ਮੁਲਜ਼ਮ ਨੂੰ ਫੜਨ ਗਈ ਪੁਲਸ ਪਾਰਟੀ ''ਤੇ ਲੋਕਾਂ ਨੇ ਹਮਲਾ ਕਰ ਕੇ ਪਾੜ''ਤੀ ਵਰਦੀ, ਮੁਲਜ਼ਮ ਵੀ ਭਜਾਇਆ
Sunday, Oct 20, 2024 - 05:53 AM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਦੇ ਪਿੰਡ ਅਵਾਂਖਾ ਵਿਖੇ ਬੀਤੀ ਦੇਰ ਸ਼ਾਮ ਇਕ ਮਾਮਲੇ 'ਚ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਪੁੱਜੀ ਗੁਰਦਾਸਪੁਰ ਸਿਟੀ ਥਾਣੇ ਦੀ ਪੁਲਸ ਨਾਲ ਮੁਲਜ਼ਮ ਦੇ ਸਕੇ ਸਬੰਧੀਆਂ ਵੱਲੋਂ ਹੱਥੋਪਾਈ ਕੀਤੇ ਜਾਣ ਅਤੇ ਮੁਲਜ਼ਮ ਨੂੰ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਸਿਟੀ ਥਾਣਾ ਗੁਰਦਾਸਪੁਰ ਵਿਖੇ ਲੰਘੀ 18 ਅਕਤੂਬਰ ਨੂੰ ਦਰਜ ਇਕ ਮਾਮਲੇ ਦੇ ਮੁਲਜ਼ਮ ਅਮਰਜੀਤ ਵਾਸੀ ਪਨਿਆੜ ਦੀ ਭਾਲ ਵਿੱਚ ਪੁਲਸ ਦੀ ਟੀਮ ਪਿੰਡ ਪਨਿਆੜ ਵਿਖੇ ਪੁੱਜੀ ਸੀ। ਪਤਾ ਲੱਗਾ ਕਿ ਅਮਰਜੀਤ ਨਾਂ ਦਾ ਉਕਤ ਮੁਲਜ਼ਮ ਆਪਣੇ ਸਹੁਰੇ ਘਰ ਅਵਾਂਖਾ ਵਿਖੇ ਲੁਕਿਆ ਹੋਇਆ ਹੈ।
ਇਹ ਵੀ ਪੜ੍ਹੋ- ਪੁਲਸ ਨੇ ਸਪਾ ਸੈਂਟਰ 'ਤੇ ਮਾਰੀ ਰੇਡ, ਦੇਖ ਕੇ ਭੱਜਣ ਲੱਗੀ ਕੁੜੀ ਚੌਥੀ ਮੰਜ਼ਿਲ ਤੋਂ ਡਿੱਗੀ ਹੇਠਾਂ
ਜਦੋਂ ਪੁਲਸ ਟੀਮ ਮੁਲਜ਼ਮ ਨੂੰ ਲੱਭਦੀ ਹੋਈ ਪਿੰਡ ਅਵਾਂਖਾ ਵਿਖੇ ਉਸ ਦੇ ਸਹੁਰੇ ਘਰ ਪੁੱਜੀ ਅਤੇ ਅਮਰਜੀਤ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਅਮਰਜੀਤ ਦੇ ਸਹੁਰੇ ਪਰਿਵਾਰ ਅਤੇ ਕੁਝ ਹੋਰ ਲੋਕਾਂ ਨੇ ਪੁਲਸ ਦਾ ਵਿਰੋਧ ਕਰਦਿਆਂ ਪੁਲਸ ਨਾਲ ਧੱਕਾ-ਮੁੱਕੀ ਕੀਤੀ ਅਤੇ ਅਮਰਜੀਤ ਨੂੰ ਪੁਲਸ ਦੀ ਹਿਰਾਸਤ ਚੋਂ ਛੁਡਵਾ ਕੇ ਭਜਾ ਦਿੱਤਾ। ਇਸ ਦੌਰਾਨ ਇਕ ਪੁਲਸ ਮੁਲਾਜ਼ਮ ਦੀ ਵਰਦੀ ਵੀ ਪਾੜ ਦਿੱਤੀ ਗਈ।
ਇਸ ਸਬੰਧੀ ਐੱਸ.ਐੱਚ.ਓ. ਦੀਨਾਨਗਰ ਅਜਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਪੁਲਸ ਪਾਰਟੀ ਥਾਣਾ ਸਿਟੀ ਗੁਰਦਾਸਪੁਰ 'ਚ ਦਰਜ ਐੱਫ.ਆਈ.ਆਰ. ਨੰਬਰ 154 ਮਿਤੀ 18 ਅਕਤੂਬਰ 2024 ਦੇ ਸਬੰਧ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਈ ਗਈ ਸੀ। ਪਰ ਇਸ ਤੋਂ ਪਹਿਲਾਂ ਕਿ ਪੁਲਸ ਪਾਰਟੀ ਮੁਲਜ਼ਮ ਨੂੰ ਲੈ ਕੇ ਜਾਂਦੀ, ਉਨ੍ਹਾਂ 'ਤੇ ਜੋਨੂੰ ਪੁੱਤਰ ਦੇਸ ਰਾਜ, ਬੱਬੀ ਪਤਨੀ ਸੁਰਜੀਤ ਕੁਮਾਰ, ਸੁਨੀਤਾ ਉਰਫ ਚੂਹੀ ਪਤਨੀ ਕਾਲਾ, ਅਮਰ ਪੁੱਤਰ ਸੁਰਜੀਤ ਅਤੇ ਦੋ-ਤਿੰਨ ਹੋਰ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਏ.ਐੱਸ.ਆਈ. ਗੁਰਪਿੰਦਰ ਸਿੰਘ ਦੀ ਵਰਦੀ ਵੀ ਪਾੜ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ 14 ਲੋਕਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਲੜਾਈ-ਝਗੜੇ ਦਾ ਰਾਜ਼ੀਨਾਮਾ ਕਰਨ ਦੋਸਤਾਂ ਕੋਲ ਗਏ ਡਾਕਟਰ ਦੀ ਮਿਲੀ ਲਾਸ਼, 8 ਖ਼ਿਲਾਫ਼ ਮਾਮਲਾ ਦਰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e