ਕਣਕ ਮੰਡੀਕਰਨ: ਆੜ੍ਹਤੀਆਂ ਨੂੰ ਅਨੁਪਾਤ ਅਨੁਸਾਰ ਨਹੀਂ ਮਿਲ ਰਹੇ ਪਾਸ, ਚੁਕਾਈ 'ਚ ਹੋ ਰਹੀ ਦੇਰੀ

Saturday, Apr 25, 2020 - 05:07 PM (IST)

ਕਣਕ ਮੰਡੀਕਰਨ: ਆੜ੍ਹਤੀਆਂ ਨੂੰ ਅਨੁਪਾਤ ਅਨੁਸਾਰ ਨਹੀਂ ਮਿਲ ਰਹੇ ਪਾਸ, ਚੁਕਾਈ 'ਚ ਹੋ ਰਹੀ ਦੇਰੀ

ਜਲੰਧਰ (ਸਰਬਜੀਤ ਸਿੰਘ ਸਿੱਧੂ)-ਪੰਜਾਬ ਦੇ ਮਾਲਵੇ ਇਲਾਕੇ 'ਚ ਅੱਧੋਂ ਬਹੁਤੇ ਕਿਸਾਨਾਂ ਨੇ ਕਣਕ ਦੀ ਵਾਢੀ ਲਗਭਗ ਮੁਕੰਮਲ ਕਰ ਦਿੱਤੀ ਹੈ। ਪਾਸ ਦੇ ਹਿਸਾਬ ਨਾਲ ਕਿਸਾਨ ਕਣਕ ਮੰਡੀਆਂ 'ਚ ਲੈ ਕੇ ਜਾ ਰਹੇ ਹਨ ਪਰ ਬਹੁਤੇ ਆੜ੍ਹਤੀਏ ਇਸ ਗੱਲ ਤੋਂ ਦੁਖੀ ਹਨ ਕਿ ਉਨ੍ਹਾਂ ਨੂੰ ਪਾਸ ਨਾ ਮਿਲਣ ਕਰਕੇ ਉਹ ਅਗਾਂਹ ਕਿਸਾਨਾਂ ਨੂੰ ਮੁਹੱਈਆ ਨਹੀਂ ਕਰਵਾ ਸਕਦੇ। ਇਸ ਦੇ ਨਾਲ ਜੋ ਕਣਕ ਤੁਲਾਈ ਤੋਂ ਬਾਅਦ ਬੋਰੀਆਂ 'ਚ ਭਰੀ ਜਾ ਚੁੱਕੀ ਹੈ, ਉਸ ਦੀ ਚੁਕਾਈ ਕਈ ਦਿਨਾਂ ਤੋਂ ਬਾਕੀ ਹੈ । 

ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਮੌੜ ਮੰਡੀ ਦੇ ਆੜ੍ਹਤੀਆ ਚੌਧਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੰਡੀ 'ਚ ਮਜ਼ਦੂਰਾਂ ਦੀ ਕਮੀ ਹੋਣ ਕਰਕੇ ਕਣਕ ਦੀਆਂ ਬੋਰੀਆਂ ਦੀ ਚੁਕਾਈ 'ਚ ਦੇਰੀ ਹੋ ਰਹੀ ਹੈ । ਪਿਛਲੇ ਸਾਲਾਂ 'ਚ ਚੁਕਾਈ ਲਈ ਬਿਹਾਰ ਦੇ ਮਜ਼ਦੂਰ ਕੰਮ ਕਰਦੇ ਸਨ ਪਰ ਹੁਣ ਉਨ੍ਹਾਂ ਮਜ਼ਦੂਰਾਂ ਦੀ ਕਮੀ ਹੋਣ ਕਰਕੇ ਲਾਗਲੇ ਪਿੰਡਾਂ ਤੋਂ ਦੁੱਗਣੇ ਰੇਟਾਂ 'ਤੇ ਮਜ਼ਦੂਰ ਲੈ ਕੇ ਆਉਣੇ ਪੈਂਦੇ ਹਨ । 

ਮਲੋਟ ਦੇ ਆੜ੍ਹਤੀਆ ਅਨਿਲ ਛਾਬੜਾ ਅਤੇ ਬਾਘਾ ਪੁਰਾਣਾ ਦੇ ਆੜ੍ਹਤੀਆ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀਆਂ ਦੁਆਰਾ ਪਾਸ ਦੀ ਵੰਡ ਅਨੁਪਾਤ ਅਨੁਸਾਰ ਨਹੀਂ ਹੋ ਰਹੀ। ਯਾਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਆਏ ਸਾਲ ਕਣਕ ਦੀਆਂ ਲਗਭਗ 22000 ਬੋਰੀਆਂ ਤੁਲਦੀਆਂ ਹਨ ਅਤੇ ਹੁਣ ਤੱਕ ਉਨ੍ਹਾਂ ਨੂੰ ਸਿਰਫ 20 ਪਾਸ ਹੀ ਮਿਲੇ ਹਨ। ਦੂਜੇ ਪਾਸੇ ਜਿਸ ਆੜ੍ਹਤੀਏ ਕੋਲ 14000 ਬੋਰੀਆਂ ਤੁਲਦੀਆਂ ਹਨ, ਉਸ ਨੂੰ ਹੁਣ ਤੱਕ 35 ਪਾਸ ਮਿਲ ਚੁੱਕੇ ਹਨ । ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਲਗਭਗ 16 ਅਪਰੈਲ ਤੋਂ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਸੀ, ਜੋ ਕਿ ਲਗਭਗ ਮੁਕੰਮਲ ਹੋ ਚੁੱਕੀ ਹੈ ਪਰ ਅਜੇ ਪਾਸ ਨਾ ਮਿਲਣ ਕਰਕੇ ਕਣਕ ਕਿਸਾਨਾਂ ਦੇ ਘਰਾਂ 'ਚ ਹੀ ਪਈ ਹੈ । 

ਉਨ੍ਹਾਂ ਇਹ ਵੀ ਦੱਸਿਆ ਕਿ ਵਾਂਦਰ ਪਿੰਡ ਦੀ ਮੰਡੀ 'ਚ ਕਣਕ ਦਾ ਮੰਡੀਕਰਨ ਸ਼ੁਰੂ ਹੋਣ ਤੋਂ ਸੱਤ ਦਿਨ ਬਾਅਦ 22 ਅਪਰੈਲ ਨੂੰ ਪਹਿਲੇ ਦਿਨ ਕਣਕ ਦਾ ਮੁੱਲ ਲੱਗਿਆ। ਜਦੋਂ ਤੋਂ ਕਣਕ ਦਾ ਮੁੱਲ ਲੱਗਣਾ ਸ਼ੁਰੂ ਹੋਇਆ ਹੈ, ਉਨ੍ਹਾਂ ਨਾਲ ਜੋ 55 ਕਿਸਾਨ ਜੁੜੇ ਹਨ, ਉਨ੍ਹਾਂ 'ਚੋਂ 40 ਕਿਸਾਨ ਕਣਕ ਕੱਢ ਕੇ ਘਰੇ ਰੱਖ ਚੁੱਕੇ ਸਨ। ਉਨ੍ਹਾਂ ਕਿਹਾ ਕਿ ਮੇਰੇ ਨਾਲ ਜੁੜੇ ਕਿਸਾਨਾਂ ਦੇ ਘਰ ਲਗਭਗ 25000 ਬੋਰੀਆਂ ਮੰਡੀ ਤੱਕ ਆਉਣ ਲਈ ਪਈਆਂ ਹਨ ਪਰ ਸਰਕਾਰ ਨੇ ਅਜੇ ਤੱਕ ਸਿਰਫ 1500 ਬੋਰੀਆਂ ਹੀ ਖਰੀਦੀਆਂ ਹਨ । ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਡੀਆਂ 'ਚ ਕਣਕ ਦੀਆਂ ਬੋਰੀਆਂ ਦੀ ਚੁਕਾਈ ਵੀ ਅਜੇ ਕਈ ਦਿਨਾਂ ਤੋਂ ਬਾਕੀ ਹੈ । ਉਨ੍ਹਾਂ ਮੁਤਾਬਕ ਕਣਕ ਦੀ ਵਾਢੀ ਅੱਜ ਖਤਮ ਹੋ ਜਾਣੀ ਹੈ ਅਤੇ ਸਰਕਾਰ ਨੇ ਸਿਰਫ਼ ਇੱਕ ਹਜ਼ਾਰ ਬੋਰੀਆਂ ਹੀ ਚੁੱਕੀਆਂ ਹਨ ਬਲਕਿ ਕਣਕ ਦੀਆਂ ਬੋਰੀਆਂ ਚੁੱਕਣ ਲਈ ਪਹਿਲਾ ਗੇੜਾ ਹੀ 23 ਅਪ੍ਰੈਲ ਨੂੰ ਲੱਗਿਆ ਹੈ ।

ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਸੈਕਟਰੀ ਸੰਦੀਪ ਸਿੰਘ ਨੇ ਕਿਹਾ ਕਿ ਪਾਸ ਚੰਡੀਗੜ੍ਹ ਤੋਂ ਹੀ ਬਣ ਕੇ ਆਉਂਦੇ ਹਨ ਕਿਉਂਕਿ ਉਨ੍ਹਾਂ ਨੇ ਸਾਡੇ ਤੋਂ ਪਹਿਲਾਂ ਹੀ ਇਹ ਜਾਣਕਾਰੀ ਹਾਸਿਲ ਕਰ ਲਈ ਸੀ ਕਿ ਕਿਹੜੇ ਆੜ੍ਹਤੀਏ ਕੋਲ ਪਿਛਲੇ ਸਾਲਾਂ 'ਚ ਕਣਕ ਦੀਆਂ ਕਿੰਨੀਆਂ ਬੋਰੀਆਂ ਆਉਂਦੀਆਂ ਸਨ। ਉਨ੍ਹਾਂ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਆੜ੍ਹਤੀਆਂ ਨੂੰ ਅਨੁਪਾਤ ਅਨੁਸਾਰ ਪਾਸ ਨਹੀਂ ਮੁਹੱਈਆ ਹੋ ਰਹੇ ਤਾਂ ਉਨ੍ਹਾਂ ਨੇ ਦੱਸਿਆ ਕਿ ਕਿਤੇ ਨਾ ਕਿਤੇ ਇਹ ਸਮੱਸਿਆ ਜ਼ਰੂਰ ਆ ਰਹੀ ਹੈ ਕਿ ਕਣਕ ਦੀਆਂ ਘੱਟ ਬੋਰੀਆਂ ਵਾਲੇ ਆੜ੍ਹਤੀਆਂ ਨੂੰ ਵੱਧ ਅਤੇ ਵੱਧ ਬੋਰੀਆਂ ਵਾਲੇ ਆੜ੍ਹਤੀਆਂ ਨੂੰ ਘੱਟ ਪਾਸ ਮਿਲ ਰਹੇ ਹਨ । ਕਣਕ ਦੀਆਂ ਬੋਰੀਆਂ ਦੀ ਚੁਕਾਈ ਦੇ ਸਬੰਧ 'ਚ ਉਨ੍ਹਾਂ ਨੇ ਦੱਸਿਆ ਕਿ ਗੱਡੀਆਂ ਦੀ ਕਮੀ ਕਾਰਨ ਕਣਕ ਦੀਆਂ ਬੋਰੀਆਂ ਦੀ ਚੁਕਾਈ ਦੇਰੀ ਨਾਲ ਹੋ ਰਹੀ ਹੈ । ਸਰਕਾਰ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਹੈ ਅਤੇ ਇਹ ਸਮੱਸਿਆ ਛੇਤੀ ਹੀ ਹੱਲ ਹੋ ਜਾਵੇਗੀ। 


author

Iqbalkaur

Content Editor

Related News