੂੰ 36.3 ਡਿਗਰੀ ਦਰਜ ਕੀਤਾ ਗਿਆ ਸੀ। ਡਾਇਰੈਕਟਰ ਕਹਿੰਦੇ ਹਨ ਕਿ ਅਗਲੇ 48 ਘੰਟਿਆਂ 'ਚ ਇਹ ਪਾਰਾ ਹੋਰ ਵੱਧਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 18 ਸਤੰਬਰ ਨੂੰ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਬੋਰਡ ਨੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ, ਇਨ੍ਹਾਂ ਦਸਤਾਵੇਜ਼ਾਂ 'ਤੇ ਮਿਲੇਗਾ ਦਾਖ਼ਲਾ
ਇਸ ਪੂਰੇ ਮਹੀਨੇ 'ਚ ਜ਼ਿਆਦਾਤਰ ਤਾਪਮਾਨ 30 ਡਿਗਰੀ ਤੋਂ ਜ਼ਿਆਦਾ ਹੀ ਰਿਹਾ ਹੈ, ਜਿਸ ਨੇ ਮਾਨਸੂਨ 'ਚ ਵੀ ਜੂਨ ਵਰਗੀ ਗਰਮੀ ਦਾ ਅਹਿਸਾਸ ਕਰਵਾ ਦਿੱਤਾ ਹੈ। ਇਸ ਤੋਂ ਪਹਿਲਾਂ ਸਾਲ 2019 'ਚ 12 ਅਤੇ 18 ਸਤੰਬਰ ਨੂੰ ਵੱਧ ਤੋਂ ਵੱਧ ਤਾਪਮਾਨ 36 ਅਤੇ 34.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।