ਮਜ਼ਦੂਰਾਂ ਦੀ ਕਮੀ ਕਾਰਣ ਕਣਕ ਦੀ ਵਾਢੀ ਨਾਲ ਨਵੀਂ ਬੀਜਾਈ ਵੀ ਖਤਰੇ ''ਚ

Friday, Apr 10, 2020 - 01:23 AM (IST)

ਮਜ਼ਦੂਰਾਂ ਦੀ ਕਮੀ ਕਾਰਣ ਕਣਕ ਦੀ ਵਾਢੀ ਨਾਲ ਨਵੀਂ ਬੀਜਾਈ ਵੀ ਖਤਰੇ ''ਚ

ਚੰਡੀਗੜ੍ਹ/ਨਵੀਂ ਦਿੱਲੀ - ਲਾਕਡਾਊਨ ਦੌਰਾਨ ਮਜ਼ਦੂਰਾਂ ਦੀ ਕਮੀ ਕਾਰਣ ਫਸਲ ਖਰੀਦਦਾਰਾਂ ਲਈ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਇੰਨ੍ਹਾਂ ਹੀ ਨਹੀਂ, ਇਸ ਕਮੀ ਕਾਰਣ ਖੇਤੀ 'ਤੇ ਲੰਮੇ ਸਮੇਂ ਦੇ ਅਸਰ ਪੈਣ ਦਾ ਖਤਰਾ ਪੈਦਾ ਹੋ ਗਿਆ ਹੈ ਕਿਉਂਕਿ ਇਸ ਕਾਰਣ ਨਾ ਸਿਰਫ ਸਰਦੀਆਂ 'ਚ ਬੀਜੀ ਗਈ ਫਸਲ ਖਾਸ ਤੌਰ 'ਤੇ ਕਣਕ ਦੀ ਵਾਢੀ ਵਿਚ ਦੇਰ ਹੋ ਰਹੀ ਹੈ, ਸਗੋਂ ਅਗਲੀ ਫਸਲ ਬੀਜਣ ਦੀਆਂ ਯੋਜਨਾਵਾਂ 'ਤੇ ਵੀ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਖਰੀਦਦਾਰੀ ਤੋਂ ਇਲਾਵਾ ਮੱਧ ਪ੍ਰਦੇਸ਼, ਯੂ. ਪੀ., ਹਰਿਆਣਾ, ਪੰਜਾਬ ਤੇ ਰਾਜਸਥਾਨ ਵਿਚ ਨਰਮੇ ਅਤੇ ਗਰਮੀ ਦੀ ਮੂੰਗੀ ਦੀ ਬੀਜਾਈ ਦੀ ਸਮੱਸਿਆ ਪੈਦਾ ਹੋ ਗਈ ਹੈ। ਇੱਥੇ ਮਜ਼ਦੂਰਾਂ ਦੀ ਕਮੀ ਦੇ ਨਾਲ ਹੀ ਖਾਦਾਂ ਤੇ ਬੀਜਾਂ ਦੀ ਕਮੀ ਵੀ ਕਿਸਾਨਾਂ ਲਈ ਵੱਡੀ ਪ੍ਰੇਸ਼ਾਨੀ ਬਣ ਗਈ ਹੈ। ਖੁਦ ਉੱਤਰ ਪ੍ਰਦੇਸ਼, ਜਿੱਥੋਂ ਪੰਜਾਬ ਤੇ ਹਰਿਆਣਾ ਲਈ ਜ਼ਿਆਦਾਤਰ ਮਜ਼ਦੂਰ ਮਿਲਦੇ ਹਨ, ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਜ਼ਿਲਾ ਬਹਿਰਾਈਚ ਦੇ ਮਜ਼ਦੂਰ ਠੇਕੇਦਾਰ ਅਨੁਸਾਰ ਕੋਰੋਨਾ ਤੋਂ ਪ੍ਰਭਾਵਿਤ ਹੋਣ ਦੇ ਖਤਰੇ ਤੋਂ ਇਲਾਵਾ ਕੁਆਰੰਟਾਈਨ ਕਰ ਦਿੱਤੇ ਜਾਣ ਦੇ ਡਰੋਂ ਕੋਈ ਮਜ਼ਦੂਰ ਆਪਣੇ ਘਰ 'ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ। ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਨੂੰ ਕੰਮ ਦਾ ਨੁਕਸਾਨ ਹੋ ਰਿਹਾ ਹੈ ਪਰ ਉਹ ਆਪਣੇ ਪਿੰਡ ਵਿਚ ਹੀ ਰਹਿਣਗੇ ਅਤੇ ਸਰਕਾਰ ਤੋਂ ਜੋ ਆਰਥਿਕ ਤੇ ਹੋਰ ਮਦਦ ਮਿਲ ਰਹੀ ਹੈ, ਉਸੇ 'ਤੇ ਗੁਜ਼ਾਰਾ ਕਰ ਲੈਣਗੇ।

ਮਜ਼ਦੂਰਾਂ ਦੀ ਕਮੀ ਦੇ ਨਾਲ ਹੀ ਕਿਸਾਨ ਹਾਰਵੈਸਟਿੰਗ ਮਸ਼ੀਨਾਂ ਦੀ ਕਮੀ ਨਾਲ ਵੀ ਜੂਝ ਰਹੇ ਹਨ। ਬੁੰਦੇਲਖੰਡ ਦੇ ਇਕ ਕਿਸਾਨ ਦਾ ਕਹਿਣ ਹੈ ਕਿ ਲਾਕਡਾਊਨ ਕਾਰਣ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਕੰਬਾਈਨ ਹਾਰਵੈਸਟਰ ਮਸ਼ੀਨਾਂ ਦੀ ਗਿਣਤੀ ਵੀ ਬਹੁਤ ਘਟ ਗਈ ਹੈ। ਹਿਸਾਰ ਦੀ ਅਨਾਜ ਮੰਡੀ ਦੇ ਪ੍ਰਧਾਨ ਪਵਨ ਗਰਗ ਦਾ ਕਹਿਣਾ ਹੈ ਕਿ ਮਜ਼ਦੂਰ ਨਾ ਮਿਲਣ ਕਾਰਣ ਕਣਕ ਦੀ ਖਰੀਦਦਾਰੀ, ਸਫਾਈ ਤੇ ਪੈਕਿੰਗ ਸਾਰੇ ਕੰਮ ਰੁਕੇ ਪਏ ਹਨ। ਸਿਰਫ ਸਥਾਈ ਮਜ਼ਦੂਰ ਹੀ ਮੁਹੱਈਆ ਹਨ ਅਤੇ ਬਾਹਰਲੇ ਮਜ਼ਦੂਰਾਂ ਦਾ ਇਸ ਸੀਜ਼ਨ ਵਿਚ ਵਾਪਸ ਆ ਸਕਣਾ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਕਮੀ ਕਾਰਣ ਮਜ਼ਦੂਰੀ ਵਿਚ ਵੀ ਵਾਧਾ ਹੋ ਜਾਵੇਗਾ। ਪਹਿਲਾਂ ਜਿਹੜੇ ਮਜ਼ਦੂਰ ਰੋਜ਼ਾਨਾ 400-500 ਰੁਪਏ ਲੈਂਦੇ ਸਨ, ਹੁਣ ਉਹੀ 600-700 ਰੁਪਏ ਮੰਗਣਗੇ। ਮੱਧ ਪ੍ਰਦੇਸ਼ ਦੇ ਖੇਤੀਬਾੜੀ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਅਤੇ ਖੁਦ ਇਕ ਕਿਸਾਨ ਕੇਦਾਰ ਸਿਰੋਹੀ ਨੇ ਦੱਸਿਆ ਕਿ ਕਿਸਾਨ ਫਸਲ ਬੀਜਣ ਲਈ ਸੰਘਰਸ਼ ਕਰ ਰਹੇ ਹਨ। ਮੂੰਗੀ ਬੀਜਣ ਲਈ ਲਗਭਗ 50 ਫੀਸਦੀ ਮਜ਼ਦੂਰ ਘੱਟ ਮਿਲ ਰਹੇ ਹਨ। ਇਹ ਕੰਮ ਪਰਿਵਾਰ ਦੇ ਲੋਕ ਰਲ-ਮਿਲ ਕੇ ਪੂਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਲਾਕਡਾਊਨ ਜਾਰੀ ਰਹਿੰਦਾ ਹੈ ਤਾਂ ਮੈਨੂੰ ਫਿਕਰ ਹੈ ਕਿ ਨਰਮਾ, ਮੱਕੀ ਤੇ ਅਰਹਰ ਕਿਵੇਂ ਬੀਜੀਆਂ ਜਾਣਗੀਆਂ? ਪਪੀਤੇ ਤੇ ਸਬਜ਼ੀਆਂ ਦੀ ਬੀਜਾਈ ਵੀ ਪ੍ਰਭਾਵਿਤ ਹੋਵੇਗੀ। ਸਾਲਵੈਂਟ ਐਕਸਟ੍ਰੈਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੁਲ ਚੌਧਰੀ ਦਾ ਕਹਿਣਾ ਹੈ ਕਿ ਮਜ਼ਦੂਰਾਂ ਦੀ ਕਮੀ ਕਾਰਣ ਉਦਯੋਗਾਂ ਨੂੰ ਥੋੜ੍ਹੇ ਸਮੇਂ ਲਈ ਨੁਕਸਾਨ ਹੋਵੇਗਾ ਅਤੇ ਜੇ ਪ੍ਰਵਾਸੀ ਮਜ਼ਦੂਰ ਜੂਨ ਦੇ ਅਖੀਰ ਤਕ ਨਹੀਂ ਮੁੜਦੇ ਤਾਂ ਸਰਦ ਰੁੱਤ ਦੀ ਫਸਲ ਦੀ ਬੀਜਾਈ ਯਕੀਨੀ ਤੌਰ 'ਤੇ ਪ੍ਰਭਾਵਿਤ ਹੋਵੇਗੀ। ਇੰਡੀਆ ਕਾਟਨ ਐਸੋਸੀਏਸ਼ਨ ਦੇ ਪ੍ਰਧਾਨ ਮਹੇਸ਼ ਸ਼ਾਰਦਾ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ਵਿਚ ਬਾਰਿਸ਼ ਕਾਰਣ ਨਰਮੇ ਦੀ ਬੀਜਾਈ ਵਿਚ ਪਹਿਲਾਂ ਤੋਂ ਦੇਰ ਹੋ ਗਈ ਹੈ, ਜੋ ਇਸ ਮਹੀਨੇ ਦੇ ਅਖੀਰ ਵਿਚ ਸ਼ੁਰੂ ਹੋ ਸਕੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿਚ ਕੋਰੋਨਾ ਦਾ ਅਸਰ ਨਹੀਂ, ਉੱਥੇ ਸਰਕਾਰ ਨੂੰ ਲਾਕਡਾਊਨ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਜੋ ਬੀਜਾਈ ਦਾ ਕੰਮ ਹੋ ਸਕੇ।


author

Deepak Kumar

Content Editor

Related News