ਕਣਕ ਦੇ ਨਾੜ ਨੂੰ ਲਗਾਈ ਅੱਗ ਨਾਲ ਸੜਿਆ ਰੁੱਖ ਚਲਦੀ ਕਾਰ ’ਤੇ ਡਿੱਗਾ

Sunday, May 01, 2022 - 06:31 PM (IST)

ਕਣਕ ਦੇ ਨਾੜ ਨੂੰ ਲਗਾਈ ਅੱਗ ਨਾਲ ਸੜਿਆ ਰੁੱਖ ਚਲਦੀ ਕਾਰ ’ਤੇ ਡਿੱਗਾ

ਸਰਾਏ ਅਮਾਨਤ ਖ਼ਾਂ/ਝਬਾਲ (ਨਰਿੰਦਰ) : ਲੋਕਾਂ ਵਲੋਂ ਕਣਕ ਦੇ ਨਾੜ ਨੂੰ ਲਗਾਤਾਰ ਲਗਾਈ ਜਾ ਰਹੀ ਅੱਗ ਨਾਲ ਜਿੱਥੇ ਸੜਕਾਂ ਕਿਨਾਰੇ ਲੱਗੇ ਰੁੱਖ ਵੱਡੀ ਪੱਧਰ ’ਤੇ ਸੜ ਰਹੇ ਹਨ, ਉਥੇ ਹੀ ਬਹੁਤ ਸਾਰੇ ਪੰਛੀ ’ਤੇ ਖੇਤਾਂ ’ਚ ਰਹਿਣ ਵਾਲੇ ਜੀਵ ਵੀ ਅੱਗ ਦੀ ਲਪੇਟ ’ਚ ਆ ਰਹੇ ਹਨ, ਜੋ ਕਿ ਕੁਦਰਤ ਨਾਲ ਸ਼ਰੇਆਮ ਖਿਲਵਾੜ ਹੋ ਰਿਹਾ ਹੈ, ਪ੍ਰੰਤੂ ਪ੍ਰਸ਼ਾਸਨ ਚੁੱਪ ਧਾਰੀ ਬੈਠਾ ਹੈ। ਇਸੇ ਤਰ੍ਹਾਂ ਅੱਜ ਖੇਤਾਂ ’ਚ ਲਗਾਈ ਅੱਗ ਕਾਰਨ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਗੰਡੀਵਿੰਡ ਪਿੰਡ ਤੋਂ ਬਹਿਕ ਨੂੰ ਆਪਣੀ ਇੰਡੀਕਾ ਕਾਰ ਪੀ.ਬੀ 46 ਐੱਲ 1475 ’ਤੇ ਸਵਾਰ ਹੋ ਕੇ ਆ ਰਿਹਾ ਸੀ ਤਾਂ ਜੀ.ਟੀ ਰੋਡ ’ਤੇ ਕਿਸਾਨਾਂ ਵਲੋਂ ਕਣਕ ਦੇ ਨਾੜ ਨੂੰ ਅੱਗ ਲਗਾਈ ਹੋਣ ਕਾਰਨ ਦਰੱਖਤਾਂ ਦੇ ਤਣਿਆਂ ਨੂੰ ਵੀ ਅੱਗ ਲੱਗ ਗਈ। ਇਸ ਕਾਰਣ ਦਰੱਖਤਾਂ ਦੇ ਤਣੇ ਪੂਰੀ ਤਰ੍ਹਾਂ ਸੜ ਰਹੇ ਸਨ ਤਾਂ ਹਵਾ ਆਉਣ ਨਾਲ ਦਰੱਖਤ ਕਾਰ ਉੱਪਰ ਡਿੱਗ ਪਿਆ, ਜਿਸ ਕਾਰਨ ਕਾਰ ਦਾ ਭਾਰੀ ਨੁਕਸਾਨ ਹੋ ਗਿਆ, ਕਿਸਾਨ ਆਗੂ ਵਾਲ-ਵਾਲ ਬੱਚ ਗਿਆ। ਕਿਸਾਨ ਆਗੂ ਲਖਵਿੰਦਰ ਸਿੰਘ ਪੁੱਤਰ ਬਘੇਲ ਸਿੰਘ ਤੇ ਦਿਲਬਾਗ ਸਿੰਘ ਪੁੱਤਰ ਨਿਰੰਜਨ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਉਕਤ ਕਿਸਾਨ ਆਗੂ ਨੂੰ ਅੱਗ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

ਇਸ ਤਰ੍ਹਾਂ ਦੂਜੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਬਾਜ਼ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਰੋੜਾ ਵਾਲਾ ਅਟਾਰੀ ਅੰਮ੍ਰਿਤਸਰ ਨੇ ਦੱਸਿਆ ਕਿ ਮੈਂ ਆਪਣੇ ਡੀਲੈਕਸ ਮੋਟਰਸਾਈਕਲ ਨੰ ਪੀ.ਬੀ 46 ਪੀ 4643 ’ਤੇ ਮੇਰੀ ਪਤਨੀ ਸਪਿੰਦਰ ਕੌਰ ਤੇ ਦੋ ਲੜਕੇ ਗੁਰਸਾਹਿਲਪ੍ਰੀਤ ਸਿੰਘ ਤੇ ਗੁਰਸਾਹਿਬ ਪ੍ਰੀਤ ਸਿੰਘ ਨਾਲ ਸਵਾਰ ਹੋ ਕੇ ਅਟਾਰੀ ਤੋਂ ਤਰਨਤਾਰਨ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਗੁਰਦੁਆਰਾ ਬਾਬਾ ਬਿਧੀ ਚੰਦ ਗਹਿਰੀ ਪਹੁੰਚਿਆ ਤਾਂ ਨਾੜ ਨੂੰ ਲੱਗੀ ਅੱਗ ਸੜਕ ’ਤੇ ਆ ਕੇ ਮੇਰੇ ਮੋਟਰਸਾਈਕਲ ਨੂੰ ਲੱਗ ਗਈ। ਮੈਂ ਆਪਣਾ ਮੋਟਰਸਾਈਕਲ ਸੜਕ ’ਤੇ ਸੁੱਟ ਦਿੱਤਾ ਤੇ ਆਪਣੀ ਪਤਨੀ ਤੇ ਦੋਵਾਂ ਬੱਚਿਆਂ ਨੂੰ ਲੈ ਕੇ ਬੜੀ ਮੁਸ਼ਕਿਲ ਨਾਲ ਭੱਜ ਕੇ ਜਾਨ ਬਚਾਈ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਕੁਝ ਮਿੰਟਾਂ ਵਿਚ ਮੇਰਾ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਅਸੀਂ ਦਰਖਾਸਤ ਥਾਣਾ ਸਰਾਏ ਅਮਾਨਤ ਖਾਂ ਵਿਖੇ ਦੇ ਦਿੱਤੀ ਹੈ। ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ।


author

Gurminder Singh

Content Editor

Related News