ਸਿਟੀ ਬਿਊਟੀਫੁੱਲ ਚੰਡੀਗੜ੍ਹ ''ਚ ਮੌਸਮ ਨੇ ਬਦਲਿਆ ਮਿਜਾਜ਼, ਠੰਡ ਫਿਰ ਵਧੀ
Monday, Feb 18, 2019 - 08:57 AM (IST)
ਚੰਡੀਗੜ੍ਹ : ਪਿਛਲੇ ਦਿਨਾਂ ਦੇ ਮੀਂਹ ਤੋਂ ਬਾਅਦ ਸ਼ਹਿਰ 'ਚ ਮੌਸਮ ਇਕਦਮ ਸਾਫ ਹੋ ਗਿਆ ਸੀ ਅਤੇ ਦਿਨ ਗਰਮ ਹੋਣੇ ਸ਼ੁਰੂ ਹੋ ਗਏ ਸਨ ਪਰ ਐਤਵਾਰ ਨੂੰ ਮੌਸਮ 'ਚ ਅਚਾਨਕ ਬਦਲਾਅ ਆਇਆ। ਦਿਨ ਦਾ ਤਾਪਮਾਨ ਇਕਦਮ 3 ਡਿਗਰੀ ਜਾ ਡਿਗਿਆ। ਸਾਰਾ ਦਿਨ ਸੀਤ ਲਹਿਰ ਚੱਲਣ ਕਾਰਨ ਠੰਡ ਦਾ ਅਹਿਸਾਸ ਹੁੰਦਾ ਰਿਹਾ। ਕਦੇ ਧੁੱਪ ਤੇ ਕਦੇ ਛਾਂ ਦਾ ਦੌਰ ਚੱਲਦਾ ਰਿਹਾ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 2-3 ਦਿਨਾਂ 'ਚ ਸ਼ਹਿਰ 'ਚ ਫਿਰ ਮੀਂਹ ਦੀ ਸੰਭਾਵਨਾ ਹੈ। ਪੱਛਮੀਂ ਪੌਣਾਂ ਸਰਗਰਮ ਹੋਣ ਕਾਰਨ ਮੀਂਹ ਪਵੇਗਾ। ਮਾਰਚ ਦੇ ਪਹਿਲੇ ਹਫਤੇ ਤੱਕ ਮੌਸਮ ਦਾ ਮਿਜਾਜ਼ ਬਦਲਦਾ ਰਹੇਗਾ।
ਐਤਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 20.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ 3 ਡਿਗਰੀ ਹੇਠਾਂ ਸੀ। ਹੇਠਲਾ ਤਾਪਮਾਨ 10.1 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਏਅਰਪੋਰਟ ਦਾ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਦਰਜ ਕੀਤਾ ਗਿਆ, ਜੋ ਆਮ ਤੋਂ 2 ਡਿਗਰੀ ਹੇਠਾਂ ਸੀ। ਹੇਠਲਾ ਤਾਪਮਾਨ 9.6 ਡਿਗਰੀ ਰਿਹਾ।