ਪੰਜਾਬ 'ਚ ਸਸਤਾ ਹੋਵੇਗਾ ਕਣਕ ਦਾ ਆਟਾ, ਕੇਂਦਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ

Monday, Jan 30, 2023 - 04:18 PM (IST)

ਪੰਜਾਬ 'ਚ ਸਸਤਾ ਹੋਵੇਗਾ ਕਣਕ ਦਾ ਆਟਾ, ਕੇਂਦਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ

ਲੁਧਿਆਣਾ (ਖੁਰਾਣਾ) : ਬੀਤੇ ਦਿਨੀਂ ‘ਜਗ ਬਾਣੀ’ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਖ਼ਬਰ ‘ਆਊਟ ਆਫ ਕੰਟਰੋਲ ਆਈਆਂ ਕਣਕ ਦੀਆਂ ਕੀਮਤਾਂ 370 ਤੋਂ 450 ਰੁਪਏ ਤੱਕ ਪੁੱਜੀ ਆਟੇ ਦੀ ਥੈਲੀ’ ਮਾਮਲੇ ’ਚ ਕੇਂਦਰ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਇਕ ਅਹਿਮ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ 'ਚ ਕਣਕ ਦੀਆਂ ਬੇਲਗਾਮ ਹੁੰਦੀਆਂ ਕੀਮਤਾਂ ’ਤੇ ਨਕੇਲ ਕੱਸਣ ਲਈ ਕੇਂਦਰੀ ਮੰਤਰਾਲਾ ਵੱਲੋਂ ਪੰਜਾਬ ਨੂੰ 30 ਲੱਖ ਮੀਟ੍ਰਿਕ ਟਨ ਕਣਕ ਦਾ ਭੰਡਾਰ ਜਾਰੀ ਕੀਤਾ ਗਿਆ ਹੈ। ਉਕਤ ਮਾਮਲੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਸਿਰਫ 2 ਦਿਨਾਂ ’ਚ ਹੀ ਕਣਕ ਦੀਆਂ ਕੀਮਤਾਂ ਕਰੀਬ 450 ਰੁਪਏ ਕੁਇੰਟਲ ਤੱਕ ਲੁੜਕ ਗਈਆਂ ਹਨ ਅਤੇ ਪੰਜਾਬ ’ਚ ਅਨਾਜ ਦੇ ਕਾਲਾਬਾਜ਼ਾਰੀਆਂ ਅਤੇ ਮੁਨਾਫ਼ਾਖੋਰਾਂ ਵੱਲੋਂ 3050 ਰੁਪਏ ਕੁਇੰਟਲ ਤੱਕ ਵੇਚੀ ਜਾ ਰਹੀ ਕਣਕ ਹੁਣ ਕਰੀਬ 2700 ਰੁਪਏ ਕੁਇੰਟਲ ’ਤੇ ਪੁੱਜ ਗਈ ਹੈ।

ਇਹ ਵੀ ਪੜ੍ਹੋ : ਹੁਣ ਘਰ ਬੈਠੇ ਕਰਵਾ ਸਕੋਗੇ 'ਮੈਂਟਲ ਡਿਸਆਰਡਰ' ਦਾ ਇਲਾਜ, ਇਸ ਹਸਪਤਾਲ 'ਚ ਸ਼ੁਰੂ ਕੀਤੀ ਗਈ ਸਹੂਲਤ

ਇਸ ਕਾਰਨ ਆਉਣ ਵਾਲੇ ਦਿਨਾਂ ’ਚ ਆਟੇ ਦੀ ਥੈਲੀ ਕਰੀਬ 50 ਤੋਂ 70 ਰੁਪਏ ਤੱਕ ਸਸਤੀ ਹੋ ਸਕਦੀ ਹੈ, ਜੋ ਜਿੱਥੇ ਗਰੀਬ ਖ਼ਾਸ ਕਰ ਕੇ ਮੱਧ ਵਰਗੀ ਪਰਿਵਾਰਾਂ ਨਾਲ ਵੱਡੀ ਰਾਹਤ ਸਾਬਤ ਹੋਵੇਗਾ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਪਹਿਲਕਦਮੀ ਨਾਲ ਪੰਜਾਬ ’ਚ ਕਣਕ ਦੇ ਹਰ ਖ਼ਰੀਦਦਾਰ ਨੂੰ 3000 ਮੀਟ੍ਰਿਕ ਟਨ ਕਣਕ ਦਾ ਸਟਾਕ 2350 ਰਪੁਏ ਪ੍ਰਤੀ ਕੁਇੰਟਲ ਦੀ ਦਰ ’ਤੇ ਮਿਲ ਸਕੇਗਾ, ਜਿਸ ਮੁਤਾਬਕ ਬਾਜ਼ਾਰ ’ਚ ਆਟੇ ਦੀ ਥੈਲੀ ਕਰੀਬ 300 ਤੋਂ ਲੈ ਕੇ 310 ਰੁਪਏ ਤੱਕ ਮਿਲਣ ਦੀਆਂ ਸੰਭਾਵਨਾਵਾਂ ਹਨ। ਕਾਬਿਲੇਗੌਰ ਹੈ ਕਿ ਆਟੇ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ’ਤੇ ਆਮ ਜਨਤਾ ਤੋਂ ਲੈ ਕੇ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਅਤੇ ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ ’ਚ ਭਾਰੀ ਵਿਰੋਧ ਬਣਿਆ ਹੋਇਆ ਹੈ, ਜਿਨ੍ਹਾਂ ਨੇ ਅੱਗ ਉਲਗਦੀ ਮਹਿੰਗਾਈ ’ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਮੁੱਖ ਮੰਤਰੀ ਨੂੰ ਸੂਬੇ ’ਚ ਫੈਲੇ ਕਾਲਾਬਾਜ਼ਾਰੀਆਂ, ਮੁਨਾਫ਼ਾਖੋਰਾਂ ਅਤੇ ਅਨਾਜ ਮਾਫ਼ੀਆ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ ਸੜਕਾਂ ’ਤੇ ਉੱਤਰਨ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਤੇ ਚੰਡੀਗੜ੍ਹ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਵਿਭਾਗ ਨੇ ਜਾਰੀ ਕੀਤਾ ਮੀਂਹ ਤੇ ਗੜ੍ਹੇਮਾਰੀ ਦਾ ਅਲਰਟ
ਕੀ ਕਹਿੰਦੇ ਹਨ ਆਟਾ ਚੱਕੀ ਮਾਲਕ
ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਜਾਰੀ ਕੀਤੇ ਅਨਾਜ ਭੰਡਾਰ ਨੂੰ ਗਰੀਬਾਂ ਲਈ ਵੱਡੀ ਰਾਹਤ ਦਿੰਦੇ ਹੋਏ ਆਟਾ ਚੱਕੀ ਮਾਲਕ ਰਿੰਕੂ ਕੋਚਰ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੀ ਪਹਿਲਕਦਮੀ ਨਾਲ ਆਟੇ ਦੀਆਂ ਕੀਮਤਾਂ ਨੂੰ ਨੱਥ ਪਵੇਗੀ। ਰਿੰਕੂ ਨੇ ਕਿਹਾ ਕਿ ਪੰਜਾਬ ਵਿਚ ਸਰਗਰਮ ਅਨਾਜ ਮਾਫ਼ੀਆ ਖ਼ਿਲਾਫ਼ ਸੂਬਾ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਆਮ ਜਨਤਾ ਨੂੰ ਮਹਿੰਗਾਈ ਦੀ ਅੱਗ ਵਿਚ ਸੜਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸਲ ’ਚ ਕਣਕ ਦੀਆਂ ਕੀਮਤਾਂ ਨੂੰ ਇੰਨੀ ਅੱਗ ਨਹੀਂ ਲੱਗੀ, ਜਿੰਨੀ ਕਾਲਾਬਾਜ਼ਾਰੀ, ਮੁਨਾਫ਼ਾਖੋਰ ਅਤੇ ਮਾਫ਼ੀਆ ਵੱਲੋਂ ਸ਼ਾਰਟੇਜ ਦਿਖਾ ਕੇ ਵਪਾਰਆਂ ਕਈ ਗੁਣਾ ਜ਼ਿਆਦਾ ਰੇਟ ’ਤੇ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਆਟਾ ਚੱਕੀ ਮਾਲਕਾਂ ਜਾਂ ਵਪਾਰੀਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਜਦੋਂ ਉਨ੍ਹਾਂ ਨੂੰ ਬਾਜ਼ਾਰ ਤੋਂ ਹੀ ਕਣਕ ਵਧੀਆਂ ਕੀਮਤਾਂ ’ਤੇ ਮਿਲੇਗੀ ਤਾਂ ਇਸ ’ਚ ਚੱਕੀ ਮਾਲਕਾਂ ਦਾ ਕੋਈ ਦੋਸ਼ ਨਹੀਂ। ਰਿੰਕੂ ਨੇ ਕਿਹਾ ਕਿ ਟ੍ਰੇਡ ਵਿਚ ਕੁੱਝ ਕਾਰੋਬਾਰੀ ਗਲਤ ਹੋ ਸਕਦੇ ਹਨ ਪਰ ਇਸ ਦੇ ਨਾਲ ਪੂਰੇ ਟ੍ਰੇਡ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News