ਪੰਜਾਬ ਦੀ ਸਿਆਸਤ ਦਾ ‘ਪਿਤਾਮ੍ਹਾ’ , ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਚਰਨ ਛੂਹੇ
Wednesday, Apr 26, 2023 - 12:40 PM (IST)
ਜਲੰਧਰ (ਮ੍ਰਿਦੁਲ) : 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਤਾਂ ਉਨ੍ਹਾਂ ਨੇ ਮਿਲਦੇ ਸਾਰ ਹੀ ਪ੍ਰਕਾਸ਼ ਸਿੰਘ ਬਾਦਲ ਦੇ ਚਰਨ ਛੂਹ ਲਏ। ਉਸ ਸਮੇਂ ਉਨ੍ਹਾਂ ਨਾਲ ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸਨ। ਉਨ੍ਹਾਂ ਵੱਡੇ ਬਾਦਲ ਦੇ ਚਰਨ ਛੂਹ ਕੇ ਅਸ਼ੀਰਵਾਦ ਲਿਆ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ।
ਮੋਦੀ ਵਲੋਂ ਚਰਨ ਛੂਹਣ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕਿਹਾ?
2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਪੀ.ਐਮ. ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਚਰਨ ਛੂਹੇ ਸਨ। ਮੋਦੀ ਨੇ ਵਾਰਾਣਸੀ ਲੋਕ ਸਭਾ ਹਲਕੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਚਰਨ ਛੂਹੇ, ਜਿਸ ਦੀ ਕਾਫੀ ਚਰਚਾ ਹੋਈ। ਇਸ ਦੌਰਾਨ ਬਾਦਲ ਨੇ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਸੋਚਣਾ ਹੋਵੇਗਾ ਕਿ ਸਾਡਾ ਪ੍ਰਧਾਨ ਮੰਤਰੀ ਕੌਣ ਹੋਣਾ ਚਾਹੀਦਾ ਹੈ? ਮੋਦੀ ਸਾਹਿਬ ਦੀ ਤੁਲਨਾ ਕਿਸ ਨਾਲ ਕੀਤੀ ਜਾ ਸਕਦੀ ਹੈ?
ਇਹ ਵੀ ਪੜ੍ਹੋ : ‘ਬਾਦਲ’ ਦੇ ਛੋਟੇ ਭਰਾ ‘ਗੁਰਦਾਸ ਬਾਦਲ’ ਨੇ ਵੀ ਫੋਰਟਿਸ ਹਸਪਤਾਲ ’ਚ ਹੀ ਲਿਆ ਸੀ ਆਖਰੀ ਸਾਹ
ਦੱਸਣਯੋਗਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, 5 ਵਾਰ ਪੰਜਾਬ ਦੇ ਮੁੱਖ ਮੰਤਰੀ ਤੇ ਸਿਆਸਤ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਬਾਦਲ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਉਹ ਪਿਛਲੇ ਇਕ ਹਫਤੇ ਤੋਂ ਫੋਰਟਿਸ ਹਸਪਤਾਲ ’ਚ ਸਾਹ ਦੀ ਤਕਲੀਫ ਕਰ ਕੇ ਦਾਖਲ ਸਨ। 95 ਸਾਲਾ ਬਜ਼ੁਰਗ ਸਿਆਸਤਦਾਨ ਨੇ ਬੀਤੀ ਰਾਤ 8 ਵੱਜ ਕੇ 28 ਮਿੰਟ ’ਤੇ ਆਖਰੀ ਸਾਹ ਲਿਆ। ਜਦੋਂ ਸ. ਬਾਦਲ ਨੇ ਆਖਰੀ ਸਾਹ ਲਿਆ ਤਾਂ ਉਸ ਸਮੇਂ ਉਨ੍ਹਾਂ ਕੋਲ ਉਨ੍ਹਾਂ ਦੇ ਸਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ, ਪੋਤਰਾ ਤੇ ਪੋਤਰੀਆਂ ਮੌਜੂਦ ਸਨ। ਬਾਦਲ ਸਾਹਿਬ ਦੇ ਦਿਹਾਂਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ। ਜਿਓਂ ਹੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਸ਼ਰ ਹੋਈ ਤਾਂ ਸਮੁੱਚੀ ਅਕਾਲੀ ਲੀਡਰਸ਼ਿਪ ਤੁਰੰਤ ਚੰਡੀਗੜ੍ਹ ਪਹੁੰਚ ਗਈ। ਸ. ਬਾਦਲ ਦਾ ਅੰਤਿਮ ਸੰਸਕਾਰ 27 ਅਪ੍ਰੈਲ ਨੂੰ ਬਾਅਦ ਦੁਪਹਿਰ 1 ਵਜੇ ਬਾਦਲ ਪਿੰਡ ’ਚ ਕੀਤਾ ਜਾਵੇਗਾ। ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਲੰਧਰ ਲੋਕ ਸਭਾ ਹਲਕੇ ’ਚ ਪਾਰਟੀ ਦੇ ਚੱਲ ਰਹੇ ਸਾਰੇ ਪ੍ਰੋਗਰਾਮ 2 ਦਿਨਾਂ ਲਈ ਰੋਕ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ’ਚ ਪੰਜਾਬ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।